*11 ਸਤੰਬਰ ਤੋਂ ਹੋਵੇਗੀ ਇਨਟੈਂਸੀਫਾਈਡ ਮਿਸ਼ਨ ਇੰਦਰਧਨੁਸ਼
5.0 ਮੁਹਿੰਮ ਦੀ ਸ਼ੁਰੂਆਤ
ਮਾਨਸਾ, 8 ਸਤੰਬਰ :
ਮਿਸ਼ਨ ਇੰਦਰਧਨੁਸ਼ ਤਹਿਤ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਸੰਪੂਰਨ ਟੀਕਾਕਰਨ ਦੀਆਂ ਮੁਕੰਮਲ ਤਿਆਰੀਆਂ ਦੇ ਸਬੰਧ ਵਿੱਚ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਰਸ਼ਦੀਪ ਸਿੰਘ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਏ.ਐਨ.ਐਮਜ਼, ਐਲ.ਐਚ.ਵੀ ਅਤੇ ਬੀ.ਈ.ਈਜ਼ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ 0 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਸੰਪੂਰਨ ਟੀਕਾਕਰਨ ਬਹੁਤ ਜ਼ਰੂਰੀ ਹੈ। ਸੰਪੂਰਨ ਟੀਕਾਕਰਨ ਬੱਚਿਆਂ ਨੂੰ ਮਾਰੂ ਰੋਗਾਂ ਤੋਂ ਬਚਾੳਂਦਾ ਹੈ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ 0 ਤੋਂ 5 ਸਾਲ ਦੇ ਹਰ ਬੱਚੇ ਅਤੇ ਗਰਭਵਤੀ ਔਰਤਾਂ ਦਾ ਸੰਪੂਰਨ ਟੀਕਾਕਰਨ ਸੁਨਿਸ਼ਚਿਤ ਕਰਨ ਲਈ ਤਿੰਨ ਪੜਾਵਾਂ ਵਿੱਚ ਇਨਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 5.0 ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦਾ ਟੀਚਾ ਹੈ ਕਿ ਮੀਜ਼ਲ ਅਤੇ ਰੁਬੇਲਾ ਨੂੰ ਪੋਲਿਓ ਦੀ ਤਰ੍ਹਾਂ ਭਾਰਤ ਵਿੱਚੋਂ ਅਗਲੇ ਸਾਲ ਤੱਕ ਖਤਮ ਕੀਤਾ ਜਾਵੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਕਿਹਾ ਕਿ ਮਿਸ਼ਨ ਇੰਦਰਧਨੁਸ਼ ਮੁਹਿੰਮ 11 ਤੋਂ 16 ਸਤੰਬਰ, 9 ਅਕਤੂਬਰ ਤੋਂ 14 ਅਕਤੂਬਰ ਅਤੇ 20 ਨਵੰਬਰ ਤੋਂ 25 ਨਵੰਬਰ ਤੱਕ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ 0 ਤੋਂ 5 ਸਾਲ ਦੇ ਅਜਿਹੇ ਬੱਚੇ ਤੇ ਗਰਭਵਤੀ ਔਰਤਾਂ ਕਵਰ ਕੀਤੇ ਜਾਣਗੇ ਜਿਹੜੇ ਕਿਸੇ ਨਾ ਕਿਸੇ ਕਾਰਨ ਸੰਪੂਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ ਅਤੇ ਇਸ ਮੁਹਿੰਮ ਦੌਰਾਨ ਮਾਈਗਰੇਟਰੀ ਆਬਾਦੀ ਦੇ ਬੱਚੇ ਅਤੇ ਭੱਠਿਆਂ ਆਦਿ ਤੇ ਕੰਮ ਕਰ ਰਹੀ ਲੇਬਰ ਦੇ ਬੱਚੇ ਅਤੇ ਗਰਭਵਤੀ ਔਰਤਾਂ ਵੀ ਇਸ ਮੁਹਿੰਮ ਦੌਰਾਨ ਟੀਕਾਰਕਨ ਰਾਹੀਂ ਕਵਰ ਕੀਤੇ ਜਾਣਗੇ।
ਇਸ ਮੌਕੇ ਬੀ.ਈ.ਈਜ਼ ਨੂੰ ਇਸ ਪ੍ਰੋਗਰਾਮ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ ਗਈਆਂ। ਉਨ੍ਹਾਂ ਟੀਕਾਕਰਨ ਲਈ ਲਾਭਪਾਤਰੀਆਂ ਦੀ ਐਂਟਰੀ ਯੂ ਵਿਨ ਪੋਰਟਲ ’ਤੇ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਰਾਜਵੀਰ ਕੌਰ, ਬੀ.ਈ.ਈ. ਬੁਢਲਾਡਾ ਹਰਬੰਸ ਲਾਲ, ਬੀ.ਈ.ਈ. ਖ਼ਿਆਲਾ ਕੇਵਲ ਸਿੰਘ ਅਤੇ ਬੀ.ਈ.ਈ ਸਰਦੂਲਗੜ੍ਹ ਤਰਲੋਕ ਸਿੰਘ ਹਾਜ਼ਰ ਸਨ।
0 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਹੋਵੇਗਾ ਸੰਪੂਰਨ ਟੀਕਾਕਰਨ-ਜ਼ਿਲ੍ਹਾ ਟੀਕਾਕਰਨ ਅਫ਼ਸਰ
Leave a comment