ਅਕਾਲੀ-ਭਾਜਪਾ ਗੱਠਜੋੜ ਦੀਆਂ ਸੰਭਾਵਨਾਵਾਂ ਵਿਚਾਲੇ ਜਗਦੀਪ ਸਿੰਘ ਨੱਕਈ ਨੇ ਮਾਨਸਾ ਨੂੰ ਭਾਜਪਾ ਦੇ ਰੰਗ ਵਿੱਚ ਰੰਗਿਆ, ਹਾਈਕਮਾਂਡ ਦੇ ਕਰੀਬੀ, ਮਿਹਨਤੀ ਤੇ ਪੜ੍ਹੇ-ਲਿਖੇ ਆਗੂ ਜਗਦੀਪ ਸਿੰਘ ਨੱਕਈ ਦੀ ਦਾਅਵੇਦਾਰੀ ਹੋਈ ਮਜ਼ਬੂਤ
ਹਜ਼ਾਰਾਂ ਬੈਨਰਾਂ ਨੇ ਛੇੜੀ ਨਵੀਂ ਸਿਆਸੀ ਚਰਚਾ
ਨਾਨਕ ਸਿੰਘ ਖੁਰਮੀ,ਮਾਨਸਾ 4 ਨਵੰਬਰ
ਪੰਜਾਬ ਦੀ ਸਿਆਸਤ ਵਿੱਚ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸੇ ਦੌਰਾਨ ਮਾਨਸਾ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਆਗੂ ਜਗਦੀਪ ਸਿੰਘ ਨੱਕਈ ਦੀਆਂ ਸਰਗਰਮੀਆਂ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ। ਅਕਾਲੀ-ਭਾਜਪਾ ਗੱਠਜੋੜ ਦੀਆਂ ਸੰਭਾਵਨਾਵਾਂ ਦੀ ਚਰਚਾ ਸ਼ੁਰੂ ਹੁੰਦਿਆਂ ਹੀ ਜਗਦੀਪ ਸਿੰਘ ਨੱਕਈ ਦੀ ਟੀਮ ਵੱਲੋਂ ਹਲਕੇ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਭਾਜਪਾ ਦੇ ਝੰਡੇ ਅਤੇ ਬੈਨਰ ਲਗਾ ਕੇ ਉਨ੍ਹਾਂ ਦੀ ਦਾਅਵੇਦਾਰੀ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਮਾਨਸਾ ਸ਼ਹਿਰ, ਭੀਖੀ ਅਤੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਨੱਕਈ ਦੇ ਨਾਮ ਵਾਲੇ ਬੈਨਰਾਂ ਦੀ ਭਰਮਾਰ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਜ਼ੋਰ ਫੜ ਰਹੀ ਹੈ ਕਿ ਜੇਕਰ ਅਕਾਲੀ-ਭਾਜਪਾ ਗੱਠਜੋੜ ਸਿਰੇ ਚੜ੍ਹਦਾ ਹੈ ਤਾਂ ਮਾਨਸਾ ਵਿਧਾਨ ਸਭਾ ਸੀਟ ਭਾਜਪਾ ਦੇ ਹਿੱਸੇ ਆ ਸਕਦੀ ਹੈ ਅਤੇ ਅਜਿਹੀ ਸਥਿਤੀ ਵਿੱਚ ਜਗਦੀਪ ਸਿੰਘ ਨੱਕਈ ਦੀ ਉਮੀਦਵਾਰੀ ਨੂੰ ਮਜ਼ਬੂਤ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ। ਹਾਈਕਮਾਂਡ ਦੇ ਨਜ਼ਦੀਕੀ, ਇਮਾਨਦਾਰ, ਮਿਹਨਤੀ ਅਤੇ ਪੜ੍ਹੇ-ਲਿਖੇ ਆਗੂ ਵਜੋਂ ਪਛਾਣ ਰੱਖਣ ਵਾਲੇ ਜਗਦੀਪ ਸਿੰਘ ਨੱਕਈ ਲੰਮੇ ਸਮੇਂ ਤੋਂ ਮਾਨਸਾ ਹਲਕੇ ਵਿੱਚ ਸਰਗਰਮ ਹਨ। ਉਹ ਪਹਿਲਾਂ ਪੰਜਾਬ ਸਰਕਾਰ ਵਿੱਚ ਸੰਸਦੀ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਦੀ ਟੀਮ ਵੱਲੋਂ ਕੀਤੀ ਜਾ ਰਹੀ ਇਸ ਵੱਡੀ ਪੱਧਰ ਦੀ ਪ੍ਰਚਾਰ ਮੁਹਿੰਮ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ਼ਕਤੀ ਪ੍ਰਦਰਸ਼ਨ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਹਲਕੇ ਵਿੱਚ ਇਹ ਚਰਚਾ ਵੀ ਤੇਜ਼ ਹੋ ਗਈ ਹੈ ਕਿ ਸੰਭਾਵੀ ਅਕਾਲੀ-ਭਾਜਪਾ ਸਮਝੌਤੇ ਤਹਿਤ ਜੇਕਰ ਮਾਨਸਾ ਸੀਟ ਭਾਜਪਾ ਦੇ ਹਿੱਸੇ ਆਉਂਦੀ ਹੈ ਤਾਂ ਨੱਕਈ ਦੀ ਟਿਕਟ ਲਗਭਗ ਤੈਅ ਮੰਨੀ ਜਾ ਸਕਦੀ ਹੈ। ਹਾਲਾਂਕਿ ਇਸ ਸਬੰਧੀ ਪਾਰਟੀ ਹਾਈਕਮਾਂਡ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਜਗਦੀਪ ਸਿੰਘ ਨੱਕਈ ਦਾ ਕਹਿਣਾ ਹੈ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਫਿਲਹਾਲ ਮਾਨਸਾ ਵਿੱਚ ਲੱਗੇ ਹਜ਼ਾਰਾਂ ਬੈਨਰਾਂ ਨੇ ਸਿਆਸੀ ਮਾਹੌਲ ਵਿੱਚ ਨੱਕਈ ਦੀ ਦਾਅਵੇਦਾਰੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।
ਫੋਟੋ 03 ਕੈਪਸ਼ਨ- ਨੱਕਈ ਨੇ ਮਾਨਸਾ ਨੂੰ ਭਾਜਪਾ ਦੇ ਰੰਗ ਵਿੱਚ ਰੰਗਿਆ।
