
ਨਾਨਕ ਸਿੰਘ ਖੁਰਮੀ,ਮਾਨਸਾ 2 ਨਵੰਬਰ
ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਆਗਰਾ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਲੰਮੇ ਸਮੇਂ ਤੋਂ ਮਾਨਸਾ ਦੇ ਸੁਏ ਵਾਲਾ ਫਾਟਕ T-204 ਨੂੰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ।
ਉਨ੍ਹਾਂ ਕਿਹਾ ਕਿ ਮਾਨਸਾ ਵਿੱਚ ਧਰਨਿਆਂ ਅਤੇ ਵੱਖ-ਵੱਖ ਗਤੀਵਿਧੀਆਂ ਕਾਰਨ ਟਰੈਫਿਕ ਵਧਣ ਨਾਲ ਸ਼ਹਿਰ ਦੇ ਅੰਦਰਲੇ ਰਸਤੇ ਅਕਸਰ ਬਲਾਕ ਹੋ ਜਾਂਦੇ ਹਨ। ਇਸ ਲਈ ਸੁਏ ਵਾਲਾ ਫਾਟਕ T-204 ਖੋਲ੍ਹਣਾ ਬਹੁਤ ਜ਼ਰੂਰੀ ਸੀ, ਕਿਉਂਕਿ ਇਹ ਰਸਤਾ ਸ਼ਹਿਰ ਤੋਂ ਬਾਹਰ ਜਾਣ ਵਾਲੀ ਆਵਾਜਾਈ ਨੂੰ ਨਿਯਮਤ ਕਰਨ ਅਤੇ ਟਰੈਫਿਕ ਦਾ ਦਬਾਅ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਜਤਿੰਦਰ ਆਗਰਾ ਨੇ ਦੱਸਿਆ ਕਿ ਇਸ ਸਥਾਨ ‘ਤੇ ਪਹਿਲਾਂ ਅੰਡਰ ਬ੍ਰਿਜ ਦਾ ਕੰਮ ਚੱਲ ਰਿਹਾ ਸੀ, ਪਰ ਸੁਏ ਦੇ ਟੁੱਟਣ ਕਾਰਨ ਅੰਡਰ ਬ੍ਰਿਜ ਦਾ ਕੰਮ ਵਿਚਕਾਰ ਹੀ ਰੁਕ ਗਿਆ ਸੀ। ਇਸ ਕਾਰਨ ਇਹ ਫਾਟਕ ਪਿਛਲੇ 10 ਤੋਂ 12 ਮਹੀਨਿਆਂ ਤੋਂ ਬੰਦ ਪਿਆ ਹੋਇਆ ਸੀ।ਉਨ੍ਹਾਂ ਦੱਸਿਆ ਕਿ ਇਸ ਫਾਟਕ ਨੂੰ ਖੋਲ੍ਹਣ ਦੀ ਮੰਗ ਸ਼ਹੀਦ ਪਰਵਿੰਦਰ ਸਿੰਘ ਝੋਟਾ ਜੀ ਦੇ ਪਿਤਾ ਸਰਦਾਰ ਭੀਮ ਸਿੰਘ, ਕਾਮ.ਰਾਜਵਿੰਦਰ ਰਾਣਾ ਇਸ ਵਾਰਡ ਦੇ ਕੌਂਸਲਰ ਅਸ਼ੋਕ ਸਪੋਲੀਆ ਤੇ ਡਾ. ਜਾਨਕ ਰਾਜ (ਪ੍ਰਧਾਨ IMA) ਵੱਲੋਂ ਵੀ ਕੀਤੀ ਗਈ ਸੀ। ਇਸਤੋਂ ਇਲਾਵਾ ਸ਼ਹਿਰ ਦੀਆਂ ਹੋਰ ਸਮਾਜਿਕ, ਧਾਰਮਿਕ ਅਤੇ ਵਪਾਰਕ ਐਸੋਸੀਏਸ਼ਨਾਂ ਅਤੇ ਸੰਸਥਾਵਾਂ ਵੱਲੋਂ ਵੀ ਇਸ ਫਾਟਕ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਵੱਲੋਂ ਰੇਲਵੇ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਇਸ ਫਾਟਕ ਨੂੰ ਖੁਲਵਾਉਣ ਲਈ ਲਗਾਤਾਰ ਅਤੇ ਸਕਾਰਾਤਮਕ ਯਤਨ ਕੀਤੇ ਗਏ। ਖੁਸ਼ੀ ਦੀ ਗੱਲ ਹੈ ਕਿ ਐਸੋਸੀਏਸ਼ਨ ਦੇ ਇਹ ਯਤਨ ਹੁਣ ਸਫਲ ਹੁੰਦੇ ਨਜ਼ਰ ਆ ਰਹੇ ਹਨ ਅਤੇ ਮੌਕੇ ‘ਤੇ ਫਾਟਕ ਨੂੰ ਖੋਲ੍ਹਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।ਇਸ ਸਮੇਂ ਰੇਲਵੇ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਨਵੀਨ ਕੁਮਾਰ ਦੀ ਦੇਖ-ਰੇਖ ਹੇਠ ਠੇਕੇਦਾਰ ਅਵਿਨੇਸ਼ ਕੁਮਾਰ ਵੱਲੋਂ ਕੰਮ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ। ਜਤਿੰਦਰ ਆਗਰਾ ਨੇ ਉਮੀਦ ਪ੍ਰਗਟਾਈ ਕਿ ਫਾਟਕ ਜਲਦੀ ਖੋਲ੍ਹ ਦਿੱਤਾ ਜਾਵੇਗਾ, ਜਿਸ ਨਾਲ ਮਾਨਸਾ ਸ਼ਹਿਰ ਦੀ ਟਰੈਫਿਕ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਰਾਹਤ ਮਿਲੇਗੀ ਅਤੇ ਸ਼ਹਿਰ ਵਾਸੀਆਂ ਨੂੰ ਆਉਣ-ਜਾਣ ਵਿੱਚ ਸਹੂਲਤ ਹੋਵੇਗੀ।
ਫੋਟੋ 01 ਕੈਪਸ਼ਨ-
