-ਗੁਰਦੀਪ ਸਿੰਘ
ਇਹ ਦੌਰ ਥੋੜ੍ਹਚਿਰੀ ਸ਼ੌਹਰਤ ਦੈ। ਬੰਦ ਕਮਰੇ ਵਿੱਚ ਬਹਿ ਕੇ ‘ਸੋਸ਼ਲ ਮੀਡੀਆ’ ਚਲਾ ਰਿਹਾ ਬੰਦਾ ਬਿਲਕੁਲ ਵੀ ਸੋਸ਼ਲ ਨਹੀਂ। ਫੇਸਬੁੱਕ ਸੰਸਾਰ ਵਿੱਚ ਜਿਉਂ ਰਿਹਾ ਉਹ ਮੁੱਦਿਆਂ ਦੀ ਤਲਾਸ਼ ਵਿੱਚ ਐ। ਮੁੱਦਾ, ਜਿਸ ਵਿੱਚ ਭਾਵੇਂ ਗੱਲ ਕੁੱਝ ਵੀ ਨਾ ਹੋਵੇ ਪਰ ਸਨਸਨੀ ਹੋਵੇ। ਬੱਸ ਉਸਦੀ ਸਨਸਨੀ ਵਾਇਰਲ ਹੋਣ ਦੀ ਸਮਰੱਥਾ ਰੱਖਦੀ ਹੋਵੇ।
ਜਿਹੜਾ ਮਸਲਾ ਅੱਜ ਸਵੇਰ ਤੋਂ ਭਖਿਐ। ਉਹ ਹੋਣਾ ਹੀ ਨਹੀਂ ਸੀ, ਜੇਕਰ ਸਬੰਧਿਤ ਨਾਲ ਕੀਤੀ ਹੁੰਦੀ। ਪਰ ਇੱਥੇ ਤਾਂ ਮਸਲਾ ਹੀ ਮੁੱਦਾ ਮਿਲਣ ਦੈ। ਠੀਕ ਕੀ ਐ, ਗਲਤ ਕੀ ਐ, ਇਹ ਤਾਂ ਮੁੱਦਾ ਹੀ ਨਹੀਂ। ਪਿਛਲੇ ਵਰ੍ਹਿਆਂ ਤੋਂ ਕੁੱਝ ਸੁਹਿਰਦ ਦੋਸਤਾਂ ਵੱਲੋਂ ਪੈਂਤੀ ਅੱਖਰੀ ਦੇ ਪ੍ਰਚਾਰ ਲਈ ਯਤਨ ਹੋਏ ਨੇ, ਇਹ ਇਸ ਸਮੇਂ ਦੀ ਏਨੀ ਵੱਡੀ ਲੋੜ ਐ ਸ਼ਾਇਦ ਅਸੀਂ ਸੋਚ ਵੀ ਨਹੀਂ ਸਕਦੇ। ਦਫਤਰ ਜ਼ਿਲ੍ਹਾ ਭਾਸ਼ਾ ਅਫਸਰ, ਮੋਹਾਲੀ ਵੱਡੇ ਪੱਧਰ ਤੇ ਕਰ ਰਿਹੈ, ਇਹ ਖੁਸ਼ੀ ਦੀ ਗੱਲ ਐ। ਮੈਂ ਅਕਸਰ ਭਾਸ਼ਾ ਅਫਸਰਾਂ ਅਤੇ ਖੋਜ ਅਫਸਰਾਂ ਨਾਲ ਗੱਲ ਕਰਦਾ ਹਾਂ ਕਿ ਆਪਾਂ ਸਨਮਾਨ ਦੇਣ ਸਮੇਂ ਇਹ ਝੋਲੇ, ਮਫਲਰ, ਚੁੰਨੀਆਂ, ਲੋਈਆਂ ਦੇਣੀਆਂ ਸ਼ੁਰੂ ਕਰੀਏ। ਮੈਂ ਖੁਦ ਇਸ ਤਰ੍ਹਾਂ ਦੇ ਛੋਟੇ ਛੋਟੇ ਉਪਰਾਲੇ ਕਰ ਰਿਹਾ ਹਾਂ। ਇਹ ਸਮੇਂ ਦੀ ਲੋੜ ਐ, ਮੇਰੀ ਨਹੀਂ।
ਇਸ ਸਮੇਂ ਸੋਸ਼ਲ ਮੀਡੀਆ ਤੇ ਲਾਈਲੱਗ ਵਿਦਵਾਨਾਂ ਦੀ ਭਰਮਾਰ ਐ। ਇਹ ਭਰਮਾਰ ਦੇ ਟ੍ਰੈਪ ਵਿੱਚ ਸਿਆਣੇ ਵੀ ਫਸ ਜਾਂਦੇ ਨੇ। ਸਿਆਣਪ, ਟਰੈਂਡਿੰਗ ਟ੍ਰੈਪ ਵਿਚੋਂ ਨਿਕਲਕੇ ਨਵੇਂ ਸਿਰਿਓਂ ਰਾਹ ਤਲਾਸ਼ਣ ਵਿੱਚ ਹੁੰਦੀ ਐ ਪਰ ਇਹ ਟ੍ਰੈਪ ਥੋੜ੍ਹਚਿੜੀ ਸ਼ੌਹਰਤ ਦਿੰਦੈ। ਇਹ ਸ਼ੌਹਰਤ ਦੇ ਕੇ ਸਾਥੋਂ ਸਮਾਂ ਖੋਹ ਲੈਂਦੈ। ਅਜਿਹੇ ਜੋਨ ਵਿੱਚ ਲੈ ਜਾਂਦੇ ਜਿੱਥੇ ਸੁਪਨਮਈ ਸੰਸਾਰ ਐ। ਇਹ ਸੰਸਾਰ ਸਾਡੇ ਸਵੈ ਨੂੰ ਅੰਤਿਮ ਅਥਾਰਿਟੀ ਵਿੱਚ ਬਦਲ ਦਿੰਦੈ। ਇਨੀਂ ਦਿਨੀਂ ਸਿਰਫ ਅੰਤਿਮ ਅਥਾਰਿਟੀ ਹੀ ਸਾਨੂੰ ਮੁੱਦੇ ਤੋਂ ਦੂਰ ਕਰ ਰਹੀ ਐ ਤੇ ਸਨਸਨੀ ਦੇ ਨੇੜੇ ਕਰ ਰਹੀ ਐ।
ਜਦੋਂ ਅਸੀਂ ਇਹ ਕਹਿਕੇ ਵੀ ਪੋਸਟ ਸਾਂਝੀ ਕਰ ਰਹੇ ਆਂ ਕਿ ਇਹ ਸ਼ਰਾਰਤ ਹੋ ਸਕਦੀ ਐ ਤਾਂ ਅਸੀਂ ਉਛਾਲ ਦੇ ਰਹੇ ਆਂ। ਮੈਨੂੰ ਲੱਗਦੈ ਇਹ ਸਿਆਣਪ ਨਹੀਂ। ਸਿਆਣਪ ਇਹ ਸੀ ਕਿ ਇਸ ਮਸਲੇ ਤੇ ਅਸੀਂ ਉੱਥੋਂ ਦੇ ਅਧਿਕਾਰੀਆਂ ਨਾਲ ਗੱਲ ਕਰਦੇ। ਅਸਲ ਵਿੱਚ ਇਸ ਦੌਰ ਨੇ ਬੰਦਿਆਂ ਅੰਦਰ ਕਾਹਲ ਏਨੀ ਭਰ ਦਿੱਤੀ ਐ ਕਿ ਉਹ ਸਮਝਦੇ ਹਨ ਕਿ ਸਭ ਤੋਂ ਪਹਿਲਾ ਇਹ ਗੱਲ ਮੈਂ ਦੱਸਾਂ। ਧਿਆਨ ਰੱਖਣ ਆਲੀ ਗੱਲ ਇਹ ਐ ਕਿ ਸੋਸ਼ਲ ਮੀਡੀਆ ਤੇ ਸਨਸਨੀ ਵਾਲੀਆਂ ਗੱਲਾਂ ਦੀ ਕਿਸੇ ਨੇ ਇਤਿਹਾਸਕਾਰੀ ਨਹੀਂ ਕਰਨੀ ਕਿ ਤੁਹਾਡਾ ਸਨਸਨੀ ਫੈਲਾਉਣ ਵਾਲੇ ਮੋਢੀਆਂ ਵਿੱਚ ਨਾਮ ਆਵੇਗਾ। ਸ਼ਾਇਦ ਇਹ ਸਨਸਨੀ ਫੈਲਾਉਣ ਵਾਲੇ ਇਸ ਭਰਮ ਵਿੱਚ ਵੀ ਜਿਉਂਦੇ ਹੋਣ ਕਿ ਖਬਰੈ ਏ. ਆਈ. ਦੇ ਦੌਰ ਵਿੱਚ ਇਸ ਦੀ ਇਤਿਹਾਸਕਾਰੀ ਹੋ ਜਾਵੇ। ਤੇ ਅਸੀਂ ਪੰਜਾਬੀ ਦੇ ਪਹਿਲੇ………।
ਇਸ ਦੌਰ ਵਿੱਚ ਅਸੀਂ ਸਾਰੇ ਆਪਣੇ ਆਪਣੇ ਸਿਧਾਂਤ ਵਿੱਚੋਂ ਮਸਲਿਆਂ ਨੂੰ ਸਮਝਦੇ ਆਂ। ਸੁਭਾਵਿਕ ਹੈ ਸਾਡੇ ਸਿਧਾਂਤਾਂ ਵਿਚ ਹਰ ਮੁੱਦੇ ਦਾ ਸਿੱਟਾ ਵੀ ਵੱਖਰਾ ਹੋਵੇਗਾ। ਸੋਸ਼ਲ ਮੀਡੀਆ ਤੇ ਆਇਆ ਮੁੱਦੇ ਟ੍ਰੋਲ ਹੁੰਦੈ। ਇਸ ਟ੍ਰੋਲ ਦੀ ਆਪਣੀ ਭਾਸ਼ੈ, ਜੋ ਸੋਸ਼ਲ ਨਹੀਂ। ਜਦੋਂ ਕੋਈ ਮੁੱਦਾ ਟ੍ਰੋਲ ਦੀ ਭਾਸ਼ਾ ਤੱਕ ਚਲਾ ਜਾਂਦੈ ਉੱਥੇ ਸੰਵਾਦ, ਵਿਵਾਦ ਵਿਚ ਬਦਲ ਜਾਂਦੈ। ਅਜਿਹੀ ਸਥਿਤੀ ਵਿੱਚ ਭਾਸ਼ਾ ਦੀ ਹਿੰਸਾ ਸਾਹਮਣੇ ਆਉਂਦੀ ਐ। ਜਦੋਂ ਭਾਸ਼ਾ ਹਿੰਸਕ ਹੋ ਜਾਂਦੀ ਐ, ਮੁੱਦਾ ਸੱਤਾ ਦੇ ਪੱਖ ਵਿੱਚ ਚਲਾ ਜਾਂਦੈ। ਇਸ ਸਮੇਂ ਥੋੜ੍ਹੇ ਸਿਆਣੇ ਬੰਦੇ ਸਰੋਤ ਲੱਭਦੇ ਨੇ। ਸੋਸ਼ਲ ਮੀਡੀਆ ਅਜਿਹਾ ਮਾਧਿਅਮ ਬਣ ਗਿਐ ਕਿ ਇੱਥੇ ਮੂਲ ਸਰੋਤ ਦੇ ਮੁਕਾਬਲਤਨ ਫੇਕ ਸਰੋਤ ਵੱਧ ਮਿਲਦੇ ਨੇ। ਅਜਿਹੀ ਸਥਿਤੀ ਵਿੱਚ ਬਹਿਸਾਂ ਨਵੇਂ ਰਾਹ ਤੁਰਦੀਆਂ ਨੇ।
ਇਸ ਦਫ਼ਤਰ ਨੇ ਹਜ਼ਾਰਾਂ ਦੀ ਗਿਣਤੀ ਵਿਚ ਇਹ ਝੋਲੇ ਵੰਡੇ ਨੇ, ਮੈਨੂੰ ਲੱਗਦੈ ਇਸ ਦਫ਼ਤਰ ਨੇ ਜਿੰਨੇ ਝੋਲੇ ਵੰਡੇ ਹਨ, ਬਾਕੀ ਅਸੀਂ ਸਾਰਿਆਂ ਨੇ ਅੱਧੇ ਵੀ ਨਹੀਂ ਵੰਡੇ। ਸਾਨੂੰ ਦੂਜਿਆਂ ਦੀ ਲਕੀਰ ਕੱਟਣ ਦੀ ਥਾਂ ਉਸਦੇ ਬਰਾਬਰ ਉਸਤੋਂ ਵੱਡੀ ਲਕੀਰ ਖਿੱਚਣੀ ਪੈਣੀ ਐ।