-ਐਗਜ਼ਿਟ ਪੋਲ ਅਤੇ ਓਪੀਨੀਅਨ ਪੋਲ ’ਤੇ ਵੀ ਰਹੇਗੀ ਪਾਬੰਦੀ
-31 ਮਈ ਅਤੇ 1 ਜੂਨ ਦੇ ਅਖ਼ਬਾਰਾਂ ’ਚ ਛਪਣ ਵਾਲੇ ਸਿਆਸੀ ਇਸ਼ਤਿਹਾਰਾਂ ਲਈ ਵੀ ਪ੍ਰਵਾਨਗੀ ਲਾਜ਼ਮੀ
-ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਮੀਡੀਆ ਕਰਮੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ
27 ਮਈ (ਗਗਨਦੀਪ ਸਿੰਘ) ਬਰਨਾਲਾ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਸਪੱਸ਼ਟ ਕੀਤਾ ਕਿ ਚੋਣ ਕਮਿਸ਼ਨ ਵੱਲੋਂ ਮਤਦਾਨ ਮੁਕੰਮਲ ਹੋਣ ਲਈ ਨਿਰਧਾਰਿਤ ਸਮੇਂ (6 ਵਜੇ ਸ਼ਾਮ) ਤੋਂ 48 ਘੰਟੇ ਪਹਿਲਾਂ, ਭਾਵ ਚੋਣ ਪ੍ਰਚਾਰ ਖਤਮ ਹੁੰਦੇ ਸਾਰ ਹੀ ਸਿਆਸੀ ਲਾਹੇ ਲਈ ਕੋਈ ਵੀ ਜਨਤਕ ਚੋਣ ਸਭਾ/ਜਲੂਸ ਕਰਨ ‘ਤੇ ਮਨਾਹੀ ਹੋਵੇਗੀ। ਇਸ ਤੋਂ ਇਲਾਵਾ ਇਲੈਕਟ੍ਰਾਨਿਕ ਮੀਡੀਆ ਸਮੇਤ ਰੇਡੀਓ, ਟੈਲੀਵੀਜ਼ਨ, ਸੋਸ਼ਲ ਮੀਡੀਆ ’ਤੇ ਹੋਣ ਵਾਲੇ ਸਿਆਸੀ ਪ੍ਰਚਾਰ/ਇਸ਼ਤਿਹਾਰ ’ਤੇ ਵੀ ਰੋਕ ਲੱਗ ਜਾਵੇਗੀ। ਉਨ੍ਹਾਂ ਕਿਹਾ ਕਿ ਧਾਰਾ 126 ਅਤੇ 126 ਏ ਅਨੁਸਾਰ ਇਹ ਰੋਕ ਇਲੈਕਟ੍ਰਾਨਿਕ ਮੀਡੀਆ ਜਾਂ ਪ੍ਰਿੰਟ ਮੀਡੀਆ ‘ਚ ਓਪੀਨੀਅਨ ਪੋਲ ਅਤੇ ਐਗਜ਼ਿਟ ਪੋਲ ’ਤੇ ਵੀ ਲਾਗੂ ਹੋਵੇਗੀ।
ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ 30 ਮਈ ਸ਼ਾਮ 6 ਵਜੇ ਤੋਂ ਬਾਅਦ ਉਮਦੀਵਾਰ/ਪਾਰਟੀ ਵੱਲੋਂ ਰੇਡੀਓ, ਟੈਲੀਵੀਜ਼ਨ, ਸਿਨੇਮਾ, ਸੋਸ਼ਲ ਮੀਡੀਆ, ਬਲਕ ਐਸ. ਐਮ. ਐਸ. ਜਾਂ ਪ੍ਰੀ-ਰਿਕਾਰਡਡ ਐਸ. ਐਮ. ਐਸ. ਸੁਨੇਹਿਆਂ ਸਮੇਤ ਅਜਿਹੇ ਹੋਰ ਕਿਸੇ ਵੀ ਸਾਧਨ ’ਤੇ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ ਅਤੇ ਨਾ ਹੀ ਸਿਆਸੀ ਇਸ਼ਤਿਹਾਰ ਦਿੱਤਾ ਜਾ ਸਕੇਗਾ, ਜੋ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਇਲੈਕਟ੍ਰਾਨਿਕ ਮੀਡੀਆ ਦੀ ਪਰਿਭਾਸ਼ਾ ਘੇਰੇ ਵਿੱਚ ਆਉਂਦਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਚੋਣ ਅਮਲ ਦੇ ਅਖੀਰਲੇ 48 ਘੰਟਿਆਂ ਦੇ ‘ਸਟੈਂਡਰਡ ਅਪਰੇਟਿੰਗ ਪ੍ਰੋਸੀਜਰ’ ਮੁਤਾਬਿਕ ਚੋਣ ਪ੍ਰਚਾਰ ਲਈ ਤੈਅ ਸਮਾਂ-ਸੀਮਾਂ ਸਮਾਪਤ ਹੁੰਦੇ ਸਾਰ ਹੀ ਕੋਈ ਵੀ ਟੀ.ਵੀ., ਰੇਡੀਓ, ਸੋਸ਼ਲ ਮੀਡੀਆ ਚੈਨਲ ਕਿਸੇ ਵੀ ਪਾਰਟੀ ਦੇ ਪ੍ਰਚਾਰ ਲਈ ਇਸ਼ਿਤਿਹਾਰ ਜਾਂ ਉਸ ਨਾਲ ਮਿਲਦਾ ਜੁਲਦਾ ਪ੍ਰੋਗਰਾਮ ਨਹੀਂ ਚਲਾ ਸਕਣਗੇ।
ਉਨ੍ਹਾਂ ਕਿਹਾ ਕਿ 31 ਮਈ, 2024 ਅਤੇ 1 ਜੂਨ, 2024 ਨੂੰ ਛਪਣ ਵਾਲੀਆਂ ਅਖਬਾਰਾਂ ਵਿੱਚ ਵੀ ਇਸ਼ਤਿਹਾਰ ਦੇਣ ਤੋਂ ਪਹਿਲਾਂ ਚੋਣ ਅਮਲ ਵਿੱਚ ਭਾਗ ਲੈ ਰਹੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਆਪਣੇ ਇਸ਼ਤਿਹਾਰ ਮੀਡੀਆ ਸਰਟੀਫ਼ਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਪ੍ਰਵਾਨਗੀ ਉਪਰੰਤ ਹੀ ਛਪਵਾ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ’ਚ ਕਾਰਜਸ਼ੀਲ ਮੀਡੀਆ ਕਰਮੀਆਂ/ਮੀਡੀਆ ਹਾਊਸਜ਼ ਨੂੰ ਚੋਣ ਕਮਿਸ਼ਨ ਦੀਆਂ ਉਕਤ ਹਦਾਇਤਾਂ ਅਤੇ ਜਨ ਪ੍ਰਤੀਨਿਧੀ ਐਕਟ, 1951 ਦੀ ਧਾਰਾ 126 ਅਤੇ 126 ਏ ਤਹਿਤ ਤੈਅ ਕੀਤੀਆਂ ਸੀਮਾਵਾਂ ਦੀ ਪੂਰਣ ਰੂਪ ਵਿੱਚ ਪਾਲਣ ਕਰਨ ’ਚ ਸਹਿਯੋਗ ਦੇਣ ਦੇਣ ਦੀ ਅਪੀਲ ਕੀਤੀ ਹੈ।
ਬਾਕਸ ਲਈ ਪ੍ਰਸ੍ਤਾਵਿਤ:
–ਸਬੰਧਤ ਹਲਕੇ ਤੋਂ ਬਾਹਰ ਤੋਂ ਚੋਣ ਪ੍ਰਚਾਰ ਲਈ ਆਉਣ ਵਾਲੇ ਲੋਕ ਆਖਰੀ 48 ਘੰਟਿਆਂ ਤੋਂ ਪਹਿਲਾਂ ਵਾਪਸ ਚਲੇ ਜਾਣ
ਆਖਰੀ 48 ਘੰਟਿਆਂ ਦੌਰਾਨ ਸਬੰਧਤ ਹਲਕੇ ਤੋਂ ਬਾਹਰ ਤੋਂ ਚੋਣ ਪ੍ਰਚਾਰ ਲਈ ਆਏ ਸਮਰੱਥਕਾਂ ਨੂੰ ਵੀ ਵਾਪਿਸ ਜਾਣਾ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਸਾਰੇ ਬਾਹਰੀ ਲੋਕ ਹਲਕੇ ਤੋਂ ਬਾਹਰ ਚਲੇ ਜਾਣ, ਇਸ ਲਈ ਪੁਲਿਸ ਵਿਭਾਗ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਅਜਿਹੇ ਬਾਹਰੀ ਲੋਕਾਂ ਦੇ ਸੰਭਾਵਿਤ ਠਹਿਰਾਓ ਵਾਲੀ ਥਾਂ ਤੇ ਪੂਰੀ ਚੌਕਸੀ ਰੱਖੀ ਜਾਵੇ।