ਮਾਨਸਾ, 19 ਅਕਤੂਬਰ :
ਜ਼ਿਲ੍ਹਾ ਮਾਨਸਾ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਆਮਦ ਪ੍ਰਕਿਰਿਆ ਹੌਲੀ ਹੌਲੀ ਤੇਜ ਹੋ ਰਹੀ ਹੈ। ਡਿਪਟੀ ਕਮਿਸ਼ਨਰ ਨਵਜੋਤ ਕੌਰ ਵੱਲੋਂ ਸਮੂਹ ਖਰੀਦ ਏਜੰਸੀਆਂ ਨੂੰ ਸਖਤ ਆਦੇਸ਼ ਦਿੱਤੇ ਗਏ ਹਨ ਕਿ ਝੋਨੇ ਦੀ ਖਰੀਦ ਨੂੰ ਨਾਲੋ ਨਾਲ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ, ਕਿਸਾਨਾਂ ਨੂੰ ਹੁਣ ਤੱਕ ਖਰੀਦੇ ਝੋਨੇ ਦੀ ਕਰੀਬ 37 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀਆਂ ਵਿੱਚ ਕੇਵਲ ਸੁੱਕਾ ਝੋਨਾ ਹੀ ਲਿਆਉਣ ਤਾਂ ਕਿ ਉਨ੍ਹਾਂ ਦੀ ਜਿਣਸ ਦੀ ਨਾਲੋ ਨਾਲ ਖਰੀਦ ਹੋ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਵਿੱਚ ਬੀਤੀ ਸ਼ਾਮ ਤੱਕ 20 ਹਜ਼ਾਰ 814 ਮੀਟਰਕ ਟਨ ਝੋਨੇ ਦੀ ਆਮਦ ਹੋਈ ਜਿਸ ਵਿਚੋਂ 17 ਹਜ਼ਾਰ 497 ਮੀਟਰਕ ਟਨ ਝੋਨਾ ਖਰੀਦਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲਿਫਟਿੰਗ ਵਿੱਚ ਵੀ ਤੇਜੀ ਲਿਆਉਣ ਦੀ ਹਦਾਇਤ ਕੀਤੀ ਗਈ ਹੈ।
