ਧਨੌਲਾ ‘ਚ ਮੁੰਡਿਆਂ ਤੇ ਬਡਬਰ ‘ਚ ਕੁੜੀਆਂ ਦੇ ਹੋਣਗੇ ਮੁਕਾਬਲੇ
ਵੱਖ–ਵੱਖ ਜਿਲ੍ਹਿਆਂ ਦੇ 750 ਤੋਂ ਜਿਆਦਾ ਖਿਡਾਰੀ ਤੇ ਅਧਿਕਾਰੀ ਭਾਗ ਲੈਣਗੇ
ਬਰਨਾਲਾ, 25 ਸਤੰਬਰ () : 67ਵੀਆਂ ਅੰਤਰ ਜਿਲ੍ਹਾ (ਪੰਜਾਬ ਰਾਜ) ਸਕੂਲ ਖੇਡਾਂ ਦੇ ਅੰਡਰ 17 ਸਾਲ ਵਾਲੀਬਾਲ (ਕੁੜੀਆਂ/ਮੁੰਡੇ) ਦੇ ਮੁਕਾਬਲੇ 26 ਤੋਂ 29 ਸਤੰਬਰ ਤੱਕ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸ਼ਮਸ਼ੇਰ ਸਿੰਘ ਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਹਨ। ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੜਕਿਆਂ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਧਨੌਲਾ ਵਿਖੇ 26 ਸਤੰਬਰ ਤੋਂ ਅਤੇ ਲੜਕੀਆਂ ਦੇ ਮੁਕਾਬਲੇ ਸ਼ਹੀਦ ਕਰਮ ਸਿੰਘ ਸਟੇਡੀਅਮ ਬਡਬਰ ਵਿਖੇ 27 ਸਤੰਬਰ ਤੋਂ ਸ਼ੁਰੂ ਹੋਣਗੇ। ਉਹਨਾਂ ਨੇ ਦੱਸਿਆ ਕਿ ਇਹਨਾਂ ਖੇਡਾਂ ‘ਚ ਭਾਗ ਲੈਣ ਲਈ ਪੰਜਾਬ ਦੇ 23 ਜਿਲ੍ਹਿਆਂ ਅਤੇ ਖੇਡ ਵਿੰਗਾਂ ਵਿੱਚੋਂ 750 ਤੋਂ ਜਿਆਦਾ ਖਿਡਾਰੀ ਅਤੇ ਅਧਿਕਾਰੀ ਪਹੁੰਚ ਰਹੇ ਹਨ। ਖਿਡਾਰੀਆਂ, ਟੀਮ ਕੋਚਾਂ, ਮੈਨੇਜਰਾਂ ਲਈ ਰਿਹਾਇਸ਼ ਦਾ ਪ੍ਰਬੰਧ ਧਨੌਲਾ ਅਤੇ ਬਡਬਰ ਦੇ ਵੱਖ–ਵੱਖ ਸਕੂਲ ਵਿੱਚ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਟੂਰਨਾਮੈਂਟ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਅਧਿਆਪਕਾਂ ਦੀਆਂ ਵੱਖ–ਵੱਖ ਕਮੇਟੀਆਂ ਬਣਾ ਕੇ ਡਿਊਟੀਆਂ ਲਗਾਈਆਂ ਗਈਆਂ ਹਨ।