ਨਾਨਕ ਸਿੰਘ ਖੁਰਮੀ
ਸਭਿਆਚਾਰ,ਸਮਾਜ ਸੇਵੀ ਸੰਸਥਾਵਾਂ ਵੱਲੋਂ ਆਗੂਆਂ ਦਾ ਹੋਵੇਗਾ ਵਾਪਸੀ ‘ਤੇ ਸਨਮਾਨ
ਮਾਨਸਾ 11 ਅਗਸਤ: ਪਟਨਾ ਵਿਖੇ ਸੋਸ਼ਲਿਸਟ ਪਾਰਟੀ ਇੰਡੀਆ ਦੇ ਹੋਏ 8ਵੇਂ ਰਾਸ਼ਟਰੀ ਸੰਮੇਲਨ ਦੌਰਾਨ ਹਰਿੰਦਰ ਸਿੰਘ ਮਾਨਸ਼ਾਹੀਆ ਪਾਰਟੀ ਦੇ ਕੌਮੀ ਜਨਰਲ ਸਕੱਤਰ ਚੁਣੇ ਗਏ, ਜਦੋਂ ਕਿ ਬਲਰਾਜ ਨੰਗਲ ਕੌਮੀ ਸਕੱਤਰ, ਰਾਜਿੰਦਰ ਕੌਰ ਦਾਨੀ ਕੌਮੀ ਮੀਤ ਪ੍ਰਧਾਨ ਚੁਣੇ ਗਏ। ਇਹ ਤਿੰਨੇ ਹੀ ਆਗੂ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਹਨ।
ਹਰਿੰਦਰ ਸਿੰਘ ਮਾਨਸ਼ਾਹੀਆ ਪਿਛਲੇ ਲੰਮੇ ਸਮੇਂ ਤੋਂ ਮਾਨਸਾ ਜ਼ਿਲ੍ਹੇ ਦੀਆਂ ਯੂਥ ਕਲੱਬਾਂ, ਸਭਿਆਚਾਰ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ,ਉਹ ਵਰਤਮਾਨ ਸਮੇਂ ਦੌਰਾਨ ਸਭਿਆਚਾਰ ਚੇਤਨਾ ਮੰਚ ਮਾਨਸਾ ਦੇ ਪ੍ਰਧਾਨ,ਵੁਆਇਸ ਆਫ਼ ਮਾਨਸਾ ਦੇ ਸੀਨੀਅਰ ਆਗੂ ਵਜੋਂ ਕੰਮ ਕਰ ਰਹੇ ਹਨ, ਉਨ੍ਹਾਂ ਨੇ ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਤ ਸਰਗਰਮੀਆਂ ‘ਚ ਵਿਚਰਦਿਆਂ ਮਾਨਸਾ ਜ਼ਿਲ੍ਹੇ ਦੇ ਨੌਜਵਾਨਾਂ ਦੀ ਸੁਚੱਜੀ ਅਗਵਾਈ ਕੀਤੀ। ਬਲਰਾਜ ਨੰਗਲ ਜਿਥੇ ਨਾਮਵਰ ਸ਼ਾਇਰ ਹਨ, ਉਥੇ ਸਭਿਆਚਾਰ ਤੇ ਸਮਾਜ ਸੇਵੀ ਸਰਗਰਮੀਆਂ ਨਾਲ ਜੁੜੇ ਹੋਏ ਹਨ, ਰਾਜਿੰਦਰ ਕੌਰ ਦਾਨੀ ਪ੍ਰਸਿੱਧ ਰੰਗਕਰਮੀ, ਫ਼ਿਲਮੀ ਅਦਾਕਾਰ ਵਜੋਂ ਚੰਗਾ ਨਾਮਣਾ ਖੱਟ ਰਹੇ ਹਨ,ਇਹ ਤਿੰਨੇ ਆਗੂ ਹੀ ਸੋਸ਼ਲਿਸਟ ਪਾਰਟੀ ਇੰਡੀਆ ਨਾਲ ਪਿਛਲੇ ਲੰਮੇ ਅਰਸੇ ਤੋਂ ਸਰਗਰਮ ਭੂਮਿਕਾ ਨਿਭਾ ਰਹੇ ਹਨ, ਪਿਛਲੇ ਸਮੇਂ ਦੌਰਾਨ ਇਨ੍ਹਾਂ ਆਗੂਆਂ ਦੀ ਅਗਵਾਈ ਵਿੱਚ ਮਾਨਸਾ ਤੋਂ ਬਾਘਾ ਅਟਾਰੀ ਤੱਕ ਭਾਰਤ ਪਾਕਿਸਤਾਨ ਦੇ ਸਬੰਧਾਂ ਨੂੰ ਸੁਖਾਵੇਂ ਬਣਾਉਣ, ਵਪਾਰਕ ਰਿਸ਼ਤੇ ਵਧਾਉਣ ਨੂੰ ਲੈਣ ਕੇ ਇਕ ਸ਼ਾਂਤੀ ਪੈਦਲ ਮਾਰਚ ਵੀ ਕੀਤਾ ਗਿਆ ਸੀ।
ਵੁਆਇਸ ਆਫ਼ ਮਾਨਸਾ ਦੇ ਪ੍ਰਧਾਨ ਡਾ.ਜਨਕ ਰਾਜ ਸਿੰਗਲਾ ਅਤੇ ਸਭਿਆਚਾਰ ਚੇਤਨਾ ਮੰਚ ਮਾਨਸਾ ਦੇ ਜਨਰਲ ਸਕੱਤਰ ਹਰਦੀਪ ਸਿੱਧੂ ਨੇ ਦੱਸਿਆ ਕਿ ਪਟਨਾ ਤੋਂ ਵਾਪਸੀ ਮੌਕੇ ਭਲਕੇ 12 ਅਗਸਤ ਨੂੰ ਇਨ੍ਹਾਂ ਆਗੂਆਂ ਦਾ ਮਾਨਸਾ ਪਹੁੰਚਣ ‘ਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਵੁਆਇਸ ਆਫ਼ ਮਾਨਸਾ ਦੇ ਆਗੂਆਂ ਵਿਸ਼ਵਦੀਪ ਬਰਾੜ, ਡਾ.ਲਖਵਿੰਦਰ ਮੂਸਾ, ਬਲਵਿੰਦਰ ਸਿੰਘ ਕਾਕਾ, ਨਰਿੰਦਰ ਸ਼ਰਮਾ,ਬਿਕਰਮ ਮੰਘਾਣੀਆਂ, ਹਰਜੀਵਨ ਸਰਾਂ ,ਰਾਜ ਜੋਸ਼ੀ, ਪ੍ਰਿਤਪਾਲ ਸਿੰਘ, ਸਰਬਜੀਤ ਕੌਂਸ਼ਲ, ਕਮਲਜੀਤ ਮਾਲਵਾ, ਦਰਸ਼ਨ ਜਿੰਦਲ, ਨਰੇਸ਼ ਬਿਰਲਾ ਨੇ ਇਨ੍ਹਾਂ ਕੌਮੀ ਆਗੂਆਂ ਦੀ ਚੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।