ਗਦਰੀ ਗੁਲਾਬ ਕੌਰ ਦੀ ਸ਼ਹਾਦਤ ਨੂੰ ਸਮਰਪਿਤ, ਲੋਕ ਏਕਤਾ ਅਤੇ ਸਮਾਜਿਕ ਚੇਤਨਾ ਦਾ ਸੱਦਾ
ਬਰੈਂਪਟਨ (ਕੈਨੇਡਾ), 12 ਅਗਸਤ
(ਡਾ. ਮਿੱਠੂ ਮੁਹੰਮਦ)
ਅੱਜ ਮਹਿਲ ਕਲਾਂ ਦੀ ਸ਼ਹੀਦ ਕਿਰਨਜੀਤ ਕੌਰ ਦੀ 28ਵੀਂ ਬਰਸੀ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਸ਼ਾਨਦਾਰ ਢੰਗ ਨਾਲ ਮਨਾਈ ਗਈ। ਇਸ ਬਰਸੀ ਸਮਾਗਮ ਨੂੰ ਗਦਰੀ ਗੁਲਾਬ ਕੌਰ ਦੀ ਪ੍ਰੇਰਨਾਦਾਇਕ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ, ਜਿੱਥੇ ਔਰਤਾਂ ਉੱਤੇ ਹੋ ਰਹੇ ਜ਼ੁਲਮ, ਅੰਧਵਿਸ਼ਵਾਸ, ਫ਼ਲਸਤੀਨ ਵਿੱਚ ਨਸਲਕੁਸ਼ੀ, ਵਪਾਰਕ ਜੰਗਾਂ ਅਤੇ ਕੈਨੇਡਾ ਦੇ ਲੋਕਾਂ ਤੇ ਪਰਵਾਸੀਆਂ ਦੇ ਬੁਨਿਆਦੀ ਮੁੱਦਿਆਂ ‘ਤੇ ਗੰਭੀਰ ਚਰਚਾ ਹੋਈ।
ਗੁਰਮੀਤ ਸੁਖਪੁਰਾ ਨੇ ਕਿਰਨਜੀਤ ਕੌਰ ਲੋਕ ਘੋਲ ਦੇ ਇਤਿਹਾਸਕ ਪੱਖਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਹਨਾਂ ਦੱਸਿਆ ਕਿ ਇਹ ਘੋਲ ਸਿਆਸੀ ਤੇ ਅਦਾਲਤੀ ਗੱਠਜੋੜ ਖ਼ਿਲਾਫ਼ ਲੋਕ ਏਕਤਾ ਦਾ ਜੀਵੰਤ ਉਦਾਹਰਨ ਹੈ। ਉਹਨਾਂ ਤਿੰਨ ਲੋਕ ਆਗੁਆਂ– ਮਨਜੀਤ ਧਨੇਰ, ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਹੋਈ ਕੈਦ ਦੀ ਰਿਹਾਈ ਲਈ ਚੱਲੀ ਸਾਂਝੀ ਲੜਾਈ ਨੂੰ ਲੋਕ ਸੰਘਰਸ਼ਾਂ ਦਾ ਵਿਰਸਾ ਕਿਹਾ।
ਬਲਵਿੰਦਰ ਬਰਨਾਲਾ (ਆਗੂ, ਤਰਕਸ਼ੀਲ ਸੋਸਾਇਟੀ ਕੌਮਾਂਤਰੀ) ਨੇ ਗਦਰੀ ਗੁਲਾਬ ਕੌਰ ਦੀ ਕੁਰਬਾਨੀ ਦੀ ਗਾਥਾ ਸੁਣਾਉਂਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਮਾਜਿਕ ਵਿਕਾਸ ਵਿੱਚ ਔਰਤਾਂ ਦੀ ਭੂਮਿਕਾ ਨਿਰਣਾਇਕ ਹੈ। ਉਹਨਾਂ ਗਦਰ ਲਹਿਰ ਦੀ ਵਿਰਾਸਤ ਨੂੰ ਦੁਬਾਰਾ ਜੀਵੰਤ ਕਰਨ ਦਾ ਸੁਨੇਹਾ ਦਿੱਤਾ।
ਬਲਦੇਵ ਰਹਿਪਾ (ਪ੍ਰਧਾਨ, ਤਰਕਸ਼ੀਲ ਸੁਸਾਇਟੀ ਰੈਸ਼ਨਲਿਸਟ ਕੈਨੇਡਾ) ਨੇ ਕਿਹਾ ਕਿ ਸਮਾਜ ਵਿੱਚ ਫੈਲੀਆਂ ਰੂੜ੍ਹੀਵਾਦੀ ਕਦਰਾਂ, ਅੰਧਵਿਸ਼ਵਾਸ ਅਤੇ ਫਿਰਕੂ ਵੰਡਾਂ ਦੇ ਖ਼ਿਲਾਫ਼ ਚੇਤਨਾ ਅਤੇ ਸੰਘਰਸ਼ ਲਾਜ਼ਮੀ ਹਨ।
ਮਨਦੀਪ (ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜ਼ੇਸ਼ਨ) ਨੇ ਕਿਹਾ ਕਿ ਸਾਮਰਾਜੀ ਤਾਕਤਾਂ ਵਪਾਰਕ ਹਮਲਿਆਂ ਅਤੇ ਨਸਲਘਾਤੀ ਜੰਗਾਂ ਰਾਹੀਂ ਲੋਕਾਂ ‘ਤੇ ਆਰਥਿਕ ਬੋਝ ਪਾ ਰਹੀਆਂ ਹਨ। ਉਹਨਾਂ ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ‘ਤੇ ਸੰਸਾਰ ਭਰ ਦੇ ਲੋਕਾਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ। ਮਲੂਕ ਸਿੰਘ ਕਾਹਲੋਂ (ਆਗੂ, ਪੰਜਾਬੀ ਸਾਹਿਤ ਸਭਾ ਕੈਨੇਡਾ) ਨੇ ਬੁਨਿਆਦੀ ਹੱਕਾਂ ਦੀ ਲੜਾਈ ਦੇ ਨਾਲ-ਨਾਲ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਦੀ ਅਪੀਲ ਕੀਤੀ।
ਡਾ. ਮਿੱਠੂ ਮੁਹੰਮਦ ਨੇ ਕਿਰਨਜੀਤ ਲੋਕ ਘੋਲ ਨੂੰ ਲੋਕ ਸੰਘਰਸ਼ਾਂ ਦਾ ਚਾਨਣ ਮੁਨਾਰਾ ਕਰਾਰ ਦਿੱਤਾ।
ਸਮਾਗਮ ਵਿੱਚ ਸ਼ਾਮਲ ਹੋਏ ਬੁਲਾਰਿਆਂ ਵਿੱਚ ਕੁਲਦੀਪ ਬੋਪਾਰਾਏ, ਡਾ. ਸਤਿੰਦਰਜੀਤ ਕੌਰ, ਕਾਮਰੇਡ ਲਾਲ ਸਿੰਘ ਬੈਂਸ, ਸੋਹਨ ਸਿੰਘ ਢੀਂਡਸਾ, ਨਿਰਮਲ ਸੰਧੂ, ਅਮਰਦੀਪ ਸਿੰਘ ਆਦਿ ਸ਼ਾਮਿਲ ਸਨ। ਇਸ ਸਮੇਂ ਜਗਜੀਤ ਠੀਕਰੀਵਾਲ,ਜੋਧ ਸਿੰਘ ਜਵੰਧਾ ਬਰਜਿੰਦਰ ਸਿੰਘ ਬਰਾੜ,ਬਖ਼ਸ਼ੀਸ਼ ਸਿੰਘ ਕਪੂਰਥਲਾ,ਬਲਵਿੰਦਰ ਸਿੰਘ ਸਿੱਧੂ ਸਤਵਿੰਦਰ ਕੌਰ ਮਾਨ, ਮੈਡਮ ਸੀਮਾ, ਮੈਡਮ ਮੂਰਤੀ,ਵਜ਼ੀਰ ਗਿੱਲ ਪੱਤੀ ਬਠਿੰਡਾ, ਡਾਕਟਰ ਮਹਿੰਦਰ ਸਿੰਘ ਗਿੱਲ ਅਤੇ ਸੁਖਬੀਰ ਭੁੱਲਰ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ। ਮਾਸਟਰ ਰਾਮ ਕੁਮਾਰ ਭਦੌੜ ਅਤੇ ਬਲਜੀਤ ਬੈਂਸ ਨੇ ਇਨਕਲਾਬੀ ਗੀਤ ਪੇਸ਼ ਕਰਕੇ ਸਮਾਗਮ ਨੂੰ ਆਪਣੇ ਗੀਤਾਂ ਰਾਹੀਂ ਜੋੜੀ ਰੱਖਿਆ, ਜਦਕਿ ਸਟੇਜ ਸਕੱਤਰ ਦੀ ਭੂਮਿਕਾ ਖੁਸ਼ਪਾਲ ਗਰੇਵਾਲ ਨੇ ਨਿਭਾਈ।
ਇਕੱਠ ਵਿਚ ਪਾਸ ਕੀਤੇ ਮਤਿਆਂ ਵਜੋਂ ਫਲਸਤੀਨੀ ਲੋਕਾਂ ‘ਤੇ ਥੋਪੀ ਜੰਗ ਬੰਦ ਕਰਨ, ਕੈਨੇਡਾ ਵਿੱਚ ਵਰਕ ਪਰਮਿਟ ਸਮਾਪਤ ਹੋ ਰਹੇ ਵਿਦਿਆਰਥੀਆਂ ਲਈ ਵਾਜਬ ਪ੍ਰੋਗਰਾਮ ਸ਼ੁਰੂ ਕਰਨ ਅਤੇ ਭਾਰਤ ਵਿੱਚ 25 ਕਿਤਾਬਾਂ ‘ਤੇ ਲੱਗੀ ਪਾਬੰਦੀ ਹਟਾਉਣ ਦੀ ਮੰਗ ਕੀਤੀ ਗਈ।
ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਅਗਾਂਹਵਧੂ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸਨੂੰ ਲੋਕਾਂ ਵੱਲੋਂ ਵੱਡੀ ਪ੍ਰਸ਼ੰਸਾ ਮਿਲੀ।
ਅਖੀਰ ਵਿੱਚ ਲੈਕਚਰਾਰ ਗੁਰਮੀਤ ਸਿੰਘ ਸੁਖਪੁਰਾ ਨੇ ਜਿੱਥੇ ਸਾਰੇ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕੀਤਾ, ਉੱਥੇ ਬਰੈਂਪਟਨ ਦੇ ਲੋਕਲ ਮਸਲਿਆਂ ਜਿਵੇਂ ਹੈਲਥ ਸਿਸਟਮ,ਬੇਰੁਜ਼ਗਾਰੀ,ਚੋਰੀਆਂ ਅਤੇ ਸਿਖਰਾਂ ਨੂੰ ਸੂੰਹਦੀ ਮਹਿੰਗਾਈ ਆਦਿ ਮਸਲਿਆਂ ਸਬੰਧੀ ਕਮੇਟੀ ਬਣਾਉਣ ਦੀ ਅਪੀਲ ਕੀਤੀ, ਜਿਸਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ।