ਮਾਨਸਾ 2 ਜੂਨ, (ਨਾਨਕ ਸਿੰਘ ਖੁਰਮੀ )- 6 ਜੂਨ 2025 ਨੂੰ ਸਿੱਖ ਕੌਮ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ ਇਸ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨਗੇ। ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ, ਬਲਦੇਵ ਸਿੰਘ ਸਾਹਨੇਵਾਲੀ,ਜੈ ਸਿੰਘ ਭਾਦੜਾ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੀ ਸਿੱਖ ਸੰਗਤ ਵੱਧ ਤੋਂ ਵੱਧ ਗਿਣਤੀ ‘ਚ 6 ਜੂਨ ਨੂੰ ਅਕਾਲ ਤਖਤ ਸਾਹਿਬ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੋਵੇ। ਉਨ੍ਹਾਂ ਨੇ ਕਿਹਾ ਕਿ 1984 ਦੇ ਜੂਨ ਮਹੀਨੇ ‘ਚ ਹੋਏ ਘੱਲੂਘਾਰੇ ਦੌਰਾਨ ਸਾਡੀ ਕੌਮ ਦੇ ਨਾਇਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਤੇ ਹੋਰ ਅਨੇਕਾਂ ਆਗੂਆਂ ਦੇ ਨਾਲ-ਨਾਲ ਸੈਂਕੜੇ ਬੇਕਸੂਰ ਸਿੱਖ ਨੌਜਵਾਨਾਂ, ਮਾਵਾਂ, ਭੈਣਾਂ ਤੇ ਬਜ਼ੁਰਗਾਂ ਦੀ ਸ਼ਹਾਦਤ ਹੋਈ ਸੀ। ਉਨ੍ਹਾਂ ਦੱਸਿਆ ਕਿ ਕਾਂਗਰਸ, ਭਾਜਪਾ, ਆਰਐਸਐਸ ਤੇ ਉਹਨਾਂ ਦੀ ਸੋਚ ਵਾਲੀਆਂ ਤਾਕਤਾਂ ਨੇ ਮਿਲ ਕੇ ਨਾਂ ਸਿਰਫ ਸਾਡੇ ਆਗੂਆਂ ਨੂੰ ਸ਼ਹੀਦ ਕੀਤਾ, ਸਗੋਂ ਸਿੱਖ ਰਾਜਨੀਤੀ ਦੇ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਗੋਲੀਬਾਰੀ ਕਰ ਕੇ ਢਾਹ ਦਿੱਤਾ। ਭਾਈ ਅਤਲਾ ਅਤੇ ਆਗੂਆਂ ਨੇ ਸਿੱਖ ਕੌਮ ਨੂੰ ਇਕੱਠੇ ਹੋਣ ਦਾ ਸੰਦੇਸ਼ ਦਿੰਦਿਆ ਕਿਹਾ ਕਿ ਇਹ ਸਮਾਂ ਏਕਤਾ ਤੇ ਜਾਗਰੂਕਤਾ ਦਾ ਹੈ। ਆਓ, 6 ਜੂਨ ਨੂੰ ਅਕਾਲ ਤਖਤ ਸਾਹਿਬ ਪਹੁੰਚ ਕੇ ਕੈਮੀ ਸ਼ਹੀਦਾਂ ਨੂੰ ਯਾਦ ਕਰੀਏ ਅਤੇ ਆਪਣੇ ਹੱਕਾਂ ਤੇ ਇਤਿਹਾਸ ਦੀ ਰਾਖੀ ਲਈ ਵਚਨਬੱਧ ਹੋਈਏ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਵੱਲੋਂ ਕੀਤੀ ਜਾਵੇਗੀ ਸ਼ਮੂਲੀਅਤ।