ਪਿੰਡ ਬੱਛੋਆਣਾ ਦੇ ਵਸਨੀਕਾਂ ਦੀ ਸਹੂਲਤ ਲਈ ਨਹਿਰੀ ਪਾਣੀ ਦੀ ਸਪਲਾਈ ਦਿੱਤੀ : ਪ੍ਰਿੰਸੀਪਲ ਬੁੱਧ ਰਾਮ ਐਮ.ਐਲ.ਏ.
ਮਾਨਸਾ, 20 ਦਸੰਬਰ (ਨਾਨਕ ਸਿੰਘ ਖੁਰਮੀ)
ਹਲਕਾ ਬੁਢਲਾਡਾ ਦੇ ਪਿੰਡਾਂ ਵਿੱਚ ਹਰੇਕ ਵਸਨੀਕ ਨੂੰ ਪੀਣ ਵਾਲਾ ਸਾਫ ਪਾਣੀ ਦੇਣ ਲਈ ਮੇਰੇ ਯਤਨ ਲਗਾਤਾਰ ਜਾਰੀ ਹਨ। ਸਰਕਾਰ ਲਗਾਤਾਰ ਇਹਨਾਂ ਕਾਰਜਾਂ ਨੂੰ ਪਹਿਲ ਦੇ ਰਹੀ ਹੈ।
ਇਹ ਸ਼ਬਦ ਪ੍ਰਿੰਸੀਪਲ ਬੁੱਧ ਰਾਮ ਐਮ.ਐਲ.ਏ.ਹਲਕਾ ਬੁਢਲਾਡਾ ਨੇ ਪਿੰਡ ਬੱਛੋਆਣਾ ਵਿੱਚ ਵਾਟਰ ਵਰਕਸ ਨੂੰ ਨਹਿਰੀ ਪਾਣੀ ਦੀ ਸਪਲਾਈ ਵਾਲੀ ਪਾਈਪ ਲਾਈਨ ਦਾ ਉਦਘਾਟਨ ਕਰਦਿਆਂ ਪਿੰਡ ਵਾਸੀਆਂ ਨਾਲ ਸਾਂਝੇ ਕੀਤੇ।
ਉਹਨਾਂ ਦੱਸਿਆ ਕਿ ਪਿੰਡ ਬੱਛੋਆਣਾ ਦੇ ਵਾਟਰ ਵਰਕਸ ਨੂੰ ਪਹਿਲਾਂ ਧਰਤੀ ਹੇਠਲਾ ਪਾਣੀ ਪੀਣ ਲਈ ਦਿੱਤਾ ਜਾਂਦਾ ਸੀ। ਇਹ ਬੋਰ ਬੰਦ ਹੋਣ ਕਰਕੇ ਹੁਣ ਇਸ ਨੂੰ ਨਹਿਰੀ ਪਾਣੀ ਦੇਣ ਲਈ ਨਵੀਂ ਪਾਈਪ ਲਾਈਨ ਪਾਈ ਗਈ ਹੈ l ਜਿਸ ਤੇ 25 ਲੱਖ ਰੁਪੈ ਦੀ ਲਾਗਤ ਆਈ ਹੈ ।
ਪ੍ਰਸ਼ਾਸਨ ਵੱਲੋਂ ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਅਕਾਸ਼ ਬਾਂਸਲ ਆਈ.ਏ.ਐਸ. ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਮਾਨਸਾ ਨੇ ਦੱਸਿਆ ਕਿ ਇਸ ਪਿੰਡ ਲਈ ਇਹ ਵਿਸ਼ੇਸ ਗ੍ਰਾਂਟ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਆਮ ਆਦਮੀ ਪਾਰਟੀ ਦੇ ਬਿਕਰਮਜੀਤ ਸਿੰਘ ਸਾਹਨੀ ਮੈਂਬਰ ਪਾਰਲੀਮੈਂਟ (ਰਾਜ ਸਭਾ) ਵੱਲੋਂ ਪ੍ਰਾਪਤ ਹੋਈ ਸੀ।
ਪਿੰਡ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਹਰਵਿੰਦਰ ਸਿੰਘ ਸੇਖੋਂ ਨੇ ਇਸ ਪਾਈਪ ਲਾਈਨ ਦੇ ਕੰਮ ਵਾਸਤੇ ਗਰਾਂਟ ਜਾਰੀ ਕਰਨ ਲਈ ਬਿਕਰਮਜੀਤ ਸਿੰਘ ਸਾਹਨੀ ਐਮ.ਪੀ.(ਰਾਜ ਸਭਾ) ਅਤੇ ਪ੍ਰਿੰਸੀਪਲ ਬੁੱਧ ਰਾਮ ਐਮ.ਐਲ.ਏ.ਹਲਕਾ ਬੁਢਲਾਡਾ ਦਾ ਪਿੰਡ ਦੀ ਪੰਚਾਇਤ ਅਤੇ ਸਮੂਹ ਪਿੰਡ ਨਿਵਾਸੀਆਂ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਪਿੰਡ ਦੇ ਵਸਨੀਕ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਇਹਨਾਂ ਦੋਵੇਂ ਨੁਮਾਇੰਦਿਆਂ ਦੇ ਰਿਣੀ ਰਹਿਣਗੇ।
ਇਸ ਮੌਕੇ ਪਿੰਡ ਦੇ ਵਸਨੀਕਾਂ ਅਤੇ ਮੋਹਤਬਰ ਪੁਰਸ਼ਾਂ ਤੋਂ ਇਲਾਵਾ ਆਪ ਦੇ ਆਗੂ ਮੇਜਰ ਸਿੰਘ, ਚੰਦ ਸਿੰਘ, ਰਿੰਕੂ, ਪਿੰਡ ਦੇ ਸਰਪੰਚ ਆਪਣੀ ਸਮੁੱਚੀ ਟੀਮ ਨਾਲ ਹਾਜ਼ਰ ਸਨ।
ਇਸ ਮੌਕੇ ਪਿੰਡ ਦੇ ਡੇਰੇ ਦੇ ਗੱਦੀ ਨਸ਼ੀਨ ਬਾਬਾ ਰਵੀ ਸਿੰਘ ਵੱਲੋਂ ਆਪਣੇ ਡੇਰੇ ਵਿੱਚ ਵਿਸ਼ੇਸ ਤੌਰ ਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ , ਅਕਾਸ਼ ਬਾਂਸਲ ਆਈ.ਏ.ਐਸ.ਏ.ਡੀ.ਸੀ.(ਵਿਕਾਸ) ਮਾਨਸਾ ਅਤੇ ਬਾਹਰੋਂ ਪਹੁੰਚੇ ਪਤਵੰਤਿਆਂ ਦਾ ਵਿਸ਼ੇਸ ਸਨਮਾਨ ਕੀਤਾ।