ਸਰ ਸੀ. ਬੀ. ਰਮਨ
(Sir. C.V. Raman)
ਭਾਰਤ ਵਿਚ ਪ੍ਰਤਿਭਾ ਦੀ ਕਦੀ ਵੀ ਅਣਹੋਂਦ ਨਹੀਂ ਰਹੀ। ਹਰ ਯੁੱਗ ਅਤੇ ਹਰ ਕਾਲ ਵਿਚ ਇੱਥੇ ਮਹਾਨ ਪ੍ਰਤਿਭਾਵਾਨ ਚਿੰਤਕ, ਦਾਰਸ਼ਨਿਕ, ਸਾਹਿਤਕਾਰ, ਵਿਆਕਰਨਕਾਰ, ਚਕਿਤਸਾ-ਸ਼ਾਸਤਰੀ, ਅਰਥ-ਸ਼ਾਸਤਰੀ, ਰਾਜਨੀਤੀਵੇਤਾ ਅਤੇ ਵਿਗਿਆਨਕ ਹੁੰਦੇ ਆਏ ਹਨ। ਸਦੀਆਂ ਦੀ ਗ਼ੁਲਾਮੀ ਕਰਕੇ ਸਾਡਾ ਦੇਸ਼ ਭਾਵੇਂ ਕਾਫੀ ਪਛੜਿਆ ਰਿਹਾ ਹੈ, ਫਿਰ ਵੀ ਵਰਤਮਾਨ ਕਾਲ ਵਿਚ ਵੀ ਇੱਥੇ ਗਿਆਨ-ਵਿਗਿਆਨ ਦੇ ਹਰ ਖੇਤਰ ਵਿਚ ਪ੍ਰਤਿਭਾਵਾਨ ਵਿਅਕਤੀਆਂ ਦੀ ਕੋਈ ਥੁੜ੍ਹ ਨਹੀਂ ਹੈ। ਸਰ ਚੰਦਰ ਸ਼ੇਖਰ ਵੈਕਟਾਰਾਮਨ ਅਜਿਹੇ ਹੀ ਮਹਾਨ ਵਿਅਕਤੀਆਂ ਵਿੱਚੋਂ ਹੋਏ ਹਨ।
ਸਰ ਰਾਮਨ ਦਾ ਜਨਮ ਦੱਖਣ ਭਾਰਤ ਦੇ ਉੱਘੇ ਨਗਰ ਤ੍ਰਿਚਨਾਪਲੀ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਇਕ ਕਾਲਜ ਵਿਚ ਭੌਤਕੀ ਦੇ ਪ੍ਰੋਫੈਸਰ ਸਨ। ਰਾਮਨ ਬਚਪਨ ਤੋਂ ਹੀ ਪੜ੍ਹਾਈ ਲਿਖਾਈ ਵਿਚ ਬੜੇ ਹੁਸ਼ਿਆਰ ਸਨ। ਬਾਰਾਂ ਵਰਿ੍ਹਆਂ ਦੀ ਉਮਰ ਵਿਚ ਇਨ੍ਹਾਂ ਨੇ ਮੈਟ੍ਰਿਕ ਦਾ ਇਮਤਿਹਾਨ ਬੜੇ ਉੱਚੇ ਦਰਜੇ ਵਿਚ ਪਾਸ ਕੀਤਾ। ਇਨ੍ਹਾਂ ਦੇ ਪਿਤਾ ਦੀ ਇੱਛਾ ਸੀ ਕਿ ਰਾਮਨ ਨੂੰ ਉਚੇਰੀ ਵਿਦਿਆ ਲਈ ਇੰਗਲੈਂਡ ਭੇਜਿਆ ਜਾਏ ਪਰ ਰਾਮਨ ਦੀ ਸਿਹਤ ਵੱਲ ਵੇਖਦਿਆਂ ਹੋਇਆਂ ਇਨ੍ਹਾਂ ਨੂੰ ਵਿਦੇਸ਼ ਭੇਜਣਾ ਯੋਗ ਨਾ ਸਮਝਿਆ ਗਿਆ ਤੇ ਮਦਰਾਸ ਦੇ ਪ੍ਰੈਜ਼ੀਡੈਂਸੀ ਕਾਲਜ ਵਿਚ ਦਾਖ਼ਲ ਕਰਵਾ ਦਿੱਤਾ ਗਿਆ। 1907 ਵਿਚ ਰਾਮਨ ਨੇ ਭੌਤਿਕ ਵਿਗਿਆਨ ਵਿਚ ਐਮ.ਏ. ਕਰ ਲਈ। ਯੂਨੀਵਰਸਿਟੀ ਵਿਚ ਇਨ੍ਹਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸੇ ਸਾਲ ਇਨ੍ਹਾਂ ਨੇ ਆਈ.ਸੀ.ਐਸ. ਦੀ ਪ੍ਰੀਖਿਆ ਪਾਸ ਕੀਤੀ ਤੇ ਕਲਕੱਤੇ ਡਿਪਟੀ ਅਕਾਊਂਟੈਂਟ ਜਨਰਲ ਦੋ ਪਦ ’ਤੇ ਲੱਗ ਗਏ। ਪਰ ਇਨ੍ਹਾਂ ਦੀ ਅਸਲ ਰੁਚੀ ਵਿਗਿਆਨ ਵੱਲ ਸੀ। ਯੂਨੀਵਰਸਿਟੀ ਵਿਚ ਪੜ੍ਹਦਿਆਂ ਹੀ 1906 ਵਿਚ ਇਨ੍ਹਾਂ ਦਾ ਪ੍ਰਕਾਸ਼-ਵਿਵਰਤਨ (ਧਡਿਡਰੳਚਟiੋਨ) ਦੇ ਵਿਸ਼ੇ ’ਤੇ ਖੋਜ-ਪੱਤ੍ਰ ਪ੍ਰਕਾਸ਼ਤ ਹੋਇਆ ਸੀ। ਨੌਕਰੀ ਕਰਦਿਆਂ ਵੀ ਇਨ੍ਹਾਂ ਦਾ ਵਿਗਿਆਨ ਨਾਲ ਲਗਾਉ ਉਸੇ ਤਰ੍ਹਾਂ ਕਾਇਮ ਰਿਹਾ। ਉਹ ਦਫ਼ਤਰੋਂ ਆ ਕੇ ਆਪਣਾ ਬਾਕੀ ਸਮਾਂ ਇੰਡੀਅਨ ਐਸੋਸੀਏਸ਼ਨ ਫਾਰ ਕਲਟੀਵੇਸ਼ਨ ਆਫ਼ ਸਾਇੰਸ ਨਾਂ ਦੀ ਸੰਸਥਾ ਦੀ ਲੈਬਾਰਟਰੀ ਵਿਚ ਪ੍ਰਯੋਗ ਕਰਨ ਵਿਚ ਬਿਤਾਉਂਦੇ। ਉਨ੍ਹਾਂ ਦੀ ਬਹੁਤੀ ਰੁਚੀ ਭੌਤਿਕ-ਵਿਗਿਆਨ ਵਿਚ ਸੀ। ਉਨ੍ਹਾਂ ਨੇ ਸਿਵਲ ਸਰਵਿਸ ਦੀ ਨੌਕਰੀ ਛੱਡ ਦਿੱਤੀ ਤੇ ਕਲਕੱਤਾ ਯੂਨੀਵਰਸਿਟੀ ਵਿਚ ਭੌਤਕੀ ਦੇ ਪ੍ਰੋਫ਼ੈਸਰ ਦੇ ਪਦ ’ਤੇ ਕੰਮ ਕਰਨ ਲੱਗੇ। ਇੱਥੇ ਰਹਿ ਕੇ ਉਨ੍ਹਾਂ ਨੂੰ ਆਪਣਾ ਖੋਜ-ਕਾਰਜ ਜਾਰੀ ਰੱਖਣ ਵਿਚ ਬੜਾ ਸੁਖਾਲ ਹੋ ਗਿਆ।
ਸੰਨ 1921 ਵਿਚ ਉਨ੍ਹਾਂ ਨੇ ਯੂਰਪ ਦਾ ਸਫ਼ਰ ਕੀਤਾ। ਇਸ ਸਫ਼ਰ ਦੇ ਦੌਰਾਨ ਜਦੋਂ ਉਨ੍ਹਾਂ ਨੇ ਭੂ-ਮੱਧ ਸਾਗਰ ਦਾ ਚਮਕਦਾ, ਨੀਲਾ ਜਲ ਵੇਖਿਆ ਤਾਂ ਉਨ੍ਹਾਂ ਦੇ ਮਨ ਵਿਚ ਇਸ ਨੀਲਤਣ ਦਾ ਕਾਰਨ ਜਾਣਨ ਦੀ ਜਗਿਆਸਾ ਜਾਗ ਪਈ। ਦੇਸ਼ ਵਾਪਸ ਆ ਕੇ ਉਨ੍ਹਾਂ ਨੇ ਪਾਣੀ ਅਤੇ ਬਰਫ਼ ਦੇ ਪਾਰਦਰਸ਼ੀ ਢੇਲਿਆਂ ਵਿਚੋਂ ਸੂਰਜ ਦੀਆਂ ਕਿਰਨਾ ਲਘਾ ਕੇ ਕਈ ਪ੍ਰਯੋਗ ਕੀਤੇ। ਅਖ਼ੀਰ ਉਹ ਸਮੁੰਦਰ ਦੇ ਨੀਲੇ ਰੰਗ ਦਾ ਕਾਰਨ ਸਮਝਣ ਵਿਚ ਸਫਲ ਹੋ ਗਏ।
ਹੁਣ ਸਰ ਹਾਮਨ ਨੇ ਐਕਸ ਕਿਰਨਾਂ ਬਾਰੇ ਖੋਜ ਕਾਰਜ ਆਰੰਭ ਕੀਤਾ। ਉਨ੍ਹਾਂ ਨੇ ਪ੍ਰੋਫੈਸਰ ਕਾਪਟਨ ਦੇ, ਜਿਨ੍ਹਾਂ ਨੂੰ ਐਕਸ ਕਿਰਨਾਂ ਦੇ ਪ੍ਰਭਾਵ ਅਤੇ ਕਾਰਜ ਬਾਰੇ ਖੋਜ ਉੱਤੇ ਨੋਬਲ ਪ੍ਰਾਈਜ਼ ਮਿਲਿਆ ਸੀ, ਪ੍ਰਯੋਗਾਂ ਬਾਰੇ ਪੜ੍ਹਿਆ ਤਾਂ ਉਨ੍ਹਾਂ ਦੇ ਮਨ ਵਿਚ ਪ੍ਰਸ਼ਨ ਉੱਠਿਆ ਕਿ ਜਿਸ ਤਰ੍ਹਾਂ ਐਕਸ ਕਿਰਨਾਂ ਨੂੰ ਪਦਾਰਥ ਵਿੱਚੋਂ ਲੰਘਾਉਣ ਨਾਲ ਉਨ੍ਹਾਂ ਵਿਚ ਤਬਦੀਲੀ ਆ ਜਾਂਦੀ ਹੈ, ਕੀ ਪ੍ਰਕਾਸ਼ ਵਿਚ ਵੀ ਉਸ ਨੂੰ ਪਾਰਦਰਸ਼ੀ ਮਾਧਿਅਮ ਵਿੱਚੋਂ ਲੰਘਾਉਣ ਨਾਲ ਤਬਦੀਲੀ ਨਹੀਂ ਆਏਗੀ?
ਇਹ ਵਿਚਾਰ ਉਨ੍ਹਾਂ ਦੇ ਦਿਲ-ਦਿਮਾਗ਼ ਨੂੰ ਤੁੰਬਦਾ ਰਿਹਾ, ਪੇਂਜੇ ਰੂੰ ਵਾਂਗ। ਉਹ ਇਸ ਬਾਰੇ ਪ੍ਰਯੋਗ ਕਰਦੇ ਰਹੇ।
ਉਨ੍ਹਾਂ ਨੇ ਇਕ ਮਰਕਰੀ ਆਰਕ ਵਿੱਚੋਂ ਇਕ-ਰੰਗੀ ਚਾਨਣ-ਕਿਰਨ ਨੂੰ ਕੁਝ ਪਾਰਦਰਸ਼ੀ ਪਦਾਰਥਾਂ ਵਿੱਚੋਂ ਲੰਘਾਇਆ ਅਤੇ ਇਕ ਸਾਧਾਰਨ ਸਪੈਟੋਗ੍ਰਾਫ਼ ਉੱਤੇ ਪਾ ਕੇ ਉਹਦਾ ਸਪੈਕਟਰਮ ਲਿਆ। ਅਜਿਹਾ ਕਰਨ ’ਤੇ ਸਪੈਕਟਰਮ ਵਿਚ ਕੁਝ ਨਵੀਆਂ ਰੇਖਾਵਾਂ ਉਭਰ ਆਈਆਂ। ਇਸ ਨਾਲ ਉਨ੍ਹਾਂ ਦਾ ਉਤਸ਼ਾਹ ਵੱਧ ਗਿਆ। ਉਹ ਦਿਨ-ਰਾਤ ਇਕ ਕਰਕੇ ਆਪਣੇ ਪ੍ਰਯੋਗਾਂ ਵਿਚ ਜੁਟੇ ਰਹੇ। ਅਖ਼ੀਰ ਉਹ ਉਸ ਖੋਜ ਨੂੰ ਪ੍ਰਾਪਤ ਕਰਨ ਵਿਚ ਸਫਲ ਹੋ ਗਏ ਜਿਸ ਦਾ ਨਾਂ ਉਨ੍ਹਾਂ ਦੇ ਨਾਂ ਉੱਤੇ ‘ਰਾਮਨ ਪ੍ਰਭਾਵ’ ਪ੍ਰਸਿੱਧ ਹੋਇਆ। ਇਸ ਖੋਜ ਦਾ ਐਲਾਨ ਉਨਾਂ ਨੇ 16 ਮਾਰਚ, 1928 ਨੂੰ ਬੰਗਲੌਰ ਵਿਚ ਹੋਈ ਵਿਗਿਆਨਕਾਂ ਦੀ ਇਕੱਤਰਤਾ ਵਿਚ ਕੀਤਾ।
ਇਸੇ ‘ਰਾਮਨ ਪ੍ਰਭਾਵ’ ਦੀ ਖੋਜ ਲਈ ਉਨ੍ਹਾਂ ਨੂੰ 1930 ਦਾ ਨੋਬਲ ਪ੍ਰਾਈਜ਼ ਦਿੱਤਾ ਗਿਆ। ਇਸ ਨਾਲ ਉਨ੍ਹਾਂ ਦਾ ਨਾਂ ਸਾਰੀ ਦੁਨੀਆਂ ਵਿਚ ਪ੍ਰਸਿੱਧ ਹੋ ਗਿਆ। ਇਸ ਖੋਜ ਨੂੰ ਲੈ ਕੇ ਵਿਗਿਆਨਕਾਂ ਨੇ ਕਈ ਪ੍ਰਯੋਗ ਕੀਤੇ।
‘ਰਾਮਨ ਪ੍ਰਭਾਵ’ ਦਾ ਸਭ ਤੋਂ ਮਹੱਤਵਪੂਰਨ ਕਾਰਜ ਇਹ ਹੈ ਕਿ ਇਸ ਨਾਲ ਕਿਸੇ ਪਦਾਰਥ ਦੇ ਅਣੂਆਂ ਦੇ ਰਚਨਾ-ਤੱਤਾਂ ਦਾ ਪਤਾ ਲਾਇਆ ਜਾ ਸਕਦਾ ਹੈ। ਇਹ ਬੜੀ ਅਹਿਮ ਪ੍ਰਾਪਤੀ ਹੈ। ਹੁਣ ਜਦੋਂ ਲੇਸਰ (ਸੂਰਜ-ਕਿਰਨਾਂ) ਦੀ ਖੋਜ ਹੋ ਚੁੱਕੀ ਹੈ ਤਾਂ ‘ਰਾਮਨ ਪ੍ਰਭਾਵ’ ਦਾ ਮਹੱਤਵ ਹੋਰ ਵੱਧ ਗਿਆ ਹੈ।
ਨੋਬਲ ਪ੍ਰਾਈਜ਼ ਪਾ ਕੇ ਸਰ ਰਾਮਨ ਅਵੇਸਲੇ ਨਹੀਂ ਹੋ ਗਏ। ਉਨ੍ਹਾਂ ਨੇ ਨਵੀਆਂ ਖੋਜਾਂ ਵੱਲ ਧਿਆਨ ਦਿੱਤਾ। ਇਸ ਸਿਲਸਲੇ ਵਿਚ ਉਨ੍ਹਾਂ ਦੀ ਚੁੰਬਕਤਾ ਬਾਰੇ ਖੋਜ ਬੜੀ ਮਹੱਤਵ ਪੂਰਨ ਹੈ। ਇਸੇ ਪ੍ਰਕਾਰ ਸੰਗੀਤ ਦੇ ਸਾਜ਼ਾਂ ਬਾਰੇ ਉਨ੍ਹਾਂ ਨੇ ਕਈ ਖੋਜਾਂ ਕੀਤੀਆਂ।
1943 ਵਿਚ ਬੰਗਲੌਰ ਵਿਖੇ ਉਨ੍ਹਾਂ ਦੇ ਨਾਂ ’ਤੇ ਰਾਮਨ ਰੀਸਰਚ ਇਨਸਟੀਚਿਊਟ ਕਾਇਮ ਹੋਈ। ਇਸ ਸੰਸਥਾ ਦੀ ਕਾਇਮੀ ਤੋਂ ਬਾਅਦ ਉਹ ਬਾਕੀ ਦੀ ਉਮਰ ਇੱਥੇ ਹੀ ਖੋਜ-ਕਾਰਜ ਕਰਦੇ ਰਹੇ। ਉਨ੍ਹਾਂ ਦੀਆਂ ਖੋਜਾਂ ਦੇ ਸਤਿਕਾਰ ਵਜੋਂ ਉਨ੍ਹਾਂ ਨੂੰ ਲੰਡਨ ਦੀ ਰਾਇਲ ਸੁਸਾਇਟੀ ਦਾ ਫ਼ੈਲੋ ਬਣਾਇਆ ਗਿਆ। ਇਹ ਸਨਮਾਨ ਭਾਰਤੀ ਵਿਗਿਆਨੀਆਂ ਵਿੱਚੋਂ ਕੁਝ ਗਿਣਵੀਆਂ ਹਸਤੀਆਂ ਨੂੰ ਹੀ ਪ੍ਰਾਪਤ ਹੋਇਆ ਹੈ।
1970 ਵਿਚ ਬੰਗਲੌਰ ਵਿਖੇ ਇਸ ਮਹਾਨ ਵਿਗਿਆਨੀ ਦਾ ਦੇਹਾਂਤ ਹੋ ਗਿਆ।
ਸਰ ਰਾਮਨ ਦਾ ਜੀਵਨ ਮਿਹਨਤ, ਲਗਨ ਅਤੇ ਤਿਆਗ ਦਾ ਜੀਵਨ ਸੀ। ਉਨ੍ਹਾਂ ਨੇ ਮਾਨਵਤਾ ਦੀ ਸੇਵਾ ਲਈ ਉੱਚ ਸਰਕਾਰੀ ਪਦ ਦਾ ਤਿਆਗ ਕੀਤਾ ਅਤੇ ਪੂਰੀ ਲਗਨ ਤੇ ਦ੍ਰਿੜ੍ਹਤਾ ਨਾਲ ਵਿਗਿਆਨਕ ਖੋਜ ਦੇ ਕਾਰਜ ਵਿਚ ਜੁਟੇ ਰਹੇ। ਸਾਡੇ ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
Rajinder Kaur
Headmistress
Govt High school
Daad (Ludhiana)