ਭੀਖੀ, 30 ਸਤੰਬਰ
ਸਥਾਨਕ ਸ਼ਹੀਦ ਭਗਤ ਯਾਦਗਾਰੀ ਲਾਇਬਰੇਰੀ ਵਿਖੇ ਨਵਯੁਗ ਸਾਹਿਤ ਕਲਾ ਮੰਚ ਵੱਲੋਂ ਮਾਲਵੇ ਦੇ ਚਰਚਿਤ ਕਹਾਣੀਕਾਰ ਅਨੇਮਨ ਸਿੰਘ ਦਾ ਕਹਾਣੀ ਸੰਗ੍ਰਹਿ ‘ਚਿਕਨ ਸ਼ਾਪ’ ਚੌਥੀ ਪੁਸਤਕ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਨੂੰ ਸਾਹਿਬਦੀਪ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਲੋਕ ਅਰਪਣ ਮੌਕੇ ਕਹਾਣੀਕਾਰ ਭੁਪਿੰਦਰ ਫੌਜੀ ਨੇ ਕਿਹਾ ਕਿ ਅਨੇਮਨ ਸਿੰਘ ਵੱਖਰੀ ਸ਼ੈਲੀ ਦਾ ਕਹਾਣੀਕਾਰ ਹੈ, ਜੋ ਸਮਾਜ ਦੀਆਂ ਬਰੀਕੀਆਂ ਆਪਣੀ ਕਹਾਣੀ ਉਭਾਰਦਾ ਹੈ । ਉਹਨਾਂ ਕਿਹਾ ਕਿ ਅਨੇਮਨ ਦੀ ਕਹਾਣੀ ਪੰਜਾਬੀ ਰਵਾਇਤੀ ਕਹਾਣੀ ਤੋਂ ਹੱਟ ਕੇ ਅਤੇ ਇਕ ਨਵੀਂ ਲੀਹ ਬਣਾਉਂਦੀ ਹੈ। ਜਗਰਾਜ ਸਿੰਘ ਰੱਲਾ ਨੇ ਕਿਹਾ ਕਿ ਜਿੱਥੇ ਅਨੇਮਨ ਖੂਬਸੂਰਤ ਕਹਾਣੀਕਾਰ ਹੈ ਉੱਥੇ ਹੀ ਬਹੁਤ ਵਧੀਆ ਇਨਸਾਨ ਹੈ, ਜ਼ਿੰਦਗੀ ਦੇ ਕਰੂਰ ਯਥਾਰਥ ਨੂੰ ਆਪਣੀਆਂ ਕਹਾਣੀਆਂ ਰਾਹੀਂ ਬੁਣ ਕੇ ਅਜਿਹੇ ਪਾਤਰਾਂ ਨੂੰ ਪਾਠਕਾਂ ਦੇ ਸਾਹਮਣੇ ਰੱਖਦਾ ਹੈ। ਮੰਚ ਸਰਪ੍ਰਸਤ ਲੱਖਾ ਸਿੰਘ ਜੇਈ ਨੇ ਕਿਹਾ ਕਿ ਅਨੇਮਨ ਦੀ ਇਹ ਵਿਸ਼ੇਸ਼ਤਾ ਹੈ ਕਿ ਪਾਠਕ ਇੱਕ ਵਾਰ ਕਹਾਣੀ ਪੜ੍ਹਨਾ ਸ਼ੁਰੂ ਕਰ ਕੇ ਇਸ ਨੂੰ ਵਿਚਾਲੇ ਨਹੀਂ ਛੱਡ ਸਕਦਾ, ਮੰਚ ਸਕੱਤਰ ਅਮਰੀਕ ਭੀਖੀ ਨੇ ਸਭਨਾਂ ਦਾ ਧੰਨਵਾਦ ਕਰਦਿਆਂ, ਅਨੇਮਨ ਸਿੰਘ ਨੂੰ ਪੁਸਤਕ ਲੋਕ ਅਰਪਣ ਲਈ ਵਧਾਈ ਦਿੱਤੀ।
ਅੰਤ ਵਿੱਚ ਅਨੇਮਨ ਸਿੰਘ ਨੇ ਕਿਹਾ ਕਿ ਉਹ ਇਸ ਤਰ੍ਹਾਂ ਹੀ ਪੰਜਾਬੀ ਸਾਹਿਤ ਲਈ ਸੁਜੱਚੀਆਂ ਤੇ ਨਵੀਂ ਬਣਤਰ ਵਾਲੀਆਂ ਕਹਾਣੀਆਂ ਦੀ ਸਿਰਜਣਾ ਕਰਦਾ ਰਹੇਗਾ।
ਇਸ ਮੌਕੇ ਗੁਰਿੰਦਰ ਔਲਖ, ਕਰਨ ਭੀਖੀ, ਜਗਸ਼ੀਰ ਸਿੰਘ ਖਿੱਲਣ, ਸਾਹਿਬਦੀਪ ਸਿੰਘ ਭੀਖੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸ਼ਹੀਦ ਭਗਤ ਸਿੰਘ ਲਾਇਬਰੇਰੀ ਵਿਖੇ ਕਹਾਣੀ ਸੰਗ੍ਰਹਿ ‘ਚਿਕਨ ਸ਼ਾਪ’ ਲੋਕ ਅਰਪਣ ਕਰਦੇ ਹੋਏ ਮੰਚ ਅਹੁਦੇਦਾਰ।