ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਸੈਕਰਾਮੈਂਟੋ ਇਲਾਕੇ ਵਿੱਚ ਲਾਪਤਾ ਪੰਜਾਬੀ ਨੌਜਵਾਨ ਲੜਕੀ ਜੈਸਮੀਨ ਗਿੱਲ ਦੀ ਨਿਰਦਈ ਮੌਤ ਦੀ ਦੁਖਦਾਈ ਖ਼ਬਰ ਸ਼ੋਸਲ
ਮੀਡੀਏ ‘ਤੇ ਘੁੰਮ ਰਹੀ ਹੈ। ਇਹ ਲੜਕੀ ਪੰਜਾਬ ਸਟੂਡੈਂਟ ਯੂਨੀਅਨ ‘ਚ ਕੰਮ ਕਰਦੇ ਰਹੇ ਜਗਤਾਰ ਸਿੰਘ ਜਲਾਜਣ ( ਖੰਨਾ) ਤੇ ਡੀ ਐਮ ਸੀ ਹਸਪਤਾਲ ਦੇ ਇਤਿਹਾਸਕ ਘੋਲ ‘ਚ ਆਗੂ ਸਫਾਂ ‘ਚ ਰਹੀ ਸੁਖਵਿੰਦਰ ਕੌਰ ਰਾਣੀ ਦੀ ਧੀ ਤੇ ਕਵੀ ਪਾਸ਼ ਆਜ਼ਾਦ ਦੀ ਭੈਣ ਹੈ। ਜੈਸਮੀਨ ਗਿੱਲ ਦਾ ਅਜੇ ਢਾਈ ਸਾਲ ਪਹਿਲਾਂ ਮੋਗਾ ਨੇੜੇ ਦੇ ਪਿੰਡ ਡਾਲਾ ਦੇ ਨੌਜਵਾਨ ਗੁਰਿੰਦਰ ਗਿੱਲ ਨਾਲ ਸ਼ਾਦੀ ਹੋਈ ਸੀ। ਹੁਣ
ਉਹਨਾਂ ਕੋਲ 7 ਕੁ ਮਹੀਨੇ ਦਾ ਬੇਟਾ ਵੀ ਹੈ।
ਸ਼ੋਸਲ ਮੀਡੀਏ ਦੀਆਂ ਖਬਰਾਂ ਮੁਤਾਬਕ ਉਥੋਂ ਦੀ ਪੁਲਿਸ ਨੇ ਉਸਦੇ ਪਤੀ ਗੁਰਿੰਦਰ ਸਿੰਘ ਗਿੱਲ ਨੂੰ ਆਪਣੀ ਪਤਨੀ ਨੂੰ ਅੱਗ ਲਾ ਕੇ ਸਾੜਨ , ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਅਸੀਂ ਸੁਖਵਿੰਦਰ ਕੌਰ ਰਾਣੀ ( ਸੇਵਾ ਮੁਕਤ ਡੀ ਐਮ ਸੀ ਹਸਪਤਾਲ ਲੁਧਿਆਣਾ) ਦੇ ਗ੍ਰਹਿ ਅਜੀਤ ਨਗਰ ( ਹੈਬੋਵਾਲ ਕਲਾਂ) ਪੁੱਜ ਕੇ ਇਨਕਲਾਬੀ-ਜਮਹੂਰੀ ਲਹਿਰ ਦੇ ਅਨੇਕਾਂ ਸਾਥੀ ਤੇ ਪਰਿਵਾਰਕ ਨਜ਼ਦੀਕੀ ਹਰਜਿੰਦਰ ਸਿੰਘ, ਹਿੰਮਤ ਸਿੰਘ, ਕਸਤੂਰੀ ਲਾਲ, ਮਨਜੀਤ ਕੌਰ, ਭੂਪਿੰਦਰ ਸਿੰਘ, ਡੀ ਐਮ ਸੀ ਹਸਪਤਾਲ ਦੇ ਮੁਲਾਜਮ ਰਹੇ ਦਰਸ਼ਨ ਮੈਥਿਊ, ਪਰਮਿੰਦਰ ਸਿੰਘ,ਆਦਿ ਨੇ ਹਾਲੋਂ-ਬੇਹਾਲ ਹੋਏ ਸੁਖਵਿੰਦਰ ਕੌਰ ਰਾਣੀ , ਪਾਸ਼ ਆਜ਼ਾਦ ਸਮੁੱਚੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਦੁੱਖ ‘ਚ ਸ਼ਰੀਕ ਹੋ ਕੇ ਦੁੱਖ ਵੰਡਾਇਆ।
ਪਰਿਵਾਰ ਨੇ ਦੱਸਿਆ ਨੇ ਕਿ ਅਮਰੀਕਾ ਦੀ ਪੁਲਿਸ ਦੋਸ਼ੀ ਪਤੀ ਗੁਰਿੰਦਰ ਸਿੰਘ ਗਿੱਲ ਨੂੰ ਗ੍ਰਿਫਤਾਰ ਕਰਕੇ ਕਤਲ ‘ਚ ਸ਼ਾਮਿਲ ਬਾਕੀ ਦੋਸ਼ੀਆਂ ਦੀ ਛਾਣਬੀਣ ਕਰ ਰਹੀ ਹੈ। ਇਹਨਾਂ ਦੇ 7 ਮਹੀਨੇ ਦੇ ਬੇਟੇ ਦੀ ਦੇਖ-ਭਾਲ ਫਿਲਹਾਲ ਉਥੋਂ ਦੀ ਸਰਕਾਰ ਕਰ ਰਹੀ ਹੈ। ਮ੍ਰਿਤਕ ਜੈਸਮੀਨ ਗਿੱਲ ਦੀਆਂ ਅਸਥੀਆਂ ਨੂੰ ਵਾਪਿਸ ਇੰਡੀਆ ਲਿਆਉਣ ਲਈ ਘੱਟੋ ਘੱਟ 10-15 ਦਿਨ ਲੱਗ ਜਾਣਗੇ।
ਜੈਸਮੀਨ ਗਿੱਲ ਦੇ ਨਿਰਦਈ ਕਤਲ ਦੀ ਨਿੰਦਾ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ
ਅਮਰੀਕਾ ਅੰਦਰ ਪੰਜਾਬੀ ਭਾਈਚਾਰੇ ‘ਚ ਜ਼ੋਰਦਾਰ ਢੰਗ ਨਾਲ ਉਠ ਰਹੀ ਹੈ।ਅਮਰੀਕਾ ਸਮੇਤ ਯੂਰਪੀ ਦੇਸ਼ਾਂ ਵਿੱਚ ਲਗਾਤਾਰ ਪ੍ਰਵਾਸੀ ਭਾਰਤੀਆਂ ਖਾਸ ਕਰਕੇ ਨੌਜਵਾਨ ਲੜਕੀਆਂ ਨਾਲ ਘਰੇਲੂ ਹਿੰਸਾ, ਧੱਕੇਸ਼ਾਹੀਆਂ, ਬੇਇਨਸਾਫ਼ੀਆਂ , ਕਤਲਾਂ ਆਦਿ ਸਿਲਸਿਲਾ ਵਧ ਰਿਹਾ ਹੈ।ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਪਰੰਤੂ ਸਾਡੇ ਇਥੇ ਪੰਜਾਬ ‘ਚ ਕੋਈ ਚਰਚਾ ਨਹੀਂ।
ਇਸ ਕਰਕੇ ਸਾਨੂੰ ਸਭਨਾਂ ਚੇਤਨ ਮਜ਼ਦੂਰ, ਕਿਸਾਨ, ਮੁਲਾਜ਼ਮ, ਨੌਜਵਾਨ, ਵਿਦਿਆਰਥੀ, ਜਮਹੂਰੀ, ਇਨਸਾਫ਼ ਪਸੰਦ ਸੰਗਠਨਾਂ ਨੂੰ ਵੀ ਚਾਹੀਦਾ ਹੈ ਕਿ ਆਪੋ-ਆਪਣੇ ਚੱਲਦੇ ਸੰਘਰਸ਼ਾਂ ਦੌਰਾਨ ਸੋਗ-ਗ੍ਰਸਤ ਸੁਖਵਿੰਦਰ ਕੌਰ ਰਾਣੀ -ਪਾਸ਼ ਆਜ਼ਾਦ ਦੇ ਸਮੁੱਚੇ ਪਰਿਵਾਰ ਦੇ ਪੱਖ ‘ਚ ਸ਼ੋਕ
ਮਤਾ ਪਾ ਕੇ ਪਿੰਡ ਡਾਲਾ ( ਮੋਗਾ) ਦੇ ਵਿਆਹੀ ਧੀ ਜੈਸਮੀਨ ਗਿੱਲ ਦੇ ਪਤੀ ਗੁਰਿੰਦਰ ਸਿੰਘ ਗਿੱਲ, ਜਿਹਨਾਂ ਨੇ ਹੁਣ 30 ਸਤੰਬਰ ਤੋਂ ਲਾਪਤਾ ਹੋਣ, ਇਮੀਗ੍ਰੇਸ਼ਨ ਵਿਭਾਗ ਵੱਲੋਂ ਲਿਜਾਣ ਦਾ ਪਾਖੰਡ ਰਚ ਕੇ, ਅਮਰੀਕਾ ‘ਚ ਸਾੜ ਕੇ ਮਾਰੀ ਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ੀਆਂ ਨੂੰ ਫਿੱਟ ਲਾਹਣਤਾਂ ਪਾਉਣ, ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਨ ਦੇ ਨਾਲ- ਅਮਰੀਕਾ ਸਮੇਤ ਪੂਰੇ ਯੂਰਪੀ ਦੇਸ਼ਾਂ ਵਿੱਚ ਲਗਾਤਾਰ ਵਧ ਰਹੇ ਪ੍ਰਵਾਸੀ ਭਾਰਤੀਆਂ ਖਾਸ ਕਰਕੇ ਨੌਜਵਾਨ ਲੜਕੀਆਂ ਨਾਲ ਘਰੇਲੂ ਹਿੰਸਾ, ਧੱਕੇਸ਼ਾਹੀਆਂ, ਬੇਇਨਸਾਫ਼ੀ, ਕਤਲਾਂ ਆਦਿ ਨੂੰ ਰੋਕਣ ਤੇ ਜਾਨ-ਮਾਲ ਦੀ ਸੁਰੱਖਿਆ ਲਈ ਭਾਰਤ ਸਰਕਾਰ ਤੁਰੰਤ ਦਖਲ ਦੇਣ ਦੀ ਮੰਗ ਜੋਰਦਾਰ ਢੰਗ ਨਾਲ ਕਰਨ।
ਹਰਜਿੰਦਰ ਸਿੰਘ ਪ੍ਰਧਾਨ
ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਲੁਧਿਆਣਾ।
