ਸਵੇਰੇ ਖਾਲੀ ਢਿੱਡ ਸਪ੍ਰਾਊਟਸ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸਵੇਰ ਦੇ ਨਾਸ਼ਤੇ ‘ਚ ਛੋਲੇ, ਸੋਇਆਬੀਨ ਤੇ ਮੂੰਗ ਖਾਣ ਨਾਲ ਸਰੀਰ ਫਿੱਟ ਤੇ ਸਿਹਤਮੰਦ ਰਹਿੰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਦਿਨ ਭਰ ਊਰਜਾਵਾਨ ਤੇ ਤਰੋਤਾਜ਼ਾ ਮਹਿਸੂਸ ਕਰੋਗੇ। ਅਸਲ ‘ਚ ਛੋਲੇ, ਸੋਇਆਬੀਨ ਤੇ ਮੂੰਗ ‘ਚ ਮੌਜੂਦ ਪੋਸ਼ਕ ਤੱਤ ਸਰੀਰ ਨੂੰ ਊਰਜਾ ਦੇਣ ਦਾ ਕੰਮ ਕਰਦੇ ਹਨ।
ਇਸ ਤੋਂ ਇਲਾਵਾ ਇਸ ਦਾ ਲਗਾਤਾਰ ਸੇਵਨ ਕਰਨ ਨਾਲ ਸਰੀਰ ‘ਚ ਖ਼ੂਨ ਦੀ ਘਾਟ, ਢਿੱਡ ਨਾਲ ਜੁੜੀਆਂ ਬੀਮਾਰੀਆਂ ਤੇ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ।
ਛੋਲਿਆਂ ‘ਚ ਵਿਟਾਮਿਨ ਏ, ਵਿਟਾਮਿਨ ਸੀ, ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਪ੍ਰੋਟੀਨ ਵਰਗੇ ਪੋਸ਼ਕ ਤੱਤ ਕਾਫੀ ਮਾਤਰਾ ‘ਚ ਪਾਏ ਜਾਂਦੇ ਹਨ, ਜਦਕਿ ਸੋਇਆਬੀਨ ਪ੍ਰੋਟੀਨ, ਸਿਹਤਮੰਦ ਚਰਬੀ, ਕਾਰਬੋਹਾਈਡ੍ਰੇਟ, ਵਿਟਾਮਿਨ ਏ, ਵਿਟਾਮਿਨ ਬੀ, ਵਿਟਾਮਿਨ ਡੀ, ਵਿਟਾਮਿਨ ਈ, ਆਇਰਨ, ਫਾਸਫੋਰਸ, ਮੈਗਨੀਸ਼ੀਅਮ ਵਰਗੇ ਪੋਸ਼ਟਿਕ ਤੱਤਾਂ ਦਾ ਭੰਡਾਰ ਹੈ। ਇਸ ਤੋਂ ਇਲਾਵਾ ਮੂੰਗ ‘ਚ ਕਾਪਰ, ਆਇਰਨ, ਵਿਟਾਮਿਨ ਸੀ, ਫਾਈਬਰ, ਪੋਟਾਸ਼ੀਅਮ ਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਵੀ ਹੁੰਦੇ ਹਨ। ਇਨ੍ਹਾਂ ਦਾ ਇਕੱਠੇ ਸੇਵਨ ਕਰਨ ਨਾਲ ਸਰੀਰ ਨੂੰ ਕਈ ਅਨੋਖੇ ਫ਼ਾਇਦੇ ਹੁੰਦੇ ਹਨ। ਆਓ ਇਸ ਲੇਖ ‘ਚ ਵਿਸਥਾਰ ਨਾਲ ਜਾਣਦੇ ਹਾਂ, ਰੋਜ਼ਾਨਾ ਸਵੇਰੇ ਭਿੱਜੇ ਹੋਏ ਛੋਲੇ, ਸੋਇਆਬੀਨ ਤੇ ਮੂੰਗ ਖਾਣ ਦੇ ਫ਼ਾਇਦੇ।
ਛੋਲੇ, ਸੋਇਆਬੀਨ ਤੇ ਮੂੰਗ ਨੂੰ ਭਿਓਂ ਕੇ ਖਾਣ ਦੇ ਫ਼ਾਇਦੇ
ਭਿੱਜੇ ਹੋਏ ਛੋਲੇ, ਸੋਇਆਬੀਨ ਤੇ ਮੂੰਗੀ ਨੂੰ ਖਾਣ ਨਾਲ ਨਾ ਸਿਰਫ ਸਰੀਰ ਨੂੰ ਲੋੜੀਂਦੇ ਪੋਸ਼ਕ ਤੱਤ ਮਿਲਦੇ ਹਨ, ਸਗੋਂ ਇਸ ਦਾ ਸੇਵਨ ਕਈ ਗੰਭੀਰ ਬੀਮਾਰੀਆਂ ‘ਚ ਵੀ ਫ਼ਾਇਦੇਮੰਦ ਹੁੰਦਾ ਹੈ। ਸੋਇਆਬੀਨ ‘ਚ ਐਂਟੀ-ਕਾਰਸੀਨੋਜਨਿਕ ਤੇ ਐਂਟੀ-ਟੀਬੀ ਦੇ ਗੁਣ ਹੁੰਦੇ ਹਨ। ਅਨੀਮੀਆ, ਦਿਲ ਨਾਲ ਜੁੜੀਆਂ ਬੀਮਾਰੀਆਂ ਤੇ ਹਾਈ ਕੋਲੈਸਟ੍ਰੋਲ ਨੂੰ ਘੱਟ ਕਰਨ ਲਈ ਰੋਜ਼ਾਨਾ ਸਵੇਰੇ ਇਸ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਇਮਿਊਨਿਟੀ ਵਧਾਉਣ ‘ਚ ਫ਼ਾਇਦੇਮੰਦ
ਸਰੀਰ ਦੀ ਇਮਿਊਨਿਟੀ ਕਮਜ਼ੋਰ ਹੋਣ ਕਾਰਨ ਕਈ ਗੰਭੀਰ ਬੀਮਾਰੀਆਂ ਦਾ ਖ਼ਤਰਾ ਰਹਿੰਦਾ ਹੈ। ਰੋਜ਼ਾਨਾ ਸਵੇਰੇ ਛੋਲੇ, ਸੋਇਆਬੀਨ ਤੇ ਮੂੰਗ ਦਾ ਸੇਵਨ ਕਰਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਹੁੰਦੀ ਹੈ। ਇਨ੍ਹਾਂ ‘ਚ ਵਿਟਾਮਿਨ ਸੀ ਸਮੇਤ ਕਈ ਅਜਿਹੇ ਗੁਣ ਪਾਏ ਜਾਂਦੇ ਹਨ, ਜੋ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ‘ਚ ਮਦਦ ਕਰਦੇ ਹਨ।
ਸਰੀਰ ‘ਚ ਖ਼ੂਨ ਦੀ ਘਾਟ ਕਰੇ ਦੂਰ
ਅਨੀਮੀਆ ਜਾਂ ਸਰੀਰ ‘ਚ ਖ਼ੂਨ ਦੀ ਘਾਟ ਹੋਣ ‘ਤੇ ਰੋਜ਼ ਸਵੇਰੇ ਭਿੱਜੇ ਹੋਏ ਛੋਲੇ, ਸੋਇਆਬੀਨ ਤੇ ਮੂੰਗ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਨ੍ਹਾਂ ‘ਚ ਆਇਰਨ ਸਮੇਤ ਕਈ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ‘ਚ ਖ਼ੂਨ ਦੀ ਘਾਟ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ।
ਹਾਈ ਕੋਲੈਸਟ੍ਰੋਲ ‘ਚ ਫ਼ਾਇਦੇਮੰਦ
ਜੇਕਰ ਸਰੀਰ ‘ਚ ਬੈਡ ਕੋਲੈਸਟ੍ਰੋਲ ਵੱਧ ਜਾਂਦਾ ਹੈ ਤਾਂ ਤੁਹਾਨੂੰ ਦਿਲ ਨਾਲ ਸਬੰਧਤ ਗੰਭੀਰ ਬੀਮਾਰੀਆਂ ਦਾ ਖ਼ਤਰਾ ਰਹਿੰਦਾ ਹੈ। ਖ਼ਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਲਈ ਫਾਈਬਰ ਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਛੋਲੇ, ਸੋਇਆਬੀਨ ਤੇ ਮੂੰਗ ‘ਚ ਫਾਈਬਰ ਦੀ ਕਾਫੀ ਮਾਤਰਾ ਹੁੰਦੀ ਹੈ। ਰੋਜ਼ਾਨਾ ਸਵੇਰੇ ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਬੈਡ ਕੋਲੈਸਟ੍ਰੋਲ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ।
ਭਾਰ ਘਟਾਉਣ ‘ਚ ਫ਼ਾਇਦੇਮੰਦ
ਅੱਜ ਦੇ ਸਮੇਂ ‘ਚ ਅਸੰਤੁਲਿਤ ਖੁਰਾਕ ਤੇ ਭੱਜ-ਦੌੜ ਭਰੀ ਜ਼ਿੰਦਗੀ ਕਾਰਨ ਬਹੁਤ ਸਾਰੇ ਲੋਕ ਮੋਟਾਪੇ ਦੀ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਪੁੰਗਰੇ ਜਾਂ ਭਿੱਜੇ ਹੋਏ ਛੋਲੇ, ਸੋਇਆਬੀਨ ਤੇ ਮੂੰਗ ਦਾ ਰੋਜ਼ਾਨਾ ਸਵੇਰੇ ਸੇਵਨ ਕਰਨਾ ਚਾਹੀਦਾ ਹੈ। ਇਨ੍ਹਾਂ ‘ਚ ਪ੍ਰੋਟੀਨ ਤੇ ਫਾਈਬਰ ਦੀ ਕਾਫੀ ਮਾਤਰਾ ਹੁੰਦੀ ਹੈ। ਸਵੇਰੇ ਇਸ ਦਾ ਸੇਵਨ ਕਰਨ ਨਾਲ ਢਿੱਡ ਭਰਿਆ ਰਹਿੰਦਾ ਹੈ ਤੇ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ।
ਪਾਚਨ ਤੰਤਰ ਲਈ ਫ਼ਾਇਦੇਮੰਦ
ਪਾਚਨ ਤੰਤਰ ਨੂੰ ਮਜ਼ਬੂਤ ਰੱਖਣ ਲਈ ਫਾਈਬਰ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਛੋਲੇ, ਸੋਇਆਬੀਨ ਤੇ ਮੂੰਗ ਤਿੰਨਾਂ ‘ਚ ਖੁਰਾਕੀ ਫਾਈਬਰ ਦੀ ਮਾਤਰਾ ਚੰਗੀ ਹੁੰਦੀ ਹੈ। ਸਵੇਰੇ ਇਸ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਤੇ ਕਬਜ਼ ਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ‘ਚ ਇਹ ਬਹੁਤ ਫ਼ਾਇਦੇਮੰਦ ਹੈ।
ਸ਼ੂਗਰ ‘ਚ ਲਾਭਦਾਇਕ
ਡਾਕਟਰ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਖ਼ੁਰਾਕ ਦਾ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੰਦੇ ਹਨ। ਸ਼ੂਗਰ ‘ਚ ਭਿੱਜੇ ਹੋਏ ਛੋਲੇ, ਸੋਇਆਬੀਨ ਤੇ ਮੂੰਗੀ ਨੂੰ ਰੋਜ਼ ਸਵੇਰੇ ਖਾਣ ਨਾਲ ਸਰੀਰ ਸਿਹਤਮੰਦ ਤੇ ਫਿੱਟ ਰਹਿੰਦਾ ਹੈ। ਇਸ ਦਾ ਸੇਵਨ ਸਰੀਰ ‘ਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ।
ਇੰਝ ਕਰੋ ਤਿਆਰ
ਰੋਜ਼ਾਨਾ ਸਵੇਰੇ ਇਕ ਕੌਲੀ ਛੋਲੇ, ਸੋਇਆਬੀਨ ਤੇ ਮੂੰਗ ਦਾ ਸੇਵਨ ਕਰਨ ਨਾਲ ਲਾਭ ਹੁੰਦਾ ਹੈ। ਇਸ ਨੂੰ ਤਿਆਰ ਕਰਨ ਲਈ ਪਹਿਲਾਂ ਛੋਲੇ, ਸੋਇਆਬੀਨ ਤੇ ਮੂੰਗ ਨੂੰ ਬਰਾਬਰ ਮਾਤਰਾ ‘ਚ ਭਿਓਂ ਦਿਓ। ਰਾਤ ਭਰ ਭਿੱਜਣ ਤੋਂ ਬਾਅਦ ਸਵੇਰੇ ਇਨ੍ਹਾਂ ਨੂੰ ਛਾਣ ਕੇ ਸਾਫ਼ ਕਰ ਲਓ। ਹੁਣ ਇਸ ‘ਚ ਟਮਾਟਰ, ਪਿਆਜ਼, ਗਾਜਰ ਤੇ ਚੁਕੰਦਰ ਵਰਗੀਆਂ ਚੀਜ਼ਾਂ ਨੂੰ ਕੱਟ ਕੇ ਮਿਲਾਓ। ਤੁਸੀਂ ਚਾਹੋ ਤਾਂ ਇਸ ‘ਚ ਥੋੜ੍ਹਾ ਜਿਹਾ ਕਾਲਾ ਨਮਕ ਵੀ ਮਿਲਾ ਸਕਦੇ ਹੋ। ਰੋਜ਼ਾਨਾ ਸਵੇਰੇ ਨਾਸ਼ਤੇ ਦੌਰਾਨ ਇਸ ਦਾ ਸੇਵਨ ਕਰੋ।