06 ਜਨਵਰੀ (ਗਗਨਦੀਪ ਸਿੰਘ) ਬਾਬਾ ਬਕਾਲਾ ਸਾਹਿਬ: ਪਿਛਲੇ 38 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਭਾ ਦੇ ਮਰਹੂਮ ਬਾਨੀ ਸਰਪ੍ਰਸਤ ਅਤੇ ਕੌਮੀ ਸਵਤੰਤਰ ਦੇ ਬਾਨੀ ਸੰਪਾਦਕ ਸ: ਪ੍ਰਿਥੀਪਾਲ ਸਿੰਘ ਅਠੌਲਾ ਦੀ ਯਾਦ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਮਿਤੀ 8 ਜਨਵਰੀ 2024, ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਮੀਟਿੰਗ ਹਾਲ, ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ । ਇਹ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਦੱਸਿਆ ਹੈ ਕਿ ਇਸ ਮੌਕੇ 24ਵਾਂ ਪ੍ਰਿਥੀਪਾਲ ਸਿੰਘ ਅਠੌਲਾ ਯਾਦਗਾਰੀ ਐਵਾਰਡ ਸ਼੍ਰੋਮਣੀ ਪੰਥਕ ਤੇ ਪੰਜਾਬੀ ਕਵੀ ਡਾ: ਹਰੀ ਸਿੰਘ ਜਾਚਕ ਨੂੰ ਦਿੱਤਾ ਜਾਵੇਗਾ । ਇਸ ਮੌਕੇ ਡਾ: ਪਰਮਜੀਤ ਸਿੰਘ ਕਲਸੀ (ਜ਼ਿਲ੍ਹਾ ਭਾਸ਼ਾ ਅਫਸਰ, ਅੰਮ੍ਰਿਤਸਰ) ਬਤੌਰ ਮੁੱਖ ਮਹਿਮਾਨ ਅਤੇ ਡਾ: ਗੋਪਾਲ ਸਿੰਘ ਬੁੱਟਰ (ਸਾ: ਮੁਖੀ ਪੰਜਾਬੀ ਵਿਭਾਗ ਲਾਇਲਪੁਰ ਖਾਲਸਾ ਕਾਲਜ ਜਲੰਧਰ) ਵਿਸ਼ੇਸ਼ ਮਹਿਮਾਨ ਵਜੋਂ ਪੁੱਜਣਗੇ, ਜਦ ਕਿ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਦੀਪ ਦਵਿੰਦਰ ਸਿੰਘ (ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ), ਦਲਬੀਰ ਸਿੰਘ ਰਿਆੜ (ਚੇਅਰਮੈਨ ਪੰਜਾਬੀ ਲਿਖਾਰੀ ਸਭਾ ਜਲੰਧਰ), ਗਿਆਨ ਸਿੰਘ ਘਈ (ਪ੍ਰਧਾਨ ਰਣਜੀਤ ਪੰਜਾਬੀ ਸਾਹਿਤ ਸਭਾ ਅੰਮ੍ਰਿਤਸਰ), ਗਿਆਨੀ ਸੰਤੋਖ ਸਿੰਘ ਆਸਟਰੇਲੀਆ ਅਤੇ ਡਾ: ਗਗਨਦੀਪ ਸਿੰਘ (ਪ੍ਰਧਾਨ ਮਝੈਲਾਂ ਦੀ ਸੱਥ) ਕਰਨਗੇ । ਉਪਰੰਤ ਹਾਜ਼ਰੀਨ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵੀ ਦਰਬਾਰ ਹੋਵੇਗਾ । ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀ: ਮੀਤ ਪ੍ਰਧਾਨ ਮੱਖਣ ਭੈਣੀਵਾਲਾ, ਡਾ: ਪਰਮਜੀਤ ਸਿੰਘ ਬਾਠ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ ਅਤੇ ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਅਠੌਲਾ ਨੇ ਸਮੂਹ ਲੇਖਕਾਂ ਨੂੰ ਪੁੱਜਣ ਦੀ ਅਪੀਲ ਕੀਤੀ।
ਡਾ ਹਰੀ ਸਿੰਘ ਜਾਚਕ ਨੇ ਇਹ ਮਾਣਮੱਤਾ ਅਵਾਰਡ ਦਿੱਤੇ ਜਾਣ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਮੂਹ ਸੇਵਾਦਾਰਾਂ ਦਾ ਅਤੇ ਖਾਸ ਤੌਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਅਤੇ ਇਨ੍ਹਾਂ ਦੋਵਾਂ ਸਭਾਵਾਂ ਦੀ ਜਿੰਦ ਜਾਨ ਸਰਦਾਰ ਸ਼ੇਲਿੰਦਰਜੀਤ ਸਿੰਘ ਰਾਜਨ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।