ਨਾਨਕ ਸਿੰਘ ਖੁਰਮੀ,ਮਾਨਸਾ 5 ਨਵੰਬਰ
ਬੀਤੇ ਦਿਨੀਂ ਸਰਕਾਰੀ ਸੈਕੰਡਰੀ ਸਕੂਲ (ਕੁੜੀਆਂ), ਖਿਆਲਾ ਕਲਾਂ ਵਿਖੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਕਰਵਾਈ ਗਈ। ਇਸ ਪ੍ਰਦਰਸ਼ਨੀ ਵਿੱਚ ਛੇ ਵੱਖ-ਵੱਖ ਥੀਮਾਂ ਅਧੀਨ ਮਾਨਸਾ ਬਲਾਕ ਦੇ ਲਗਭਗ 40 ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ ਸਰਕਾਰੀ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਵਿਦਿਆਰਥੀ ਸਹਿਜਦੀਪ ਸਿੰਘ ਨੇ ‘ਇੰਡੀਜਨਸ ਐਗਰੀਕਲਚਰ ਪ੍ਰੈਕਟਿਸ’ ਥੀਮ ਅਧੀਨ ਦੂਜਾ ਸਥਾਨ ਹਾਸਲ ਕੀਤਾ, ਜਦਕਿ ਨੌਵੀਂ ਜਮਾਤ ਦੇ ਵਿਦਿਆਰਥੀ ਦਲਜੀਤ ਸਿੰਘ ਨੇ ‘ਸਾਇੰਸ ਫਾਰ ਰੂਰਲ ਟਰਾਂਸਫਾਰਮੇਸ਼ਨ’ ਥੀਮ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦੀਆਂ ਪ੍ਰਾਪਤੀਆਂ ਵਿੱਚ ਵਾਧਾ ਕੀਤਾ। ਦੋਵਾਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨਾਲ ਸਕੂਲ ਵਿੱਚ ਖੁਸ਼ੀ ਦੀ ਲਹਿਰ ਹੈ। ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਵਿਗਿਆਨਕ ਸੋਚ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਦਾ ਨਤੀਜਾ ਹੈ।ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਸਕੂਲ ਮੁੱਖੀ ਹਰਪ੍ਰੀਤ ਸਿੰਘ ਸਿੱਧੂ ਅਤੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਹੋਰ ਉੱਚੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ ਗਿਆ।
ਫੋਟੋ: 2 ।ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਦੌਰਾਨ ਬੱਚੇ।
