- 131 ਹੋਏ ਇੰਤਕਾਲ ਤੇ 63 ਸ਼ਿਕਾਇਤਾਂ ਦਾ ਕੀਤਾ ਨਿਪਟਾਰਾ
–ਕੈਂਪਾਂ ਚ ਐਸ.ਜੀ.ਪੀ.ਸੀ. ਦੀਆਂ ਨਵੀਂਆਂ ਵੋਟਾਂ ਬਣਾਉਣ ਸਬੰਧੀ ਵੀ ਭਰਵਾਏ ਜਾ ਰਹੇ ਹਨ ਫਾਰਮ
8 ਫਰਵਰੀ (ਗਗਨਦੀਪ ਸਿੰਘ) ਬਠਿੰਡਾ: ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ “ਆਪ ਦੀ ਸਰਕਾਰ ਆਪ ਦੇ ਦੁਆਰ” ਮੁਹਿੰਮ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਤੇ ਲਗਾਏ ਜਾ ਰਹੇ ਕੈਂਪਾਂ ਦਾ ਆਮ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਜ਼ਿਲ੍ਹੇ ਦੀਆਂ 4 ਸਬ-ਡਵੀਜ਼ਨਾਂ ਦੇ ਵੱਖ-ਵੱਖ ਪਿੰਡਾਂ/ਵਾਰਡਾਂ ਚ ਲਗਾਏ ਕੈਂਪਾਂ ਦੌਰਾਨ ਤੀਸਰੇ ਦਿਨ ਜਿੱਥੇ 659 ਲਾਭਪਾਤਰੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਦਾ ਲਾਹਾ ਲਿਆ ਉੱਥੇ ਹੀ 131 ਇੰਤਕਾਲ ਹੋਏ ਹਨ। ਇਸ ਤੋਂ ਇਲਾਵਾ ਕੈਂਪਾਂ ਦੌਰਾਨ 63 ਸ਼ਿਕਾਇਤਾਂ ਦਾ ਵੀ ਮੌਕੇ ਤੇ ਨਿਪਟਾਰਾ ਕੀਤਾ ਗਿਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੋਗ ਲੋੜਵੰਦਾ ਤੱਕ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਸ਼ੁਰੂ ਕੀਤੀ ਯੋਜਨਾ ‘ਆਪ ਦੀ ਸਰਕਾਰ ਆਪ ਦੇ ਦੁਆਰ’ ਰਾਹੀ ਪਿੰਡ-ਪਿੰਡ/ਵਾਰਡਾਂ ਚ ਜਾ ਕੇ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਨੂੰ ਜਿੱਥੇ ਸਰਕਾਰ ਦੀਆਂ ਯੋਜਨਾਵਾ ਬਾਰੇ ਜਾਣਕਾਰੀ ਦੇ ਰਹੇ ਹਨ, ਉਥੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਵੀ ਮੌਕੇ ਤੇ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਕੈਂਪਾਂ ਨਾਲ ਜਿੱਥੇ ਆਮ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ ਉੱਥੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਕੰਮ ਇਕੋ ਥਾਂ ’ਤੇ ਸੁਖਾਵੇਂ ਢੰਗ ਨਾਲ ਕਰਵਾ ਸਕਣਗੇ।
ਡਿਪਟੀ ਕਮਿਸ਼ਨਰ ਨੇ ਲੋੜਵੰਦ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਂਪ ਚ ਆਉਣ ਸਮੇਂ ਆਪਣੇ ਨਾਲ 2 ਪਾਸਪੋਰਟ ਸਾਈਜ਼ ਫੋਟੋਆਂ ਤੋਂ ਇਲਾਵਾ ਆਧਾਰ ਕਾਰਡ/ਪੈਨ ਕਾਰਡ/ਰਾਸ਼ਨ ਕਾਰਡ/ਵੋਟ ਕਾਰਡ/ਜਨਮ ਸਰਟੀਫ਼ਿਕੇਟ/ਡਰਾਈਵਿੰਗ ਲਾਇਸੰਸ ਆਦਿ ਦੀ ਕੋਈ ਇੱਕ ਫੋਟੋ ਕਾਪੀ ਬਤੌਰ ਸ਼ਨਾਖਤ ਲਈ ਜ਼ਰੂਰ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਘਰ-ਘਰ ਜਾ ਕੇ ਦੇਣੀਆਂ ਸ਼ੁਰੂ ਕੀਤੀਆਂ ਗਈਆਂ 44 ਸੇਵਾਵਾਂ ਸਬੰਧੀ ਅਰਜ਼ੀਆਂ ਪ੍ਰਾਪਤ ਕਰਨ ਦੇ ਨਾਲ-ਨਾਲ ਕੈਂਪਾਂ ਚ ਐਸ.ਜੀ.ਪੀ.ਸੀ. ਦੀਆਂ ਨਵੀਂਆਂ ਵੋਟਾਂ ਬਣਾਉਣ ਸਬੰਧੀ ਵੀ ਫਾਰਮ ਭਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸਰਕਾਰ ਵਲੋਂ ਜਾਰੀ ਕੀਤੇ ਗਏ ਟੋਲ ਫ਼ਰੀ ਨੰਬਰ 1076 ’ਤੇ ਕਾਲ ਕਰਕੇ ਇਨ੍ਹਾਂ ਸਕੀਮਾਂ ਦਾ ਲਾਹਾ ਲਿਆ ਜਾ ਸਕਦਾ ਹੈ।