ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦਾ ਜਨਮ 29 ਜੂਨ 1964 ਵਾਲੇ ਦਿਨ, ਪਿਤਾ ਸਰਦਾਰ ਨਛੱਤਰ ਸਿੰਘ ਅਤੇ ਮਾਤਾ ਬੀਬੀ ਸੁਰਜੀਤ ਕੌਰ ਦੇ ਗ੍ਰਹਿ ਵਿਖੇ ਫਰੀਦਕੋਟ ਦੇ ਪਿੰਡ ਬੁੱਧਸਿੰਘਵਾਲਾ ਵਿਖੇ ਹੋਇਆ ਸੀ।ਆਪ,ਚਾਰ ਭੈਣ-ਭਰਾ ਸਨ ਭਾਵ ਇੱਕ ਭੈਣ ਅਤੇ ਤਿੰਨ ਭਰਾ।
ਬੁੱਧਸਿੰਘਵਾਲਾ ਪਿੰਡ ਮੋਗਾ ਅਤੇ ਬਾਘਾ ਪੁਰਾਣਾ ਰੋਡ ‘ਤੋਂ ਥੋੜਾ ਜਿਹਾ ਹਟਵਾਂ ਹੈ ਜਦੋਂ ਵੀ ਕੋਈ ਇਸ ਸੜਕ ਤੋਂ ਲੰਘਦਾ ਹੈ ਤਾਂ ਸੜਕ ਕਿਨਾਰੇ ਲੱਗੇ ਬੋਰਡ ਤੋਂ ਪਿੰਡ ਬੁੱਧ ਸਿੰਘ ਵਾਲਾ ਪੜ੍ਹਦਾ ਹੈ ਤਾਂ ਉਸ ਦੀ ਜੁਬਾਨ ‘ਤੇ ਝੱਟ ਇੱਕ ਨਾਮ ਆ ਜਾਂਦਾ ਹੈ- “ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ।” ਇੰਜ ਅੱਖਾਂ ਅੱਗੇ ਖਾੜਕੂ ਸਿੰਘ ਭਾਈ ਗੁਰਜੰਟ ਸਿੰਘ ਦੀ ਇਕ ਅਜਿਹੀ ਤਸਵੀਰ ਬਣ ਜਾਂਦੀ ਹੈ ਜਿਵੇਂ ਗੁਰਜੰਟ ਅਤੇ ਬੁੱਧ ਸਿੰਘ ਵਾਲਾ ਦੋ ਨਹੀਂ ਸਗੋਂ ਇੱਕ ਹੀ ਹੋਣ।
ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਜਿਨ੍ਹਾਂ ਮਹਾਨ ਸਖਸ਼ੀਅਤਾਂ ਦਾ ਨਾਂ ਦਰਜ ਹੁੰਦਾ ਹੈ ਉਨ੍ਹਾਂ ਦੇ ਨਾਲ ਕੁਝ ਕਥਾਵਾਂ, ਕੁਝ ਕਹਾਣੀਆਂ ਐਸੀਆਂ ਜੁੜ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਕਈ ਵਾਰ ਆਮ ਦੁਨਿਆਵੀ ਬੰਦਾ ਹੈਰਾਨ ਹੋ ਕੇ ਆਖਦਾ ਹੈ, ਕਿ ਨਹੀਂ, ‘ਇਉਂ ਨਹੀਂ ਹੋ ਸਕਦਾ।’
ਪਰ ਜਦੋਂ ਉਹ ਕਿਸੇ ਮਹਾਨ ਸ਼ਖਸ ਨਾਲ ਜੋੜ ਕੇ ਉਸ ਘਟਨਾ ਨੂੰ ਪੜ੍ਹਦਾ ਸੁਣਦਾ ਹੈ ਤਾਂ ਪੜ੍ਹਨ ਵਾਲਾ ਆਖਦਾ ਹੈ ‘ਹਾਂ ਇਹ ਸੱਚ ਹੋਵੇਗਾ’ ਕਿਉਂਕਿ ਇਸ ਦੇ ਨਾਲ ਕਿਸੇ ਮਹਾਨ ਸਖਸ਼ੀਅਤ ਦਾ ਨਾਂ ਜੁੜਿਆ ਹੋਇਆ ਹੈ। ਸ਼ਹੀਦ ਭਾਈ ਗੁਰਜੰਟ ਸਿੰਘ ਦੇ ਨਾਲ ਵੀ ਇਕ ਨਹੀਂ ਸੈਂਕੜੈ ਕਹਾਣੀਆਂ ਜੁੜੀਆਂ ਹੋਈਆਂ ਹਨ। ਉਸ ਦੇ ਪੁਲਿਸ ਮੁਕਾਬਲਿਆਂ ਵਿਚੋਂ ਬਚ ਨਿਕਲਣ ਦੀਆਂ ਕਹਾਣੀਆਂ। ਪੁਲਿਸ ਨੂੰ ਵਾਇਰਲੈਸ ਸੈਟ ‘ਤੇ ਸੂਚਨਾ ਮਿਲਦੀ ਹੈ ਕਿ ਗੁਰਜੰਟ ਸਿੰਘ ਆ ਰਿਹਾ ਹੈ। ਨਾਕਿਆਂ ‘ਤੇ ਤਲਾਸ਼ੀ ਲੈਣ ਵਾਲੇ ਨਾਕੇ ਤੋਂ ਮੂੰਹ ਘੁਮਾ ਲੈਂਦੇ ਸਨ, ਨਾਕੇ ਖੁੱਲ੍ਹ ਜਾਂਦੇ ਸਨ, ਮੁਲਾਜ਼ਮ ਕੰਨੀ ਵੱਟ ਜਾਂਦੇ ਸਨ। ਕੁਝ ਦੇ ਮਨ ਵਿਚ ਉਸਦੇ ਜੁਝਾਰੂਪਣ ਦਾ ਮੋਹ ਸੀ ਤੇ ਕੁਝ ਦੇ ਮਨ ਵਿਚ ਉਸਦੇ ਨਾਂ ਦੀ ਦਹਿਸ਼ਤ ਸੀ।
ਰੋਮਾਨੀਆ ਦੇ ਰਾਜਦੂਤ ਰਾਡੂ ਨੂੰ ਦਿੱਲੀ ਤੋਂ ਅਗਵਾ ਕਰਨਾ,ਐੱਸ.ਐੱਸ.ਪੀ ਰੈਕ ਦੇ ਦੋ ਪੁਲਿਸ ਅਧਿਕਾਰੀਆਂ ਨੂੰ ਇਕੱਠਿਆਂ ਸੋਧਣਾ, ਵਰਗੇ ਅਨੇਕਾਂ ਐਕਸ਼ਨ ਭਾਈ ਗੁਰਜੰਟ ਸਿੰਘ ਦੇ ਹੀ ਹਿਸੇ ਆਏ ਸਨ।
22 ਜੁਲਾਈ 1988 ਵਾਲੇ ਦਿਨ ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ ਹੁਣਾਂ ਦੀ ਸ਼ਹਾਦਤ ਹੋਣ ਮਗਰੋਂ ਸ਼ਹੀਦ ਭਾਈ ਗੁਰਜੰਟ ਸਿੰਘ ਨੁੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁੱਖੀ ਬਣਾਇਆ ਗਿਆ ਸੀ ।
ਖਾਲਿਸਤਾਨ ਲਿਬਰੇਸ਼ਨ ਫੋਰਸ ਦੀ ਸਥਾਪਨਾ ਭਾਈ ਏਰੋਰ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਬੱਬਰ ਨੇ ਕੀਤੀ ਸੀ।
ਪੰਜਾਬ ਦੇ ਲੋਕਾਂ ਨੂੰ ਭਾਵੇਂ ਖਾੜਕੂਆਂ ਨੂੰ ਪਨਾਹ ਦੇਣ ਲਈ ਵੱਡਾ ਮੁਲ ਤਾਰਨਾ ਪੈਂਦਾ ਸੀ ਪਰ ਭਾਈ ਗੁਰਜੰਟ ਸਿੰਘ ਦੇ ਲਈ ਪੰਜਾਬ ਦੇ ਲੋਕਾਂ ਦੇ ਬੂਹੇ ਹਮੇਸ਼ਾਂ ਖੁੱਲੇ ਰਹੇ। ਸਿੱਖ ਇਤਿਹਾਸ ਦਾ ਇਹ ਵੱਡਾ ਜਰਨੈਲ, ਸਿੱਖ ਸੰਘਰਸ਼ ਵਿਚ ਜਰਨੈਲਾਂ ਵਾਂਗ ਲੜਿਆ ਅਤੇ ਵਿਚਰਿਆ। ਐਕਸ਼ਨਾਂ ਵਿਚ ਉਹ ਹਮੇਸ਼ਾਂ ਆਪ ਕਮਾਂਡ ਕਰਦਾ ਸੀ, ਇਹੋ ਹੀ ਕਾਰਨ ਸੀ ਕਿ ਉਸਦੀ ਜਥੇਬੰਦੀ ‘ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ’ ਹਕੂਮਤ ਦੀਆ ਨਜ਼ਰਾਂ ਵਿਚ ‘ਖ਼ਤਰਨਾਕ’ ਮੰਨੀ ਜਾਂਦੀ ਸੀ। ਭਾਈ ਗੁਰਜੰਟ ਸਿੰਘ ਛੋਟੀ ਉਮਰੇ ਹੀ ਸਿੱਖ ਸੰਘਰਸ ਨਾਲ ਜੁੜ ਗਿਆ ਸੀ। ਉਹ ਬੁੱਧ ਸਿੰਘ ਵਾਲ਼ਾ ਦੇ ਇੱਕ ਸਧਾਰਨ ਕਿਸਾਨ ਦਾ ਪੁੱਤਰ ਸੀ। ਇਹ ਸਧਾਰਣ ਜਿਹਾ ਪਰਿਵਾਰ, ਪਿੰਡ ਵਿਚ ਸਾਊ ਜਿਹੇ ਸੁਭਾਅ ਵਾਲਾ ਮੰਨਿਆਂ ਜਾਂਦਾ ਸੀ।ਭਾਈ ਗੁਰਜੰਟ ਸਿੰਘ ਇੱਕ ਧਾਰਮਿਕ ਬਿਰਤੀ ਵਾਲਾ ਵਿਅਕਤੀ ਸੀ ਅਤੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੰਤ-ਸਿਪਾਹੀ ਵਾਲੀ ਬਿਰਤੀ ਤੋਂ ਪੂਰਾ ਪ੍ਰਭਾਵਿਤ ਸੀ। ਉਸ ਦੇ ਘਰਦਿਆਂ ਅਤੇ ਪਿੰਡ ਵਾਲਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਭਾਈ ਗੁਰਜੰਟ ਸਿੰਘ ਇਕ ਦਿਨ ਇਤਹਾਸ ਦਾ ਇਕ ਬਹੁਤ ਵੱਡਾ ਪਾਤਰ ਬਣ ਜਾਵੇਗਾ। ਅਸਲ ਵਿੱਚ ਉਸਦੀ ਜਾਂਬਾਜ਼ੀ ਅਤੇ ਕੌਮ ਤੋਂ ਮਰ-ਮਿਟਣ ਦਾ ਉਸਦਾ ਜਜ਼ਬਾ ਉਸਨੂੰ ਮਹਾਨ ਬਣਾ ਗਿਆ।
1989-90 ਵਿਚ “ਖਾਲਿਸਤਾਨ ਲਿਬਰੇਸ਼ਨ ਫੋਰਸ” ਦੀ ਸਥਾਪਨਾ ਭਾਈ ਏਰੋਰ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਬੱਬਰ ਨੇ ਕੀਤੀ ਸੀ। ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ, 22 ਜੁਲਾਈ 1988 ਨੂੰ ਆਪਣੀ ਸ਼ਹਾਦਤ ਤਕ ਇਸ ਦੇ ਮੁਖੀ ਬਣੇ ਰਹੇ।ਉਸਦੇ ਸਾਥੀ ਸਹਿ ਜਥੇਬੰਦੀਆਂ ਵਾਲੇ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਨੂੰ ਬੇਹੱਦ ਸੁਲਝੇ ਅਤੇ ਵਿਊਂਤਮਈ ਢੰਗ ਨਾਲ ਚਲਾ ਰਹੇ ਸਨ ਤਾਂ ਪੰਜਾਬ ਦੇ ਨੌਕਰਸ਼ਾਹਾਂ ਨੇ ‘ਦਿੱਲੀ’ ਵੱਲ ਇਹ ਸ਼ੰਦੇਸ ਭੇਜ ਦਿੱਤੇ ਸਨ ਕਿ ਇਨ੍ਹਾਂ (ਖ਼ਾੜਕੂਆਂ) ਨਾਲ ਸਮਝੌਤਾ ਕਰਕੇ ਲੜਾਈ ਖ਼ਤਮ ਕੀਤੀ ਜਾਵੇ। ਕਿਉਂਕਿ ਹਾਲਾਤ ਇਹੋ-ਜਿਹੇ ਬਣ ਗਏ ਹਨ ਕਿ ਪੰਜਾਬ ਦੇ ਲੋਕ ਖ਼ਾੜਕੂਆਂ ਦੇ ਹਮਦਰਦ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਠੀਕ ਮੰਨ ਕੇ ਤਨੋ-ਮਨੋ ਉਨ੍ਹਾਂ ਦਾ ਸਾਥ ਦੇ ਰਹੇ ਹਨ। ਇੰਜ ਉਸ ਵਕਤ ਖ਼ਾੜਕੂ ਲਹਿਰ ਲੋਕ ਲਹਿਰ ਬਣ ਚੁੱਕੀ ਸੀ। ਖ਼ਾੜਕੂ ਲਹਿਰ ਦਾ ਉਤਰਾਅ ਇਕ ਅਲੱਗ ਵਿਸ਼ਾ ਹੈ, ਪਰ ਜਿਸ ਵੇਲੇ ਉਸਦੀ ਸ਼ਹੀਦੀ ਹੋਈ ਉਸ ਵੇਲੇ ਉਸ ਦੇ ਸਾਥੀ ਉਸਨੂੰ ਸੁਰਖਿਅਤ ਜਗ੍ਹਾ ‘ਤੇ ਲਿਜਾਣ ਲਈ ਅਤੇ ਥੋੜਾ ਪਿਛਾਂਹ ਹਟਣ ਲਈ ਜ਼ੋਰ ਪਾ ਰਹੇ ਸਨ। ਇਸ ਕੰਮ ਲਈ ਭਾਈ ਨਵਨੀਤ ਸਿੰਘ ਕਾਦੀਆਂ ਨੂੰ, ਵਿਸ਼ੇਸ਼ ਤੌਰ ਤੇ ਉਸਨੂੰ ਲਿਆਉਣ ਦੇ ਲਈ ਲੁਧਿਆਣੇ ਭੇਜਿਆ ਗਿਆ ਸੀ।ਤੁਰਨ ਤੋਂ ਪਹਿਲਾਂ ਭਾਈ ਗੁਰਜੰਟ ਸਿੰਘ ਨੇ ਨਵਨੀਤ ਸਿੰਘ ਕਾਦੀਆਂ ਨੂੰ ਉਸ ਕੋਲ ਰਾਤ ਠਹਿਰਨ ਲਈ ਜਗ੍ਹਾ ਪੁੱਛੀ ਸੀ ਕਿ ਜੇ ਉਸ ਕੋਲ ਠਹਿਰ ਨਹੀਂ ਤਾਂ ਮੇਰੇ ਨਾਲ ਚੱਲੇ ਪਰ ਨਵਨੀਤ ਸਿੰਘ ਕਾਦੀਆਂ ਦੇ ਕਹਿਣ ਤੇ ਕਿ ‘ਮੇਰੇ ਕੋਲ ਠਹਿਰ ਹੈ’ ਦੋਵੇਂ ਫ਼ਤਹਿ ਬੁਲਾ ਕੇ ਵੱਖ ਹੋ ਗਏ। ਉਸ ਤੋਂ ਕੁਝ ਸਮੇਂ ਬਾਅਦ ਹੀ ਗੁਰਜੰਟ ਸਿੰਘ ਸ਼ਹੀਦ ਹੋ ਗਿਆ। ਕਹਿੰਦੇ ਹਨ ਕਿ ਨਵਨੀਤ ਸਿੰਘ ਕਾਦੀਆਂ ਇਸ ਗੱਲ ਨੂੰ ਲੈ ਕੇ ਬੇਹੱਦ ਜ਼ਜਬਾਤੀ ਹੋ ਜਾਂਦਾ ਸੀ। ਉਸਨੂੰ ਇਹ ਗੱਲ ਦੁੱਖ ਦਿੰਦੀ ਰਹੀ ਕਿ ‘ਜੇ ਉਹ ਗੁਰਜੰਟ ਨੂੰ ਆਪਣੇ ਨਾਲ ਲੈ ਆਉਣ ਲਈ ਜ਼ੋਰ ਦਿੰਦਾ ਤਾਂ ਗੁਰਜੰਟ ਨੇ ਉਸਦਾ ਆਖਾ ਨਹੀਂ ਸੀ ਮੋੜਣਾ, ਸ਼ਾਇਦ ਗੁਰਜੰਟ ਕੁਝ ਸਮਾਂ ਹੋਰ ਕੌਮ ਲਈ ਵੱਡੇ ਕਾਰਨਾਮੇ ਕਰ ਜਾਂਦਾ। ਪਰ ਜਿਸ ਰਸਤੇ ਗੁਰਜੰਟ ਤੁਰਿਆ ਸੀ ਉਹ ਸ਼ਹਾਦਤ ਵਾਲਾ ਸੀ, ਅੱਜ ਨਹੀਂ ਤਾਂ ਕੱਲ੍ਹ ਇਹ ਸ਼ਹੀਦੀ ਤਾਂ ਹੋਣੀ ਸੀ। ਖਾੜਕਵਾਦ ਦੇ ਦੌਰ ਵਿੱਚ ਰੂਪੋਸ਼ੀ ਦੇ ਦੌਰਾਨ ਇਕ-ਇਕ ਪਲ ਮੌਤ ਨਾਲ ਜੂਝਣਾ ਪੈਂਦਾ ਹੈ।ਹੋਣੀ ਦਾ ਪਤਾ ਨਹੀਂ ਹੁੰਦਾ ਕਿ ਕਿਸੇ ਵੀ ਪਲ ਮੌਤ ਇਨ੍ਹਾਂ ਸੰਘਰਮਈ ਯੋਧਿਆਂ ਨੂੰ ਆਪਣੀ ਬੁੱਕਲ ਵਿਚ ਲੈ ਲਵੇ। ਆਖਰ ਮਨੁੱਖ ਤਾਂ ਮਨੁੱਖ ਹੀ ਹੁੰਦਾ ਹੈ, ਭਾਈ ਨਵਨੀਤ ਸਿੰਘ ਕਾਦੀਆਂ ਜਦੋਂ ਵੀ ਆਪਣੇ ਸਾਥੀਆਂ ਨਾਲ ਭਾਈ ਗੁਰਜੰਟ ਸਿੰਘ ਹੁਣਾਂ ਬਾਰੇ ਗੱਲ ਕਰਦਾ ਤਾਂ ਉਹ ਅੱਖਾਂ ਭਰ ਕੇ ਜਜ਼ਬਾਤੀ ਹੋ ਜਾਂਦਾ ਸੀ। ਭਾਈ ਗੁਰਜੰਟ ਸਿੰਘ ਬੇਹਦ ਸਲੀਕੇ ਵਾਲਾ ਅਤੇ ਦੂਰ ਅੰਦੇਸ਼ ਗੁਰੀਲਾ ਜੰਗਜੂ ਸੀ ਉਹ ਕਿਸੇ ਵੀ ਐਕਸ਼ਨ ਤੋਂ ਪਹਿਲਾਂ ਆਪਣੇ ਸਾਥੀਆਂ ਨਾਲ ਲੰਬੀ ਵਿਚਾਰ ਚਰਚਾ ਤੋਂ ਬਾਅਦ ਉਸਦਾ ਪੂਰਾ ਖਾਕਾ ਆਪਣੇ ਦਿਮਾਗ ਵਿਚ ਤਿਆਰ ਕਰ ਲੈਂਦਾ ਸੀ, ਜਿਸ ਕਾਰਨ ਉਸਦੀ ਜਥੇਬੰਦੀ ਵਲੋਂ ਕੀਤੇ ਐਕਸ਼ਨ ਜਾਂਬਾਜ਼ੀ ਦੀ ਉਤਮ ਮਿਸਾਲ ਹਨ।
ਰੁਮਾਨੀਆਂ ਦੇ ਰਾਜਦੂਤ ਰਾਡੂ ਨੂੰ ਅਗਵਾਹ ਕਰਨ ਦੀ ਘਟਨਾ ਤੋਂ ਬਾਅਦ ਭਾਈ ਗੁਰਜੰਟ ਸਿੰਘ ਵਲੋਂ ਪਹਿਲਾਂ ਉੱਚ ਪੱਧਰ ਦੀ ਸੁਰਖਿਆ ਵਿਚੋਂ, ਉਸ ਨੂੰ ਅਗਵਾਹ ਕਰਣਾ ਅਤੇ ਫੇਰ ਪੰਜਾਬ ਦੇ ਪਿੰਡਾਂ ਵਿਚ ਰਾਡੂ ਨੂੰ ਪੂਰੀ ਹਿਫ਼ਾਜ਼ਤ ਦੇ ਨਾਲ ਅਤੇ ਸੁਰੱਖਿਅਤ ਰੱਖਣਾ ਅਤੇ ਫੇਰ ਸਹੀ ਸਲਾਮਤ ਉਸਨੂੰ ਦਿੱਲੀ ਭੇਜਣਾ, ਉਸਦੀ ਸੋਚ ਅਤੇ ਸੂਝ ਦਾ ਇਕ ਬੇਮਿਸਾਲ ਨਮੂਨਾ ਹੈ। ਇਸ ਐਕਸ਼ਨ ਨਾਲ ਉਸਨੇ ਹਿੰਦ ਹਕੂਮਤ ਨੂੰ ਇਕ ਤਰ੍ਹਾਂ ਦੇ ਨਾਲ ਬਹੁਤ ਵਡਾ ਚੈਲੰਜ਼ ਕਰ ਦਿੱਤਾ ਸੀ ਕਿ ਜੋ ਕੁਝ ਵੀ ਉਹ ਚਾਹਵੇ ਕਰ ਸਕਦਾ ਸੀ। ਇਸ ਵਿਚ ਕੋਈ ਅਕੱਥ ਕਥਨੀ ਨਹੀਂ ਕੇ ਪੰਜਾਬ ਅਤੇ ਹਿੰਦੂਸਤਾਨ ਦੇ ਮੀਡੀਆ ਦੀ ਸੁਰ ‘ਇਕੱਲੇ ਗੁਰਜੰਟ ਦੇ ਲਈ ਹੀ ਨਹੀਂ ਪੂਰੀ ਖਾੜਕੂ ਲਹਿਰ ਦੇ ਲਈ ਦੁਸ਼ਮਣੀ ਭਰਪੂਰ ਰਹੀ ਹੈ।ਇਸ ਫ਼ਿਰਕੂ ਮੀਡੀਏ ਨੇ ਹਮੇਸ਼ਾਂ ਖਾੜਕੂ ਲਹਿਰ ਨੂੰ ‘ਅੱਤਵਾਦ’ ਦੀ ਪੁਸ਼ਾਕ ਵਿਚ ਰੱਖ ਕੇ ਹੀ ਪੇਸ਼ ਕੀਤਾ ਹੈ। ਇਸ ਮੀਡੀਏ ਦਾ ਰਵੱਈਆਂ ਖਾੜਕੂ ਨੌਜਵਾਨਾਂ ਲਈ ਇਕਸਾਰ ਈਰਖਾ ਭਰਪੂਰ ਹੀ ਰਿਹਾ ਹੈ। ਜਦੋਂ ਖਾੜਕੂ ਨੌਜਵਾਨਾਂ ਨੇ ਇਸ ਫ਼ਿਰਕੂ ਬ੍ਰਾਹਮਣੀ ਮੀਡੀਏ ਨੂੰ ਉਸੇ ਦੀ ਭਾਸ਼ਾ ਵਿਚ ਜੁਆਬ ਦੇਣਾ ਸ਼ੁਰੂ ਕੀਤਾ ਤਾਂ ਇਸਦਾ ਦੋਗਲਾ ਕਿਰਦਾਰ ਵੇਖਣ ਵਾਲਾ ਸੀ।
ਭਾਈ ਗੁਰਜੰਟ ਸਿੰਘ ਦੀ ਸ਼ਖਸੀਅਤ ਦੇ ਚਰਚੇ ਜਦੋਂ ਪੂਰੀ ਦੁਨੀਆਂ ਦੀਆਂ ਅਖ਼ਬਾਰਾਂ ਵਿਚ ਨਸ਼ਰ ਹੋਣ ਲੱਗੇ ਤਾਂ ਇਨ੍ਹਾਂ ਹਕੂਮਤ ਦੇ ਚਾਪਲੂਸਾਂ ਨੂੰ ਫਿਰ ਵੀ ਇਸ ਗੱਲ ਦੀ ਸਮਝ ਨਹੀਂ ਆਈ ਕਿ ਉਹ ਪੱਤਰਕਾਰੀ ਦੇ ਮਿਆਰਾਂ ਅਤੇ ਸਮਾਜ ਪ੍ਰਤੀ ਆਪਣੇ ਫ਼ਰਜਾਂ ਨੂੰ, ਸਮਝ ਕੇ ਹੀ ਖਾੜਕੂ ਲਹਿਰ ਦੇ ਜੁਝਾਰੂਆਂ ਦਾ ਵਿਸ਼ਲੇਸ਼ਣ ਕਰਨ,ਪਰ ਇਨ੍ਹਾਂ ਦੀ ਸੋੜੀ ਸੋਚ ਦੀ ਸੂਈ ਫਿਰ ਵੀ ਉਥੇ ਹੀ ਟਿਕੀ ਰਹੀ। ਭਾਈ ਗੁਰਜੰਟ ਸਿੰਘ ਨੇ ਕਦੇ ਵੀ ਅਖ਼ਬਾਰ ਦੀਆਂ ਸੁਰਖੀਆਂ ਬਟੋਰਨ ਦੀ ਚਾਹਤ ਨਹੀਂ ਸੀ ਪਾਲੀ ਉਹ ਚਾਹੁੰਦਾ ਤਾਂ ਆਪਣੇ ਬਾਰੇ ਬੜਾ ਕੁਝ ਲਿਖਵਾ ਸਕਦਾ ਸੀ। ਪਰ ਉਸਦੇ ਮਨ ਵਿਚ ਇਕੋ ਚਾਉ ਸੀ ‘ਕੌਮ ਦੇ ਕੌਮੀ ਘਰ ਦੇ ਲਈ ਸ਼ਹਾਦਤ’।
‘ਮੇਰੀ ਛਿਪੇ ਰਹਿਣ ਦੀ ਚਾਹ’ ਦੇ ਅਰਥਾਂ ਦੇ ਧਾਰਨੀ ਭਾਈ ਗੁਰਜੰਟ ਸਿੰਘ ਦੀ ਉਸ ਵੇਲੇ ਭਾਂਵੇਂ, ਫ਼ੋਟੋ ਵੀ ਸ਼ਾਇਦ ਕਿਸੇ ਨੇ ਨਹੀਂ ਵੇਖੀ ਹੋਣੀ। ਉਸਨੇ ਹਥਿਆਰਾਂ ਨੂੰ ਨੁਮਾਇਸ਼ ਦੇ ਤੌਰ ‘ਤੇ ਨਹੀਂ, ਸਗੋਂ ਦੁਸ਼ਮਣ ਦੇ ਜੁੱਸੇ ਨੂੰ ਠੰਢਿਆਂ ਕਰਣ ਦੇ ਲਈ ਇਸਤੇਮਾਲ ਕੀਤਾ। ਇਹੋ ਹੀ ਉਸਦੀਆਂ ਖ਼ੂਬੀਆਂ ਸਨ ਜਿਨ੍ਹਾਂ ਕਰਕੇ ਲੰਬਾ ਸਮਾਂ ਲੋਕਾਂ ਦੇ ਮਨਾਂ ਦਾ ‘ਜੰਗਲ’ ਭਾਈ ਗੁਰਜੰਟ ਸਿੰਘ ਦੇ ਲਈ ਪਨਾਹਗਾਹ ਬਣਿਆ ਰਿਹਾ। ਹਕੂਮਤ ਦੇ ਲੱਖ ਯਤਨਾਂ ਦੇ ਬਾਵਜੂਦ ਪੁਲਿਸ ਉਸਦਾ ਖੁਰਾ ਖ਼ੋਜ ਲੱਭਣ ਵਿਚ ਅਸਮੱਰਥ ਰਹੀ। ਪੰਜਾਬ ਦੇ ਲੋਕਾਂ ਨੇ ਹਮੇਸ਼ਾਂ ਸੂਰਬੀਰ ਯੋਧਿਆਂ ਨੂੰ ਰੱਜ ਕੇ ਵਡਿਅਇਆ ਹੈ ਅਤੇ ਗਦਾਰਾਂ ਨੂੰ ਆਪਣੇ ਮਨਾਂ ਵਿਚ ਮਾਸਾ ਜਿਨ੍ਹੀ ਵੀ ਥਾਂ ਨਹੀਂ ਦਿੱਤੀ। ਨੇਕ ਨੀਅਤ ਅਤੇ ਲੋਕਾਂ ਦੇ ਲਈ ਲੜੇ ਅਤੇ ਕੁਰਬਾਨ ਹੋਏ ਯੋਧੇ ਕੌਮ ਦੇ ਮਨ੍ਹਾਂ ਵਿਚ ਹਮੇਸ਼ਾਂ ਲਈ ਹੀਰੋ ਬਣ ਗਏ। ਭਾਈ ਗੁਰਜੰਟ ਸਿੰਘ ਦੇ ਨਾਲ ਜੁੜੀਆਂ ਕਹਾਣੀਆਂ ਐਵੈਂ ਨਹੀਂ ਜੁੜੀਆਂ ਉਸਦੇ ਜਾਨ ‘ਤੇ ਖੇਡ ਕੇ ਕੀਤੇ ਕਾਰਨਾਮਿਆਂ ਕਾਰਨ ਉਸਦੇ ਹਿੱਸੇ ਆਈਆਂ ਹਨ।
ਬਾਘੇ ਪੁਰਾਣੇ ਦੇ ਥਾਣੇਦਾਰ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਗੁਰਜੰਟ ਵਲੋਂ ਰੇਹੜੀ ਲਗਾਉਣੀ ਅਤੇ ਭਰੇ ਬਜ਼ਾਰ ਉਸ ਥਾਣੇਦਾਰ ਨੂੰ ਸੋਧਣਾ, ਉਸਦੀ ਲੜਾਕੂ ਭਾਵਨਾ ਅਤੇ ਗੁਰੀਲਾ ਨੀਤੀ ਦਾ ਬੇਹਤਰੀਨ ਨਮੂਨਾ ਸੀ। ਇਸ ਕਾਰਨਾਮੇ ਤੋਂ ਬਾਅਦ ਪੰਜਾਬ ਦੀਆਂ ਸੱਥਾਂ ਵਿਚ ਭਾਈ ਗੁਰਜੰਟ ਸਿੰਘ ਦੀਆਂ ਕਥਾ-ਕਹਾਣੀਆਂ ਦੀ ਇਕ ਲੜੀ ਸ਼ੁਰੂ ਹੋ ਗਈ ਸੀ। ਭਾਈ ਗੁਰਜੰਟ ਸਿੰਘ ਖਾੜਕੂ ਲਹਿਰ ਦਾ ਸਿਖਰ ਹੋ ਨਿੱਬੜਿਆ ਸੀ। ਜਿਉਂ ਹੀ ਭਾਈ ਗੁਰਜੰਟ ਸਿੰਘ ਦੀ ਸ਼ਹੀਦੀ ਹੋਈ ਉਸ ਤੋਂ ਬਾਅਦ ਖਾੜਕੂ ਲਹਿਰ ਦਾ ਉਤਰਾਅ ਵੀ ਨਾਲੋ-ਨਾਲ ਹੋਣਾ ਸ਼ੁਰੂ ਹੋ ਗਿਆ। ਲੁਧਿਆਣੇ ਵਿੱਖੇ ਉਸਦੀ ਸ਼ਹਦਾਤ ਤੋਂ ਬਾਅਦ ਦੁਸ਼ਮਣਾਂ ਨੇ ਜਸ਼ਨ ਮਨਾਉਣ ਦੇ ਲਈ ਸ਼ਰਾਬਾਂ ਪੀਤੀਆਂ ਹੀ ਨਹੀਂ ਸਗੋਂ ਵੰਡੀਆਂ ਵੀ। ਸਿੱਖ ਪੰਥ ਲਈ ਉਸਦੀ ਸ਼ਹਦਾਤ ਦਾ ਦਿਨ ਭਾਵੇਂ ਇਤਿਹਾਸ ਵਿੱਚ ਬੇਹੱਦ ਚੜ੍ਹਦੀ ਕਲ੍ਹਾ ਵਜੋਂ ਲਿਖਿਆ ਜਾਵੇ ਗਾ ਪਰ ਉਸ ਵਕਤ ਇਕ ਖਾਮੋਸ਼ ਜੇਹੀ ਉਦਾਸੀ ਹਰ ਪਾਸੇ ਛਾਅ ਗਈ ਸੀ।
ਪੰਥਕ ਕਮੇਟੀ ਨੇ ਕੌਮ ਦੇ ਇਸ ਜਰਨੈਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਸੀ ਬੇਸ਼ੱਕ ਦੁਸ਼ਮਣ ਨੇ ਇਕ ਵੱਡਾ ਥੰਮ੍ਹ ਸੁੱਟ ਲਿਆ ਹੈ ਪਰ ਅਸੀਂ ਇਸ ਦਾ ਜਲਦੀ ਹੀ ਜੁਆਬ ਦੇਵਾਂਗੇ। ਪੰਥਕ ਕਮੇਟੀ ਦਾ ਪ੍ਰੈਸ ਨੋਟ ਵੀ ਕੁਝ ‘ਉਦਾਸ ਸੁਰ’ ਵਾਲਾ ਸੀ। ਉਸਦੀ ਸ਼ਹੀਦੀ ਤੋਂ ਬਾਅਦ ਸਰਕਾਰ ਨੇ ਜੁਝਾਰੂਆਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ ਸਗੋਂ ਲਗਾਤਾਰ ਵਾਰ ਕਰਕੇ ਉਨ੍ਹਾਂ ਦੇ ਵੱਡੇ-ਵੱਡੇ ਜਰਨੈਲਾਂ ਨੂੰ ਸ਼ਹੀਦ ਕਰ ਦਿੱਤਾ ਸੀ।ਭਾਈ ਗੁਰਜੰਟ ਸਿੰਘ ਜਿੱਥੇ ਚੋਟੀ ਦਾ ਜਾਂਬਾਜ਼ ਜਰਨੈਲ ਸੀ ਉਥੇ ਗੰਭੀਰ ਅਤੇ ਖੁਸ਼ਦਿਲ ਸ਼ਖ਼ਸੀਆਤ ਵਾਲਾ ਨੌਜਵਾਨ ਵੀ ਸੀ। ਪੇਂਡੂ ਟੂਰਨਾਮੈਂਟਾਂ ‘ਤੇ ਵਾਲੀਵਾਲ ਦੇ ਮੈਚ ਖੇਡਣੇ ਅਤੇ ਮਾਣਕ ਦੀਆਂ ਕਲੀਆਂ ਸੁਣਨੀਆਂ ਉਸਦਾ ਅਵੱਲੜਾ ਸੌਂਕ ਸਨ। ਮਾਣਕ ਦੀਆਂ ਕਲੀਆਂ ਨੂੰ ਸੁਣਨਾ ਅਤੇ ਗਾਉਣਾ ਉਸਦੀ ਰੂਹ ਦੀ ਖੁਰਾਕ ਸੀ। ਉਸਦਾ ਇਕ ਦੋਸਤ ਜਿਹੜਾ ਗੀਤ ਲਿਖਣ ਦਾ ਸ਼ੌਕੀਨ ਸੀ, ਤੋਂ ਕੁਲਦੀਪ ਮਾਣਕ ਦੇ ਲਈ ਇਕ ਸਪੈਸ਼ਲ ਲੋਕ ਕਥਾ ਲਿਖਵਾਈ ਅਤੇ ਮਾਣਕ ਨੇ ਉਸਨੂੰ ਆਪਣੀ ਅਵਾਜ਼ ਵਿਚ ਰਿਕਾਰਡ ਵੀ ਕਰਵਾਇਆ। ਇਹ ਗੱਲ ਮਾਣਕ ਵੀ ਸਟੇਜਾਂ ‘ਤੇ ਕਦੇ ਕਦਾਈਂ ਲੋਰ ਵਿਚ ਆਇਆ ਆਖ ਦਿੰਦਾ ਸੀ। ਬਾਈ, ਇਹ ਗੀਤ ਜ਼ਰੂਰ ਸੁਣਿਓ, ਏਸ ਦੀ ਸਿਫਾਰਸ਼ ਕਰਨ ਵਾਲਾ ਬੰਦਾ ਬਹੁਤ ਵੱਡਾ ‘ਸੂਰਮਾ’ ਹੋਇਆ ਹੈ।
1989-90 ਵਿਚ ਕੇਐਲਐਫ ਦੇ ਵੱਡੇ ਐਕਸ਼ਨਾਂ ਨੇ ‘ਦਿੱਲੀ’ ਨੂੰ ਹਿਲਾ ਕੇ ਰੱਖ ਦਿੱਤਾ ਸੀ ਉਸ ਸਾਲ ਜੰਗਜੂਆਂ ਨੇ ਲੋਕਾਂ ਦੀ ਹਮਦਰਦੀ ਵੀ ਵੱਡੀ ਪੱਧਰ ‘ਤੇ ਜਿੱਤ ਲਈ ਸੀ।
29 ਜੁਲਾਈ 1992 ਨੂੰ ਲੁਧਿਆਣੇ ਵਿਖੇ ਭਾਈ ਗੁਰਜੰਟ ਸਿੰਘ ਦੀ ਸ਼ਹਾਦਤ ਹੋ ਗਈ ਤਾਂ ਪੰਜਾਬ ਵਿਚ ਇਕਦਮ ਸੁੰਨ ਪਸਰ ਗਈ ਸੀ, ਉਸਦੇ ਹਮਦਰਦਾਂ ਦੇ ਅੰਦਰ ਰੋਸ ਅਤੇ ਗੁੱਸੇ ਦੀ ਮਿਲੀਜੁਲੀ ਪ੍ਰਕਿਰਿਆ ਸੀ ਅਤੇ ਉਸ ਦਿਨ ਲੋਕਾਂ ਦੇ ਮਨਾਂ ਵਿਚ ਅੱਗ ਜ਼ਰੂਰ ਮਚੀ ਸੀ ਪਰ ਰਸੋਈਆਂ ਦੇ ਚੁੱਲਿਆਂ ਵਿਚ ਉਸ ਦਿਨ ਅੱਗ ਨਹੀਂ ਸੀ ਬਲੀ।ਬੇਦਿਲੀ ਵਿਚ ਤੇ ਬੇਹੱਦ ਨਿਰਾਸ਼ਾ ਦਾ ਆਲਮ ਸੀ, ਕਿਉਂਕਿ ਲਹਿਰ ਨੂੰ ਜਿਥੇ ਭਾਈ ਗੁਰਜੰਟ ਸਿੰਘ ਦਾ ਘਾਟਾ ਮਹਿਸੂਸ ਹੋ ਰਿਹਾ ਸੀ ਉੱਥੇ ਲਹਿਰ ਨੂੰ ਅੱਗੇ ਲਿਜਾਣ ਲਈ ਕਿਸੇ ਹੋਰ ਕਾਬਲ ਅਤੇ ਖਾੜਕੂ ਜਰਨੈਲ ਦੀ ਲੋੜ ਸੀ ਜਿਹੜਾ ਕਿ ਲੋਕਾਂ ਨੂੰ ਨਜ਼ਰ ਨਹੀਂ ਸੀ ਆ ਰਿਹਾ। ਪੁਲਿਸ ਨੇ ਉਸ ਦੇ ਪਰਿਵਾਰ ‘ਤੇ ਜ਼ੁਲਮ ਦਾ ਕਹਿਰ ਵਰਤਾਇਆ। ਉਸ ਦੇ ਦੋ ਭਰਾਵਾਂ ਦਾ ਕੁਝ ਵੀ ਅਤਾ-ਪਤਾ ਨਹੀਂ ਲੱਗਿਆ ਇਸ ਤੋਂ ਇਲਾਵਾ ਰਿਸ਼ਤੇਦਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਸ ਦੇ ਬਜ਼ੁਰਗ ਪਿਤਾ ਦੀਆਂ ਬਾਹਾਂ ‘ਤੇ ਗਰਮ ਲੁੱਕ ਪਾਈ ਗਈ ਅਤੇ ਕਈ ਤਰ੍ਹਾਂ ਨਾਲ ਜਲੀਲ ਕੀਤਾ ਗਿਆ।
ਪਿਛਲੇ ਕੁਝ ਸਮੇਂ ਤੋਂ ਲੋਕਾਂ ਨੇ ਆਪਣੇ ਪਿਆਰੇ ਜਰਨੈਲ ਦੀ ਯਾਦ ਵਿਚ ਉਸ ਦਾ ਸ਼ਹੀਦੀ ਦਿਹਾੜਾ ਮਨਾਉਣਾ ਸ਼ੁਰੂ ਕੀਤਾ ਹੈ ਭਾਵੇਂ ਸ਼ੁਰੂਆਤ ਵਿਚ ਇਸ ਦਾ ਦਾਇਰਾ ਛੋਟਾ ਰਿਹਾ ਪਰ ਇਕ ਦਿਨ ਜ਼ਰੂਰ ਆਵੇਗਾ ਜਦ ਇਸ ਮਹਾਨ ਜਰਨੈਲ ਦੀ ਯਾਦ ਵਿਚ ‘ਵੱਡੀ ਸ਼ਹੀਦੀ ਕਾਨਫਰੰਸ’ ਹੋਇਆ ਕਰੇਗੀ ਜਿਹੜੀ ਸਿੱਖ ਸੰਘਰਸ਼ ਦੇ ਨਾਇਕਾਂ ਅਤੇ ਖਾੜਕੂ ਲਹਿਰ ਦੇ ਇਤਿਹਾਸ ਨਾਲ ਸਰਸ਼ਾਰ ਨਵੀਂ ਪੀੜ੍ਹੀ ਲਈ ਰੋਸ਼ਨੀ ਦੀ ਕਿਰਣ ਬਣੇਗੀ।
‘ਇੰਡੀਆ ਟੂਡੇਜ਼” ਦੇ ਮੁਤਾਬਿਕ ਉਸ ਵਕਤ ਦੇ ਅੰਕ 17 ਵਿਚ ਦੱਸਿਆ ਗਿਆ ਹੈ ਕਿ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਕਈ ਪ੍ਰਮੁੱਖ ਪੁਲਿਸ ਅਫਸਰਾਂ ਅਤੇ ਸਿਆਸਤਦਾਨਾਂ ਦੀਆਂ ਹੱਤਿਆਵਾਂ ਦੇ ਲਈ ਜ਼ਿੰਮੇਵਾਰ ਸੀ।
ਪੁਲਿਸ ਦੀ ਇੱਕ ਰਿਪੋਰਟ ਦੇ ਅਨੁਸਾਰ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਨੂੰ 29 ਜੁਲਾਈ 1992 ਵਾਲੇ ਦਿਨ ਲੁਧਿਆਣਾ, ਪੰਜਾਬ, ਭਾਰਤ ਵਿਚ ਪੁਲਿਸ ਨੇ ਮਾਰ ਦਿੱਤਾ ਸੀ। ਉਸ ਦੀ ਮੌਤ ਦੇ ਵਕਤ ਉਹ, ਭਾਰਤ ਸਰਕਾਰ ਨੂੰ ਭਾਰਤ ਦੇ ਖਿਲਾਫ 37 ਮੁਕੰਮਲ ਕਾਰਵਾਈਆਂ ਵਿੱਚ ਲੋੜੀਂਦਾ ਸੀ।
(ਸਤਿਕਾਰ ਯੋਗ ਸਿਰਦਾਰ ਲਵਸ਼ਿੰਦਰ ਸਿੰਘ ਡੱਲੇਵਾਲ ਹੁਣਾਂ ਦੇ ਸਹਿਯੋਗ ਅਤੇ ਧੰਨਵਾਦ ਸਹਿਤ ਮਿਲੀ ਜਾਣਕਾਰੀ ‘ ਤੇ ਅਧਾਰਿਤ)
ਭੁੱਲਾਂ ਦੀ ਖਿਮਾ
ਗੁਰਦੀਪ ਸਿੰਘ ਜਗਬੀਰ ( ਡਾ.)
ਮੇਰੀ ਛੱਪ ਰਹੀ ਪੁਸਤਕ ‘365 ਦਿਨ ਸਿੱਖ ਇਤਿਹਾਸ ਦੇ’ ਦੇ ਵਿੱਚੋਂ: