04 ਅਗਸਤ (ਨਾਨਕ ਸਿੰਘ ਖੁਰਮੀ) ਬਠਿੰਡਾ: ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ ਵੱਲੋਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀ ਤਬਾਦਲਾ ਨੀਤੀ ਅਧੀਨ 2392 ਮਾਸਟਰ ਕੇਡਰ ਅਧਿਆਪਕ ਅਤੇ 569 ਲੈਕਚਰਾਰ, ਜਿੰਨਾ ਦੇ ਸੇਵਾ ਦੇ ਤਿੰਨ ਸਾਲ ਅਗੱਸਤ ਮਹੀਨੇ ਵਿੱਚ ਹੀ ਪੂਰੇ ਹੋਣ ਜਾ ਰਹੇ ਹਨ ਉਨ੍ਹਾਂ ਅਧਿਆਪਕਾਂ ਨੂੰ ਬਦਲੀ ਲਈ ਮੌਕਾ ਦਿੱਤੇ ਜਾਣ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਅਧਿਆਪਕਾਂ ਤੇ ਤਿੰਨ ਸਾਲ ਦੀ ਸ਼ਰਤ ਪੂਰੀ ਹੋਣ ਕਾਰਨ ਇਹਨਾਂ ਅਧਿਆਪਕਾਂ ਨੂੰ ਹਰ ਹਾਲਤ ਵਿੱਚ ਬਦਲੀ ਲਈ ਵਿਚਾਰਿਆ ਜਾਵੇ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਪ੍ਰਧਾਨ ਰੇਸ਼ਮ ਸਿੰਘ ਖੇਮੋਆਣਾ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਅਧਿਆਪਕਾਂ ਵਿੱਚੋਂ ਮਾਸਟਰ ਕਾਡਰ ਦੇ ਅਧਿਆਪਕਾਂ ਦੇ ਨਿਯੁਕਤੀ ਦੇ ਹੁਕਮ ਜੁਲਾਈ 2021 ਵਿੱਚ ਹੋਏ ਸਨ। ਇਨ੍ਹਾਂ ਅਧਿਆਪਕਾਂ ਦਾ ਪ੍ਰੋਬੇਸ਼ਨ ਦਾ ਸਮਾਂ ਜੁਲਾਈ 2024 ਵਿੱਚ ਖ਼ਤਮ ਹੁੰਦਾ ਸੀ। ਪ੍ਰੰਤੂ ਵਿਭਾਗ ਵੱਲੋਂ ਇਸ ਸਬੰਧੀ ਹਾਲੇ ਤੱਕ ਪੱਤਰ ਜਾਰੀ ਨਹੀਂ ਕੀਤਾ ਗਿਆ। ਇਸ ਤਰ੍ਹਾਂ ਇਨ੍ਹਾਂ ਅਧਿਆਪਕਾਂ ਨੂੰ ਕੁਝ ਦਿਨਾਂ ਦੇ ਫ਼ਰਕ ਕਰਕੇ ਤਬਾਦਲੇ ਤੋਂ ਅਯੋਗ ਠਹਿਰਾਏ ਜਾਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ। ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ, ਮੀਤ ਪ੍ਰਧਾਨ ਵਿਕਾਸ ਗਰਗ, ਵਿੱਤ ਸਕੱਤਰ ਅਨਿਲ ਭੱਟ, ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ ਅਤੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਖੇਮੋਆਣਾ ਨੇ ਦੱਸਿਆ ਕਿ ਇਨ੍ਹਾਂ ਅਧਿਆਪਕਾਂ ਵਿੱਚੋਂ ਬਹੁ- ਗਿਣਤੀ ਔਰਤ ਅਧਿਆਪਕਾਂਵਾ ਦੀ ਹੈ,ਜੋ ਆਪਣੇ ਘਰਾਂ ਤੋਂ ਕਰੀਬ 200 ਤੋਂ 300 ਕਿਲੋਮੀਟਰ ਦੂਰ ਸੇਵਾ ਕਰ ਰਹੀਆਂ ਹਨ। ਅਧਿਆਪਕ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਅਧਿਆਪਕਾਂ ਦੀ ਵੱਡੀ ਗਿਣਤੀ ਨੂੰ ਬਦਲੀਆਂ ਵਿੱਚ ਨਾ ਵਿਚਾਰਿਆ ਗਿਆ ਤਾਂ ਜੱਥੇਬੰਦੀ ਨੂੰ ਸੰਘਰਸ਼ ਲਈ ਮਜ਼ਬੂਰ ਹੋਣਾ ਪਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਿਲਾ ਆਗੂ ਰਣਦੀਪ ਕੌਰ ਖਾਲਸਾ ,ਬਲਜਿੰਦਰ ਕੌਰ, ਬਲਾਕ ਪ੍ਰਧਾਨ ਭੋਲਾ ਤਲਵੰਡੀ ਸਾਬੋ, ਭੁਪਿੰਦਰ ਸਿੰਘ ਮਾਈਸਰ ਖਾਨਾ ,ਰਾਜਵਿੰਦਰ ਸਿੰਘ ਜਲਾਲ, ਬਲਕਰਨ ਸਿੰਘ ਕੋਟਸ਼ਮੀਰ ਨੇ ਕਿਹਾ ਕਿ ਸੈਂਕੜੇ ਮੀਲਾਂ ਦੂਰ ਤੱਕ ਡਿਊਟੀ ਨਿਭਾਉਣ ਜਾਂਦੇ ਅਧਿਆਪਕਾਂ ਨਾਲ ਹਰ ਸਾਲ ਬਹੁਤ ਸਾਰੀਆਂ ਦੁਰਘਟਨਾਵਾਂ ਵਾਪਰਦੀਆਂ ਕਿਉਂਕਿ ਉਨਾਂ ਲਈ ਆਪਣੀ ਡਿਊਟੀ ਸਥਾਨ ਉੱਤੇ ਪਹੁੰਚਣਾ ਜਿੱਥੇ ਚੁਣੌਤੀ ਹੁੰਦਾ ਹੈ ਉੱਥੇ ਸਮੇਂ ਸਿਰ ਸਕੂਲਾਂ ਵਿੱਚ ਪਹੁੰਚਣ ਦਾ ਤਨਾਅ ਕਿੰਨੇ ਹੀ ਅਧਿਆਪਕਾਂ ਦੀ ਜਾਨ ਲੈ ਚੁੱਕਿਆ ਹੈ । ਇਸ ਲਈ ਵਿਭਾਗ ਅਤੇ ਸਰਕਾਰ ਇਹਨਾਂ ਅਧਿਆਪਕਾਂ ਨੂੰ ਬਦਲੀ ਲਈ ਹਰ ਹਾਲਤ ਮੌਕਾ ਦੇਵੇ ਜੇਕਰ ਵਿਭਾਗ ਵੱਲੋਂ ਇਹਨਾਂ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਨਾ ਦਿੱਤਾ ਗਿਆ ਤਾਂ ਇਸ ਦੇ ਖਿਲਾਫ ਜਥੇਬੰਦੀ ਤਿੱਖਾ ਸੰਘਰਸ਼ ਕਰੇਗੀ।