ਫੋਟੋ ਵਿੱਚ ਜਿਸ ਵਿਅਕਤੀ ਨੂੰ ਤੁਸੀਂ ਲਾਸ਼ ਚੁੱਕ ਕੇ ਲੈ ਕੇ ਜਾਂਦਿਆਂ ਦੇਖ ਰਹੇ ਹੋ ਇਹ ਲਾਸ਼ ਉਸਦੀ 17 ਸਾਲ ਦੀ ਭੈਣ ਦੀ ਹੈ ਜੋ 12ਵੀਂ ਜਮਾਤ ਦੀ ਵਿਦਿਆਰਥਣ ਸੀ। ਇਹ ਕੁੜੀ ਹਫਤਾ ਪਹਿਲਾਂ ਟਾਈਫਾਈਡ ਨਾਲ਼ ਬਿਮਾਰ ਸੀ। ਬੁੱਧਵਾਰ ਰਾਤ ਨੂੰ ਜਦੋਂ ਉਸਦੀ ਹਾਲਤ ਜਿਆਦਾ ਖਰਾਬ ਹੋ ਗਈ ਤਾਂ ਉਸ ਨੂੰ ਲਖੀਮਪੁਰ ਖੇੜੀ ਦੇ ਕਸਬੇ ਪਾਲੀਆ ਦੇ ਇੱਕ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਲਈ ਰੱਖਿਆ ਗਿਆ। ਡਾਕਟਰ ਨੇ ਉਸਦੀ ਭੈਣ ਦੀ ਹਾਲਤ ਨੂੰ ਨਾਜੁਕ ਦੱਸਿਆ ਅਤੇ ਇਲਾਜ ਵਾਸਤੇ ਲਖਨਊ ਲੈ ਕੇ ਜਾਣ ਲਈ ਕਿਹਾ ਪਰ ਪੈਸੇ ਦੇ ਕਮੀ ਅਤੇ ਹੜ੍ਹ ਕਾਰਨ ਠੱਪ ਹੋਈ ਆਵਾਜਾਈ ਕਰਕੇ ਉਹ ਲਖਨਊ ਨਹੀਂ ਜਾ ਸਕੇ। ਡਾਕਟਰੀ ਸਹੂਲਤ ਤੋਂ ਵਾਂਝੇ ਰਹਿ ਜਾਣ ਕਾਰਨ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਉਸ ਤੋਂ ਬਾਅਦ ਲਾਸ਼ ਨੂੰ ਜਦ ਘਰ ਲੈ ਕੇ ਜਾਣ ਲਈ ਕੋਈ ਪ੍ਰਬੰਧ ਨਾ ਹੋ ਸਕਿਆ ਤਾਂ ਅਖੀਰ ਉਸ ਦਾ ਭਰਾ ਆਪਣੀ ਭੈਣ ਦੀ ਲਾਸ਼ ਨੂੰ ਮੋਢੇ ‘ਤੇ ਰੱਖ ਕੇ ਪੈਦਲ ਹੀ 5 ਕਿਲੋਮੀਟਰ ਦੂਰ ਘਰ ਨੂੰ ਤੁਰ ਪਿਆ। ਜਿਕਰਯੋਗ ਹੈ ਕਿ ਭਾਰੀ ਮੀਂਹ ਪੈਣ ਕਾਰਨ ਉੱਤਰ ਪ੍ਰਦੇਸ਼ ਦੇ 12 ਜਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ ਤੇ 633 ਪਿੰਡਾਂ ਦੇ ਲਗਭਗ 18 ਲੱਖ ਲੋਕ ਇਸਦੀ ਮਾਰ ਝੱਲ ਰਹੇ ਹਨ। “ਡਬਲ ਇੰਜਣ” ਦੀ ਸਰਕਾਰ ਦੇ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਇਹ ਲੋਕ ਮਾੜੀਆਂ ਹਾਲਤਾਂ ਵਿੱਚ ਜਿੰਦਗੀ ਕੱਟ ਰਹੇ ਹਨ।