ਏਡੀਸੀ ਕ੍ਰਿਤਿਕਾ ਗੋਇਲ ਨੇ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਣ ਲਈ ਚੋਕਸੀ ਵਧਾਉਣ ਅਤੇ ਸਬਸਿਡੀ ਵਾਲੀ ਮਸ਼ੀਨਰੀ ਸਮੇਂ ਸਿਰ ਮੁਹੱਈਆ ਕਰਵਾਉਣ ਦੇ ਦਿੱਤੇ ਆਦੇਸ਼
ਨਾਨਕ ਸਿੰਘ ਖੁਰਮੀ,ਮਾਨਸਾ, 6 ਨਵੰਬਰ:
ਪਰਾਲੀ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਅਤੇ ਝੋਨੇ ਦੇ ਸੀਜ਼ਨ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਦੇ ਮਕਸਦ ਨਾਲ ਵਧੀਕ ਡਿਪਟੀ ਕਮਿਸ਼ਨਰ ਕ੍ਰਿਤਿਕਾ ਗੋਇਲ ਵੱਲੋਂ ਖੇਤੀਬਾੜੀ ਵਿਕਾਸ ਅਫਸਰਾਂ ਅਤੇ ਕਲੱਸਟਰ ਅਫਸਰਾਂ ਨਾਲ ਇੱਕ ਵਿਸ਼ੇਸ਼ ਸਮੀਖਿਆ ਮੀਟਿੰਗ ਕੀਤੀ ਗਈ। ਜ਼ਿਲ੍ਹਾ ਪ੍ਰੀਸ਼ਦ ਵਿਖੇ ਹੋਈ ਮੀਟਿੰਗ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ‘ਤੇ ਚੋਕਸੀ ਵਧਾਉਣ ਅਤੇ ਪਿੰਡਾਂ ਵਿੱਚ ਲਗਾਤਾਰ ਜਾਗਰੂਕਤਾ ਮੁਹਿੰਮਾਂ ਚਲਾਉਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ। ਏਡੀਸੀ ਕ੍ਰਿਤਿਕਾ ਗੋਇਲ ਨੇ ਆਦੇਸ਼ ਦਿੱਤੇ ਕਿ ਸਰਕਾਰ ਵੱਲੋਂ ਪਰਾਲੀ ਦੇ ਨਿਪਟਾਰੇ ਲਈ ਸਬਸਿਡੀ ‘ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਬਿਨਾਂ ਕਿਸੇ ਦੇਰੀ ਦੇ ਸਮੇਂ ਸਿਰ ਲੋੜਵੰਦ ਕਿਸਾਨਾਂ ਤੱਕ ਪਹੁੰਚਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਸ਼ੀਨਰੀ ਪ੍ਰਾਪਤੀ ਵਿੱਚ ਕੋਈ ਪ੍ਰਸ਼ਾਸਨਿਕ ਔਕੜ ਨਹੀਂ ਆਉਣੀ ਚਾਹੀਦੀ, ਤਾਂ ਜੋ ਉਹ ਖੇਤਾਂ ਵਿੱਚ ਹੀ ਰਹਿੰਦ ਖੂਹੰਦ ਦੀ ਸਾਂਭ-ਸੰਭਾਲ ਕਰ ਸਕਣ।ਉਹਨਾਂ ਸਪੱਸ਼ਟ ਕੀਤਾ ਕਿ ਪਰਾਲੀ ਸਾੜਨ ਦੀ ਰੋਕਥਾਮ ਲਈ ਅਤੇ ਮਸ਼ੀਨਰੀ ਵੰਡ ਦੀ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਢਿੱਲ-ਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਫੀਲਡ ਸਟਾਫ਼ ਨੂੰ ਨਿਰਦੇਸ਼ ਦਿੱਤੇ ਕਿ ਅਧਿਕਾਰੀ ਆਪੋ-ਆਪਣੇ ਖੇਤਰਾਂ ਵਿੱਚ ਖੇਤਾਂ ਤੱਕ ਪਹੁੰਚ ਕਰਕੇ ਕਿਸਾਨਾਂ ਨਾਲ ਲਗਾਤਾਰ ਰਾਬਤਾ ਅਤੇ ਤਾਲਮੇਲ ਬਣਾ ਕੇ ਰੱਖਣ। ਅਧਿਕਾਰੀਆਂ ਨੂੰ ਹਰ ਪਿੰਡ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੁੰਦੇ ਵਾਤਾਵਰਨ ਅਤੇ ਜ਼ਮੀਨੀ ਉਪਜਾਊ ਸ਼ਕਤੀ ਦੇ ਨੁਕਸਾਨ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਤਕਨੀਕੀ ਮਾਰਗਦਰਸ਼ਨ ਦੇਣ ਲਈ ਵੀ ਕਿਹਾ ਗਿਆ।
ਫੋਟੋ 9 ਕੈਪਸ਼ਨ ਮਾਨਸਾ ਚ ਮੀਟਿੰਗ ਦੌਰਾਨ ਏਡੀਸੀ ਮਾਨਸਾ ।
