ਨਾਨਕ ਸਿੰਘ ਖੁਰਮੀ,ਮਾਨਸਾ 4 ਨਵੰਬਰ
ਡੀ.ਏ.ਵੀ. ਸੈਂਟ. ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਾਨਸਾ ਵਿਖੇ ਪੰਜਾਬ ਰਾਜ ਦਿਵਸ ਬੜੇ ਉਤਸ਼ਾਹ ਅਤੇ ਮਾਣ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ, ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਅਮੀਰ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਵੱਖ-ਵੱਖ ਰਚਨਾਤਮਕ ਅਤੇ ਗਿਆਨਵਰਧਕ ਗਤੀਵਿਧੀਆਂ ਕਰਵਾਈਆਂ ਗਈਆਂ।ਸਮਾਗਮ ਦਾ ਆਯੋਜਨ ਪੰਜਾਬੀ ਅਧਿਆਪਕਾਵਾਂ ਬਲਜਿੰਦਰ ਕੌਰ, ਕਵਿਤਾ ਰਾਣੀ, ਹਰਪ੍ਰੀਤ ਸਿੰਘ ਤੇ ਭਾਗੇਸ਼ਵਰੀ ਵੱਲੋਂ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਪੂਰੇ ਉਤਸ਼ਾਹ ਅਤੇ ਲਗਨ ਨਾਲ ਇਨ੍ਹਾਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨਵੰਬਰ, 1966 ਦੇ ਇਤਿਹਾਸਕ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਪੰਜਾਬ ਰਾਜ ਦੇ ਗਠਨ, ਪੰਜਾਬੀ ਭਾਸ਼ਾ ਦੀ ਮਹੱਤਤਾ ਅਤੇ ਪੰਜਾਬ ਦੀਆਂ ਸ਼ਾਨਾਮੱਤੀਆਂ ਪਰੰਪਰਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਦਾ ਸਤਿਕਾਰ ਕਰਨ ਅਤੇ ਆਪਣੇ ਸੱਭਿਆਚਾਰ ਤੇ ਵਿਰਸੇ ਨੂੰ ਸੰਭਾਲ ਕੇ ਰੱਖਣ ਲਈ ਪ੍ਰੇਰਿਤ ਕੀਤਾ।ਸਮਾਗਮ ਦੌਰਾਨ ਸਾਹਿਤ ਸਿਰਜਣਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਕਵਿਤਾ ਅਤੇ ਕਹਾਣੀ ਲੇਖਣ ਰਾਹੀਂ ਆਪਣੀ ਸਿਰਜਣਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ ਸੱਤਵੀਂ ਜਮਾਤ ਦੀ ਲੀਸ਼ਾ ਨੇ ਕਵਿਤਾ ਲੇਖਣ ਵਿੱਚ ਪਹਿਲਾ ਸਥਾਨ, ਮਨਵੀਰ ਸਿੰਘ ਸੋਢੀ ਨੇ ਕਹਾਣੀ ਲੇਖਣ ਵਿੱਚ ਦੂਜਾ ਸਥਾਨ ਅਤੇ ਰਾਖੀ ਨੇ ਕਵਿਤਾ ਲੇਖਣ ਵਿੱਚ ਤੀਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਛੇਵੀਂ ਜਮਾਤ ਦੀ ਅਨਮੋਲਪ੍ਰੀਤ ਕੌਰ ਨੇ ਪਹਿਲਾ, ਗੁਰਮਨ ਸਿੰਘ ਨੇ ਦੂਜਾ ਅਤੇ ਗੁਰਯਸ਼ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦਿਆਰਥੀਆਂ ਨੇ ਆਪਣੇ ਸੁੰਦਰ ਪੋਸਟਰਾਂ ਰਾਹੀਂ ਪੰਜਾਬ ਦੇ ਸੱਭਿਆਚਾਰ, ਵਿਰਸੇ ਅਤੇ ਮਾਤ ਭਾਸ਼ਾ ਪ੍ਰਤੀ ਆਪਣੇ ਪਿਆਰ ਨੂੰ ਰੰਗਾਂ ਦੇ ਮਾਧਿਅਮ ਨਾਲ ਬਾਖੂਬੀ ਦਰਸਾਇਆ।ਅੰਤ ਵਿੱਚ ਇਹ ਸਮਾਗਮ ਵਿਦਿਆਰਥੀਆਂ ਲਈ ਬੇਹੱਦ ਦਿਲਚਸਪ, ਪ੍ਰੇਰਨਾਦਾਇਕ ਅਤੇ ਆਨਵਰਧਕ ਸਾਬਤ ਹੋਇਆ। ਇਸ ਸਮਾਗਮ ਨੇ ਸਾਰਿਆਂ ਦੇ ਮਨਾਂ ਵਿੱਚ ਆਪਣੀ ਮਾਤ ਭੂਮੀ, ਮਾਤ ਭਾਸ਼ਾ ਅਤੇ ਅਮੀਰ ਪੰਜਾਬੀ ਵਿਰਸੇ ਪ੍ਰਤੀ ਸਤਿਕਾਰ, ਮਾਣ ਅਤੇ ਮਾਣਮੱਤੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।ਅੰਤ ਚ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਫੋਟੋ 01 ਕੈਪਸ਼ਨ- ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਮੁਖੀ।
