ਹਰਜਿੰਦਰ ਬੱਲ ਦੀ ਸ਼ਾਇਰੀ ਹਰ ਪਾਠਕ ਦੇ ਸੁਹਜ ਸੁਆਦ ਨੂੰ ਪੂਰੀ ਤਰ੍ਹਾਂ ਤ੍ਰਿਪਤ ਕਰਦੀ ਹੈ। ਸਾਰੀ ਉਮਰ ਹਾਲਾਤ ਨਾਲ਼ ਜੂਝਣ ਵਾਲ਼ਾ ਹਰਜਿੰਦਰ ਬੱਲ ਕਦੀ ਵੀ ਸਮੇਂ ਦੀਆਂ ਮਾਰਾਂ ਤੋਂ ਘਬਰਾਇਆ ਨਹੀਂ ਸਗੋਂ ਸਮੇਂ ਦੇ ਝੱਖੜਾਂ ਨਾਲ਼ ਜੂਝਦਿਆਂ ਹਰ ਵਾਰ ਜੇਤੂ ਹਾਸਾ ਲੈ ਕੇ ਹੀ ਸਾਹਮਣੇ ਆਇਆ। ਇਕ ਸ਼ਾਇਰ ਦੇ ਤੌਰ ‘ਤੇ ਅਨੇਕ ਕਲਮਕਾਰਾਂ ਦਾ ਪ੍ਰੇਰਣਾ ਸਰੋਤ ਰਿਹਾ ਪੰਜਾਬੀ ਜ਼ੁਬਾਨ ਦਾ ਉਸਤਾਦ ਸ਼ਾਇਰ ‘ਤੇ ਵਿਸ਼ਵ ਪ੍ਰਸਿੱਧ ਗੀਤਕਾਰ ਸਾਲ 2023 ਦੀ ਪਹਿਲੀ ਸਤੰਬਰ ਨੂੰ ਹੈ ਤੋਂ ਸੀ ਹੋ ਗਿਆ ਸੀ, ਮਿੱਤਰ ਤੋਂ ਚਿੱਤਰ ਹੋ ਗਿਆ ਸੀ। ਲੰਬੇ ਸਮੇਂ ਤੋਂ ਬਿਮਾਰੀ ਨਾਲ਼ ‘ਤੇ ਹਾਲਾਤ ਨਾਲ਼ ਜੂਝਦਾ ਹੋਇਆ ਹਰਜਿੰਦਰ ਬੱਲ ਅਪਣੇ ਚਾਹੁੰਣ ਵਾਲਿਆਂ ਨੂੰ ਰੋਂਦੇ ਕੁਰਲਾਉਂਦੇ ਛੱਡ ਕੇ ਕਿਸੇ ਹੋਰ ਜਹਾਨ ਦਾ ਵਾਸੀ ਹੋ ਗਿਆ ਸੀ।
ਜਿਲ੍ਹਾ ਅੰਮ੍ਰਿਤਸਰ ਦੇ ਪਿੰਡ #ਭਲਾਈਪੁਰ_ਪੂਰਬਾਂ ਵਿੱਚ ਇੱਕ ਗ਼ਰੀਬ ਕਿਸਾਨ ਪਰਿਵਾਰ ਵਿੱਚ
18 ਅਕਤੂਬਰ 1955 ਨੂੰ ਜਨਮ ਲੈਣ ਵਾਲ਼ਾ ਹਰਜਿੰਦਰ ਬੱਲ ਦੀਪਕ ਗ਼ਜ਼ਲ ਸਕੂਲ ਦਾ ਉਹ ਦੀਵਾ ਸੀ ਜੋ ਤਾ-ਉਮਰ ਸਮੇਂ ਦਿਆਂ ਝੱਖੜਾਂ ਦੀ ਪ੍ਰਵਾਹ ਕੀਤੇ ਬਗੈਰ, ਖ਼ੁਦ ਬਲ਼ ਕੇ ਹੋਰਾਂ ਨੂੰ ਰੌਸ਼ਨੀ ਦਿੰਦਾ ਰਿਹਾ। ਹਰਜਿੰਦਰ ਬੱਲ ਬਹੁਭਾਵੀ ਅਤੇ ਬਹੁ-ਦਿਸ਼ਾਈ ਸ਼ਾਇਰ ਸੀ। ਉਸ ਦੀ ਸ਼ਾਇਰੀ ਪੜ੍ਹਨ ਸੁਣਨ ਵਾਲ਼ੇ ਦੀ ਧੂਹ ਅੰਦਰ ਤੀਕ ਇਵੇਂ ਖਿੱਚ ਪਾਉਂਦੀ ਸੀ ਕਿ ਜਜ਼ਬਾਤ ਹਲੂਣੇ ਜਾਂਦੇ ਸਨ। ਮੌਜੂਦਾ ਸਮੇਂ ਚੋਟੀ ਦੇ ਗ਼ਜ਼ਲਕਾਰਾਂ ਵਿੱਚ ਉਸ ਦਾ ਬੜਾ ਉੱਚਾ ਸਥਾਨ ਸੀ ‘ਤੇ ਉਹ ਉਸਤਾਦ ਸ਼ਾਇਰ ਵਜੋਂ ਜਾਣਿਆ ਜਾਂਦਾ ਸੀ। ਪੰਜਾਬੀ ਗੀਤਕਾਰੀ ਵਿੱਚ ਉਸ ਦਾ ਨਾਮ ਪਹਿਲੀ ਕਤਾਰ ਦੇ ਗੀਤਕਾਰਾਂ ਵਿੱਚ ਸ਼ਾਮਲ ਰਿਹਾ।
ਕੁਝ ਪੰਜਾਬੀ ਅਖ਼ਬਾਰਾਂ ਲਈ ਨਿਊਜ਼ ਐਡੀਟਰ ਵਜੋਂ ਕੰਮ ਕਰਨ ਵਾਲ਼ਾ ਬੱਲ ਇਕ ਅਰਸੇ ਤੋਂ ਰਾਮਾ ਮੰਡੀ ਜਲੰਧਰ ਵਿਖੇ ਰਹਿ ਰਿਹਾ ਸੀ ‘ਤੇ ਜਲੰਧਰ ਤੋਂ ਹੀ ਉਸ ਨੇ 1997 ਵਿੱਚ ਕੁਲਦੀਪ ਸਿੰਘ ਬੇਦੀ ਅਤੇ ਸੰਗੀਤਕਾਰ ਕੁਲਜੀਤ ਅਤੇ ਜਗਦੇਵ ਸਿੰਘ ਮੋਹਨਪੁਰ ਦੇ ਸਹਿਯੋਗ ਨਾਲ਼ ਇਕ ਮਹੀਨਾਵਾਰ ਪਰਚਾ #ਮਿਊਜ਼ਿਕ_ਟਾਈਮਜ਼ ਵੀ ਪ੍ਰਕਾਸ਼ਿਤ ਕੀਤਾ ਜਿਸ ਦਾ ਉਹ ਮੁੱਖ ਸੰਪਾਦਕ ਵੀ ਸੀ। ਇਸ ਪਰਚੇ ਰਾਹੀਂ ਬੱਲ ਨੇ ਬੇਖ਼ੌਫ਼ ਪੰਜਾਬੀ ਸਾਹਿਤ ਅਤੇ ਸੰਗੀਤ ਜਗਤ ਦੀਆਂ ਕੁਰੀਤੀਆਂ, ਗਾਇਕਾਂ ਅਤੇ ਗੀਤਕਾਰਾਂ ਦੇ ਦੋਗਲੇ ‘ਤੇ ਗੰਦੇ ਕਿਰਦਾਰ, ਸੰਗੀਤਕ ਕੰਪਨੀਆਂ ਦੁਆਰਾ ਸੱਭਿਆਚਾਰ ਦੇ ਨਾਮ ‘ਤੇ ਕੀਤੀ ਜਾਂਦੀ ਲੁੱਟ ਬਾਰੇ ਲਗਾਤਾਰ ਲੇਖ ਲਿਖੇ। ਇਹ ਪਰਚਾ ਪਹਿਲੇ ਅੰਕ ਤੋਂ ਹੀ ਸ਼ੁਹਰਤ ਦੀ ਬੁਲੰਦੀ ‘ਤੇ ਪਹੁੰਚ ਗਿਆ। ਇਸ ਪਿੱਛੇ ਹਰਜਿੰਦਰ ਬੱਲ ਦੀ ਜੀ ਤੋੜ ਮਿਹਨਤ ਹੀ ਸੀ। ਇਸ ਪਰਚੇ ਵਿਚ ਮੇਰੇ ਵੀ ਕਈ ਲੇਖ ਛਪਦੇ ਰਹੇ ਜਿਨ੍ਹਾਂ ‘ਤੇ ਬੜਾ ਹਾਏ ਹੱਲਾ ਵੀ ਹੁੰਦਾ ਰਿਹਾ।ਹਰਜਿੰਦਰ ਬੱਲ ਨਾਲ਼ ਮੇਰੀ ਸਾਂਝ ਮੇਰੇ ਸਾਹਤਿਕ ਗੁਰੂ ਉਸਤਾਦ ਸ਼ਾਇਰ ਜਨਾਬ ਅਮਰਜੀਤ ਸਿੰਘ ਸੰਧੂ ਹੋਰਾਂ ਕਰ ਕੇ ਹੀ ਹੋਈ ਸੀ। ਮੇਰੇ ਗ਼ਜ਼ਲ ਸੰਗ੍ਰਹਿ #ਅਧਖਿੜੇ_ਗੁਲਾਬ ਦਾ ਮੁੱਖ ਬੰਧ ਵੀ ਬੱਲ ਸਾਹਿਬ ਨੇ ਹੀ ਲਿਖਿਆ।
ਸਰਦੂਲ ਸਿਕੰਦਰ, ਫ਼ਿਰੋਜ਼ ਖਾਨ, ਹੰਸ ਰਾਜ ਹੰਸ, ਮਾਸਟਰ ਸਲੀਮ, ਜਸਪਿੰਦਰ ਨਰੂਲਾ, ਮਾਸ਼ਾ ਅਲੀ, ਕੁਲਵਿੰਦਰ ਕੈਲੀ, ਸਤਵਿੰਦਰ ਬਿੱਟੀ ਤੇ ਸਾਬਰ ਕੋਟੀ ਤੋਂ ਇਲਾਵਾ 70 ਦੇ ਕਰੀਬ ਹੋਰ ਗਾਇਕਾਂ ਨੇ ਬੱਲ ਦੇ ਲਿਖੇ ਗੀਤ ਗਾ ਕੇ ਪ੍ਰਸਿੱਧੀ ਖੱਟੀ। ਫ਼ਿਰੋਜ਼ ਖਾਨ ਨੂੰ ਤਾਂ ਸੰਗੀਤ ਜਗਤ ਵਿਚ ਲਿਆਉਣ ਦਾ ਸਿਹਰਾ ਹੀ ਬੱਲ ਸਿਰ ਬੱਝਦਾ ਹੈ। ਸਰਦੂਲ ਸਿਕੰਦਰ ਦੁਆਰਾ ਗਾਇਆ ਬੱਲ ਦਾ ਲਿਖਿਆ ਗੀਤ ‘ਜਦੋਂ ਹੋਈ ਮੇਰੀ ਡੋਲੀ ਮਾਏਂ ਅੱਖੀਆਂ ਤੋਂ ਓਹਲੇ, ਪਿੱਛੋਂ ਵੇਖ-ਵੇਖ ਰੋਵੀਂ ਮੇਰੇ ਗੁੱਡੀਆਂ ਪਟੋਲੇ’ ਸੁਣ ਕੇ ਤਾਂ ਹਰ ਕੋਈ ਭਾਵੁਕ ਹੋ ਜਾਂਦਾ ਹੈ, ਹਰ ਅੱਖ ਨਮ ਹੋ ਜਾਂਦੀ ਹੈ।ਤੇਰੀ ਮੈਂ ਹੋ ਨਾ ਸਕੀ, ਜਦੋਂ ਦਾ ਸਾਡਾ ਦਿਲ ਟੁੱਟਿਆ, ਗੱਡੀ ਵਿੱਚ ਤੂੰ ਵੀ ਰੋਵੇਂਗੀ, ਚੇਤੇ ਆ ਹੀ ਜਾਂਦੀ ਏ, ਮਾਰੂਥਲ ਦੇ ਰੁੱਖ, ਫ਼ਸਲੀ ਬਟੇਰੇ, ਕੱਚਿਆਂ ਘਰਾਂ ਦੇ ਬਨੇਰੇ, ਅੱਜ ਸੱਜਣਾਂ ਵੇ ਮਿਲਿਆਂ ਨੂੰ ਹੋ ਗਿਆ ਜ਼ਮਾਨਾ ਅਤੇ ਓਸ ਕੁੜੀ ਦੀ ਵੀ ਕੋਈ ਮਜਬੂਰੀ ਹੋਵੇਗੀ ਆਦਿ ਉਸ ਦੇ ਕੁਝ ਹੋਰ ਅਜਿਹੇ ਗੀਤ ਹਨ ਜੋ ਬੇਹੱਦ ਮਕਬੂਲ ਰਹੇ ਅਤੇ ਹਰ ਪੰਜਾਬੀ ਸੰਗੀਤ ਪ੍ਰੇਮੀ ਦੀ ਜ਼ੁਬਾਨ ਤੇ ਚੜ੍ਹੇ।
ਪੰਜਾਬੀ ਗੀਤਕਾਰੀ ਤੇ ਗਾਇਕੀ ਜਗਤ ਦੀ ਇਹ ਬਹੁਤ ਵੱਡੀ ਤ੍ਰਾਸਦੀ ਰਹੀ ਹੈ ਕੇ ਇਕ ਅੱਧ ਗੀਤ ਵੀ ਹਿਟ ਹੋ ਜਾਣ ਤੇ ਗਾਇਕ ਦੇ ਤਾਂ ਵਾਰੇ-ਨਿਆਰੇ ਹੋ ਜਾਂਦੇ ਹਨ ਪਰ ਗੀਤਕਾਰ, ਪਰ ਫ਼ੋਕੀ ਵਾਹ-ਵਾਹ ਤੋਂ ਬਿਨਾਂ ਸ਼ਾਇਰ ਦੇ ਪੱਲੇ ਕੁਝ ਨਹੀਂ ਪੈਂਦਾ। ਬੱਲ ਨਾਲ਼ ਮੇਰੀ ਢਾਈ ਤਿੰਨ ਦਹਾਕਿਆਂ ਦੀ ਸਾਂਝ ਦੌਰਾਨ ਉਸ ਨੇ ਮੇਰੇ ਨਾਲ਼ ਕਈ ਵਾਰੀ ਇਸ ਵਰਤਾਰੇ ਬਾਰੇ ਗੱਲ ਸਾਂਝੀ ਕੀਤੀ।
ਬੱਲ ਹੋਰੀਂ ਲੰਬੇ ਸਮੇਂ ਤੋਂ ਬੀਮਾਰ ਸਨ ‘ਤੇ ਇਲਾਜ਼ ਦਾ ਖਰਚਾ ਵੀ ਥੋੜ੍ਹਾ ਨਹੀਂ ਸੀ।ਇਕ ਗੀਤਕਾਰ/ਸ਼ਾਇਰ ਹੋਣ ਦੇ ਨਾਤੇ ਮੈਂ ਇਹ ਭਲੀ-ਭਾਂਤ ਸਮਝ ਸਕਦਾ ਹਾਂ ਕਿ ਉਸ ਦੇ ਮਨ ਦੀ ਕੀ ਸਥਿਤੀ ਰਹੀ ਹੋਵੇਗੀ, ਜਦੋਂ ਉਸ ਨੂੰ ਮਜਬੂਰ ਹੋ ਕੇ ਇਹ ਸ਼ਿਅਰ ਕਹਿਣਾ ਪਿਆ ਹੋਵੇਗਾ :-
ਕਿੜ੍ਹੇ ਚੁੱਲ੍ਹੇ ‘ਚ ਡਾਹਵਾਂ ਮੈਂ,
ਉਦੋਂ ਗੀਤਾਂ ‘ਤੇ ਗ਼ਜ਼ਲਾਂ ਨੂੰ ?
ਦਵਾਈ ਵਾਸਤੇ ਜਦ ਜੇਬ ਵਿੱਚ
ਪੈਸੇ ਨਹੀਂ ਹੁੰਦੇ।
ਹਰਜਿੰਦਰ ਬੱਲ ਦੀਆਂ ਲਿਖਤਾਂ ਨੂੰ ਲੋਕਾਂ ਨੇ ਮਣਾਂ ਮੂੰਹੀ ਪਿਆਰ ਦਿੱਤਾ ‘ਤੇ ਲੋਕਾਂ ਦੇ ਪਿਆਰ ਨੂੰ ਹੀ ਉਹ ਸਭ ਤੋਂ ਵੱਡਾ ਸਨਮਾਨ ਵੀ ਕਹਿੰਦਾ ਰਿਹਾ। ਹਾਲਾਂਕਿ ਸਾਂਝਾਂ ਪਿਆਰ ਦੀਆਂ ਗਰੁੱਪ ਵਲੋਂ ਬੱਲ ਨੂੰ ਗ਼ਜ਼ਲ ਸਮਰਾਟ ਐਵਾਰਡ ਅਤੇ ਡਾ.ਅਮਿਤੋਜ਼ ਦੇ ਜੱਦੀ ਪਿੰਡ ਅਖਾੜਾ ਵਿਖੇ ਡਾ.ਅਮਿਤੋਜ਼ ਯਾਦਗਾਰੀ ਪੁਰਸਕਾਰ ਨਾਲ਼ ਵੀ ਸਨਮਾਨਿਆਂ ਗਿਆ। ਹਰਜਿੰਦਰ ਬੱਲ ਨੇ #ਸਿਸਕੀਆਂ ਅਤੇ #ਚੀਸ ਗ਼ਜ਼ਲ ਸੰਗ੍ਰਹਿ , #ਸੱਜਣਾ_ਦੂਰ_ਵਸੇਂਦਿਆ ਗੀਤ ਸੰਗ੍ਰਹਿ ਅਤੇ ਗ਼ਜ਼ਲ ਸਿੱਖਣ ਦੇ ਚਾਹਵਾਨਾਂ ਲਈ ਗ਼ਜ਼ਲ ਦੀ ਤਕਨੀਕ ਦੀ ਬਾਖ਼ੂਬੀ ਜਾਣਕਾਰੀ ਦਿੰਦੀ ਪੁਸਤਕ #ਅਰੂਜ਼_ਕੀ_ਹੈ ਵੀ ਪਾਠਕਾਂ ਦੀ ਝੋਲੀ ਪਾਈਆਂ। ਹਰਜਿੰਦਰ ਬੱਲ ਦੀ ਗ਼ਜ਼ਲ ਵਿਚ ਸ਼ੋਖ਼ੀ, ਨਖ਼ਰਾ, ਅਦਾ, ਚਿੰਤਨ, ਚਿਤਵਨ, ਤੜਪ, ਜਜ਼ਬਾਤ, ਆਪੇ ਦਾ ਪ੍ਰਗਟਾਵਾ, ਸੁਡੌਲਤਾ, ਮੁਹੱਬਤ ਦੀ ਅੱਗ ਆਦਿ ਸਾਰੇ ਗੁਣ ਹਨ। ਬੱਲ ਦੀ ਸ਼ਾਇਰੀ ਭਾਵੇਂ ਜਿਆਦਾਤਰ ਪਿਆਰ ਮੁਹੱਬਤ ਦੀ ਗੱਲ ਕਰਦੀ ਹੈ ਪਰ ਉਸ ਦੀ ਮੁਹੱਬਤ ਸਾਰੇ ਜਹਾਨ ਵਾਸਤੇ ਹੈ ‘ਤੇ ਉਸ ਦੀ ਸ਼ਾਇਰੀ ਆਮ ਜਨ ਦੀਆਂ ਨਿੱਤ ਦੀਆਂ ਮੁਸ਼ਕਿਲਾਂ, ਥੁੜ੍ਹਾਂ ਅਤੇ ਦੁਸ਼ਵਾਰੀਆਂ ਨੂੰ ਮੁਖ਼ਾਤਿਬ ਹੈ।
ਬੱਲ ਨੂੰ ਗ਼ਜ਼ਲ ਦੇ ਅਰਕਾਨ ਬਹਿਰਾਂ ਜ਼ੁਬਾਨੀ ਯਾਦ ਸਨ।
ਬੱਲ ਸਾਹਿਤ ਦੇ ਘੜੰਮ ਚੌਧਰੀਆਂ ਦੀ ਗੰਦੀ ਸਿਆਸਤ ਦਾ ਵੀ ਕਈ ਵਾਰੀ ਸ਼ਿਕਾਰ ਹੋਇਆ। ਸਾਹਿਤ ਅਕਾਦਮੀ ਨੂੰ ਹਰ ਸਾਲ ਕਰੋੜਾਂ ਦੀ ਰਾਸ਼ੀ ਮਿਲ਼ਦੀ ਹੈ ਪਰ ਉਨ੍ਹਾਂ ਨੂੰ ਵਾਰ-ਵਾਰ ਰੱਜਿਆਂ ਨੂੰ ਰਜਾਉਣ ਤੋਂ ਹੀ ਵਿਹਲ ਨਹੀਂ ਮਿਲ਼ਦੀ।ਭਾਸ਼ਾ ਵਿਭਾਗ ਪੰਜਾਬ ਨੇ ਵੀ ਕਦੀ ਬੱਲ ਬਾਰੇ ਨਹੀਂ ਸੋਚਿਆ। ਵੱਡੀਆਂ ਸਾਹਤਿਕ ਸਭਾਵਾਂ, ਵੱਡੇ ਸਾਹਿਤਕਾਰਾਂ ਅਤੇ ਸਰਕਾਰਾਂ ਨੂੰ ਲੋੜਵੰਦ ਨਾਮਵਰ ਲੇਖਕਾਂ ਦੀ ਆਰਥਿਕ ਮਦਦ ਲਈ ਯੋਗ ‘ਤੇ ਢੁੱਕਵੇਂ ਉਪਰਾਲੇ ਕਰਨ ਦੀ ਬੇਹੱਦ ਜ਼ਰੂਰਤ ਹੈ। ਆਓ ਹਰਜਿੰਦਰ ਬੱਲ ਦੀਆਂ ਦੋ ਗ਼ਜ਼ਲਾਂ ਦਾ ਪਾਠ ਕਰਦੇ ਹਾਂ।

7986207849
ਕੀ ਕਹਿੰਦੀ ਸੀ ਕੱਲ੍ਹ ਸੁਰਖੀ ਅਖ਼ਬਾਰਾਂ ਦੀ।
ਸੰਪਾਦਕ ਹਨ ਕਠਪੁਤਲੀ ਸਰਕਾਰਾਂ ਦੀ।
ਨੇਤਾ ਕਹਿੰਦੇ, “ਸਭ ਦੀ ਭੁੱਖ ਮਿਟੇਗੀ ਪਰ,
ਪਹਿਲਾਂ ਸਾਡੇ ਅਪਣੇ ਰਿਸ਼ਤੇਦਾਰਾਂ ਦੀ।”
ਪੈਰ ਤੁਹਾਡੇ ਚੁੰਮੇਗੀ, ਫਿਰ ਮੰਜ਼ਿਲ ਖ਼ੁਦ,
ਪਹਿਲਾਂ ਅਲਖ਼ ਮੁਕਾਓ ਜੇ ਰਾਹ-ਮਾਰਾਂ ਦੀ।
ਭੇਸ ਵਟਾ ਕੇ ਗੱਦੀ ‘ਤੇ ਆ ਬਹਿੰਦੀ ਹੈ,
ਮੁੜ-ਮੁੜ ਓਹੀ ਟੋਲੀ ਸ਼ਾਹੂਕਾਰਾਂ ਦੀ।
ਦਿਲ ਵਿਚ ਬਲ਼ਦੇ ਭਾਂਬੜ ਏਦਾਂ ਛਿਪਦੇ ਨਈਂ,
ਜਿੱਦਾਂ ਛਿਪਦੀ ਮਹਿਕ ਨਈਂ ਗੁਲਜ਼ਾਰਾਂ ਦੀ।
ਸੂਰੇ ਓਦੋਂ ਪਰਖੇ ਜਾਣ ਜਦੋਂ ਹੋਵੇ,
ਉਹਨਾਂ ਦੇ ਸਿਰ ਉੱਤੇ ਛਾਂ ਤਲਵਾਰਾਂ ਦੀ।
ਆਓ! ਪਹਿਲਾਂ ਮਿਲ਼ ਕੇ ਮੁਸ਼ਕਿਲ ਹਲ ਕਰੀਏ,
ਭੁੱਖੇ ‘ਤੇ ਤਨ ਤੋਂ ਨੰਗੇ ਪਰਿਵਾਰਾਂ ਦੀ।
ਸੋਨ-ਚਿੜੀ ਸੀ ਦੇਸ਼ ਮੇਰਾ ‘ਤੇ ਹੁਣ ਵੀ ਹੈ,
ਮਾਲਕ ਹੈ ਐਪਰ ਟੋਲੀ ਜ਼ਰਦਾਰਾਂ ਦੀ।
ਮਸਲੇ ਹਲ ਹੁੰਦੇ ਨਈਂ ਗੱਲਾਂ ਨਾਲ਼ ਜਦੋਂ,
ਪੈ ਜਾਂਦੀ ਹੈ ਲੋੜ ਉਦੋਂ ਤਲਵਾਰਾਂ ਦੀ।
*********************
#ਗ਼ਜ਼ਲ 2
ਆਪਣੇ ਹੀ ਦੇਸ ਪਰਦੇਸੀ ਕਹਾਵਾਂਗੇ ਅਸੀਂ।
ਕੀ ਪਤਾ ਸੀ ਹਾਦਸੇ ਇਸ ਕਦਰ ਖਾਵਾਂਗੇ ਅਸੀਂ
ਗੋਲ਼ੀਆਂ,ਲਾਸ਼ਾਂ,ਧਮਾਕੇ, ਹਰ ਤਰਫ਼ ਵੈਣਾਂ ਦੀ ਗੂੰਜ,
ਗੀਤ ਅਮਨ ਦੇ ਕਿਸ ਤਰ੍ਹਾਂ ਹੁਣ ਗੁਣ-ਗੁਣਾਵਾਂਗੇ ਅਸੀਂ।
ਜਦ ਸਵੇਰੇ ਨਿਕਲੀਏ ਘਰ ‘ਚੋਂ
ਨਹੀਂ ਹੁੰਦਾ ਯਕੀਨ,
ਸ਼ਾਮ ਨੂੰ ਅਪਣੇ ਘਰੀਂ ਫਿਰ ਪਰਤ ਆਵਾਂਗੇ ਅਸੀਂ।
ਮੁਸਕੁਰਾਹਟਾਂ ਲੁੱਟੀਆਂ ਨੇ ਇਸ ਕਦਰ ਹਾਲਾਤ ਨੇ,
ਜਾਪਦਾ ਨਈਂ ਕਿ ਕਦੇ ਹੁਣ ਮੁਸਕੁਰਾਵਾਂਗੇ ਅਸੀਂ।
ਹੋਲੀਆਂ,ਦੀਵਾਲੀਆਂ ,ਮੇਲੇ ਵਿਸਾਖੀ, ਮੱਸਿਆ,
ਰੱਬ ਜਾਣੇ! ਹੁਣ ਕਦੋਂ ‘ਕੱਠੇ ਮਨਾਵਾਂਗੇ ਅਸੀਂ।
ਦਿਲ ਦੀਆਂ ਦਿਲ ਵਿਚ ਲੁਕਾਈ ਜੀ ਰਹੇ ਹਾਂ ਦੋਸਤੋ!
ਅੱਗ ਕੱਖਾਂ ਹੇਠ ਪਰ ਕਦ ਤੱਕ ਲੁਕਾਵਾਂਗੇ ਅਸੀਂ।
ਸਭ ਸਿਤਮ ਭੁੱਲ ਜਾਣਗੇ ਭਾਵੇਂ, ਮਗਰ ਸੰਭਵ ਨਹੀਂ,
ਕਿ ‘ਚੁਰਾਸੀ’ ਦੇ ਸਿਤਮ ਵੀ ਭੁੱਲ ਜਾਵਾਂਗੇ ਅਸੀਂ।
ਭੰਗੜੇ,ਗਿੱਧੇ,ਹੁਲਾਰੇ ਪੀਂਘ ਦੇ, ਬੋਹੜਾਂ ਦੀ ਛਾਂ,
ਮੁੜ ਕੇ ਉਹ ਦਿਨ ਮੋੜ ਕੇ, ਕਿੱਥੋਂ ਲਿਆਵਾਂਗੇ ਅਸੀਂ।
ਪੈਣ ਨਾ ਦੇਵੋ ਦਿਲਾਂ ਵਿਚ ਦੂਰੀਆਂ ਜੇ ਪੈ ਗਈਆਂ,
ਫਿਰ ਦਿਲਾਂ ਚੋਂ ਦੂਰੀਆਂ ਕਿੱਦਾਂ ਮਿਟਾਵਾਂਗੇ ਅਸੀਂ।
ਕਰਫਿਊ ਹੈ ਸ਼ਹਿਰ ਤੇਰੇ, ਬੰਦ ਹੈ ਸਾਡਾ ਨਗਰ,
ਰੱਬ ਹੀ ਜਾਣੇ ਕਿਵੇਂ ਵਾਅਦਾ ਨਿਭਾਵਾਂਗੇ ਅਸੀਂ।
