ਦੋਸਤੀ ਸ਼ਬਦ ਭਾਵੇਂ ਨਿੱਕਾ ਹੈ ਪਰ ਇਸ ਦਾ ਅਰਥ ਬਹੁਤ ਵਿਸ਼ਾਲ ਹੈ ।ਦੋਸਤੀ ਕਰਨੀ ਬਹੁਤ ਸੌਖੀ ਹੈ ਪਰ ਨਿਭਾਉਣੀ ਬਹੁਤ ਔਖੀ ਹੁੰਦੀ ਹੈ। ਸਵਾਰਥਹੀਨ ਦੋਸਤਾਂ ਅਤੇ ਅਸਲੀ ਮੋਤੀਆਂ ਦੀ ਦੁਨੀਆ ਵਿੱਚ ਬਹੁਤ ਘਾਟ ਹੈ। ਦੋਸਤੀ ਕਿਸੇ ਖਾਸ ਨਸਲ ਭਾਸ਼ਾ ਜਾਤ ਪਾਤ ਜਾਂ ਧਰਮ ਦੀ ਮੁਥਾਜ ਨਹੀਂ ਹੁੰਦੀ। ਕਈ ਵਾਰ ਦੋ ਅਣਜਾਣ ਇਨਸਾਨ ਕਿਤੇ ਮਿਲਦੇ ਹਨ ਗੱਲਾਂ ਬਾਤਾਂ ਵਿੱਚ ਦੋਸਤੀ ਹੋ ਜਾਂਦੀ ਹੈ।
ਕ੍ਰਿਸ਼ਨ ਸੁਦਾਮਾ ਦੀ ਦੋਸਤੀ ਦੀ ਮਿਸਾਲ ਰਹਿੰਦੀ ਦੁਨੀਆ ਤੱਕ ਜਿੰਦਾ ਰਹੇਗੀ ਤੇ ਨੌਜਵਾਨਾਂ ਲਈ ਸਦਾ ਪ੍ਰੇਰਨਾ ਸਰੋਤ ਬਣੀ ਰਹੇਗੀ। ਜਦੋਂ ਕਿਤੇ ਅਸੀਂ ਪੁਰਾਣੀਆਂ ਕਹਾਣੀਆਂ ਪੜਦੇ ਜਾਂ ਸੁਣਦੇ ਹਾਂ ਤਾਂ ਦੋਸਤੀ ਵਿੱਚ ਸਾਡਾ ਯਕੀਨ ਪੱਕਾ ਹੋ ਜਾਂਦਾ ਹੈ ਕਿ ਦੁਨੀਆਂ ਤੇ ਅਜਿਹੇ ਇਨਸਾਨ ਵੀ ਹੋ ਗੁਜਰੇ ਹਨ ਜਿਨਾਂ ਨੇ ਦੋਸਤੀ ਲਈ ਸਭ ਕੁਝ ਨਿਸ਼ਾਵਰ ਕਰ ਦਿੱਤਾ ਪਰ ਦੋਸਤੀ ਨੂੰ ਖਿੜੇ ਮੱਥੇ ਨਿਭਾਇਆ ਤੇ ਦੋਸਤੀ ਨੂੰ ਨਿੱਜੀ ਸਵਾਰਥਾਂ ਤੱਕ ਹੀ ਸੀਮਤ ਨਹੀਂ ਰੱਖਿਆ ਸਗੋਂ ਇਸ ਦੀ ਲਾਜ ਰੱਖੀ ਤੇ ਦੁਨੀਆਂ ਤੇ ਮਿਸਾਲ ਕਾਇਮ ਕੀਤੀ ਜੋ ਅੱਜ ਲਈ ਇੱਕ ਚਾਨਣ ਮੁਨਾਰਾ ਬਣ ਗਈ।
ਆਮ ਕਹਾਵਤ ਹੈ ਕਿ ਗਰੀਬ ਇਨਸਾਨ ਦੀ ਦੋਸਤੀ ਸਵਾਰਥ ਰਹਿਤ ਪਰ ਅਮੀਰ ਦੀ ਦੋਸਤੀ ਸਵਾਰਥ ਦੇ ਆਧਾਰਿਤ ਹੁੰਦੀ ਹੈ ਪਰ ਕਈ ਲੋਕ ਦੋਸਤੀ ਪਿੱਛੇ ਦੌਲਤ ਤੇ ਸ਼ੋਹਰਤ ਦੀ ਪਰਵਾਹ ਨਹੀਂ ਕਰਦੇ ਜੇਕਰ ਦੋਸਤੀ ਕਿਸੇ ਸਵਾਰਥ ਵੱਸ ਕੀਤੀ ਜਾਵੇ ਤਾਂ ਇਹ ਬਹੁਤ ਘੱਟ ਨਿਭਦੀ ਹੈ ਅੱਜ ਕੱਲ ਦੇ ਦੌਰ ਵਿੱਚ ਕਈ ਦੋਸਤ ਦੋਸਤੀ ਨੂੰ ਦਾਗ ਲਾ ਦਿੰਦੇ ਹਨ, ਜੇਕਰ ਕੁਝ ਸਵਾਰਥੀ ਇਨਸਾਨ ਵਿਚਕਾਰ ਆ ਜਾਣ ਤਾਂ। ਪੈਸਾ ਵੀ ਦੋਸਤੀ ਦੇ ਪਵਿੱਤਰ ਰਿਸ਼ਤੇ ਵਿੱਚ ਦੀਵਾਰ ਖੜੀ ਕਰ ਦਿੰਦਾ ਹੈ ਜੇਕਰ ਸੋਚਿਆ ਜਾਵੇ ਕਿ ਇਹ ਕਸੂਰ ਪੈਸੇ ਦਾ ਹੈ ਤਾਂ ਗਲਤ ਹੋਵੇਗਾ ਇਹਦਾ ਸਾਰਾ ਜਿੰਮੇਵਾਰ ਇੱਕ ਸਵਾਰਥੀ ਦੋਸਤ ਹੀ ਹੋ ਸਕਦਾ ਹੈ ਜੋ ਪੈਸੇ ਦੀ ਚਕਾ ਚੌਂਧ ਵਿੱਚ ਫਸ ਕੇ ਪਵਿੱਤਰ ਰਿਸ਼ਤੇ ਨੂੰ ਕਲੰਕਤ ਕਰਦਾ ਹੈ। ਇਸਦੇ ਬਿਲਕੁਲ ਉਲਟ ਕਈ ਪੈਸੇ ਵਾਲੇ ਇਨਸਾਨ ਅਮੀਰੀ ਦੀ ਪਰਵਾਹ ਕੀਤੇ ਬਿਨਾਂ ਦੋਸਤ ਦੇ ਪਵਿੱਤਰ ਰਿਸ਼ਤੇ ਤੇ ਦੌਲਤ ਭਾਰੂ ਨਹੀਂ ਹੋਣ ਦਿੰਦੇ। ਆਮ ਕਹਾਵਤ ਹੈ ਕਿ ਪੰਜੇ ਉਗਲਾਂ ਕਦੇ ਇੱਕੋ ਜਿਹੀਆਂ ਨਹੀਂ ਹੁੰਦੀਆਂ ਦੋਸਤੀ ਸਵੱਛ ਪਾਣੀ ਵਰਗੀ ਸੱਚੀ ਸੁੱਚੀ ਭਾਵਨਾ ਖੁਸ਼ਬੂਆਂ ਭਰੀ ਫੁੱਲਾਂ ਵਰਗੀ ਹੁੰਦੀ ਹੈ ਇਸਦੇ ਅਰਥ ਬਹੁਤ ਡੂੰਘੇ ਹਨ ਇਸ ਦੀ ਮਹਿਕ ਜ਼ਿੰਦਗੀ ਜਿਉਣ ਦਾ ਬਲ ਬਖਸ਼ਦੀ ਹੈ ਇਹ ਸਦਾ ਹੀ ਕੁਲ ਆਲਮ ਨੂੰ ਮਹਿਕਾਉਂਦੀ ਰਹਿੰਦੀ ਹੈ ਕਿਉਂਕਿ ਇਸ ਵਿੱਚ ਨਫਰਤ ਮੌਕਾ ਪ੍ਰਸਤੀ ਸੁਆਰਥ ਹੰਕਾਰ ਖੁਦਗਰਜੀ ਲਈ ਕੋਈ ਥਾਂ ਨਹੀਂ ਹੁੰਦੀ।
ਦੋਸਤੀ ਪਹਿਲਕਦਮੀ ਕਰਦੀ ਹੈ ਨਫਰਤਾਂ ਮਿਟਾਉਣ ਦੀ ਦਿਲਾਂ ਚੋਂ ਈਰਖਾ ਖਤਮ ਕਰਨ ਦੀ ਵੈਰ ਵਿਰੋਧ ਦਾ ਨਾਸ਼ ਕਰਨ ਦੀ ਕੱਟੜਤਾ ਦਾ ਗਲਾ ਨੱਪਣ ਦੀ ਦੂਰੀਆਂ ਨੂੰ ਨੇੜਤਾ ਬਖਸ਼ਣ ਦੀ। ਇਹ ਇੱਕ ਅਜਿਹਾ ਪਵਿੱਤਰ ਰਿਸ਼ਤਾ ਹੈ ਜੋ ਸਵਾਰਥ ਦੀ ਬੁਨਿਆਦ ਤੋਂ ਕੋਹਾਂ ਦੂਰ ਹੁੰਦਾ ਹੈ ਜੇਕਰ ਸਮਝਿਆ ਜਾਵੇ ਕਿ ਦੋਸਤੀ ਫੁੱਲਾਂ ਦਾ ਗੁਲਦਸਤਾ ਹੁੰਦਾ ਹੈ ਤਾਂ ਇਹ ਗਲਤ ਹੋਏਗਾ ਕਿਉਂਕਿ ਇਸ ਵਿੱਚ ਕੰਡੇ ਵੀ ਹਨ ਦੁੱਖ ਵੀ ਹਨ ਅਤੇ ਦਰਦ ਵੀ ਹੈ। ਵਿਸ਼ਵਾਸ ਦੀਆਂ ਲੀਹਾਂ ਤੇ ਟਿਕਿਆ ਇਹ ਰਿਸ਼ਤਾ ਵਿਸ਼ਵਾਸ ਖਤਮ ਹੋਣ ਤੇ ਆਤਮਹੱਤਿਆ ਅਤੇ ਦਮ ਤੋੜਨ ਵਰਗੇ ਕਾਰਨਾਮਿਆਂ ਤੋਂ ਵੀ ਪਿੱਛੇ ਨਹੀਂ ਹਟਦਾ ਸੋ ਵਿਸ਼ਵਾਸ ਨੂੰ ਕਾਇਮ ਰੱਖਣਾ ਤੇ ਦਗਾ ਨਾ ਦੇਣਾ ਚੰਗੇ ਸੱਚੇ ਸੁੱਚੇ ਦੋਸਤਾਂ ਦੀ ਨਿਸ਼ਾਨੀ ਹੈ। ਅੱਜ ਦੇ ਅਗਾਹ ਵਧੂ ਯੁਗ ਵਿੱਚ ਸੱਚੇ ਦੋਸਤ ਤੇ ਦੋਸਤ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ ਕਿਉਂਕਿ ਅਜੋਕੇ ਯੁਗ ਵਿੱਚ ਹਰ ਰਿਸ਼ਤਾ ਸਵਾਰਥ ਦੀਆਂ ਤੰਦਾਂ ਵਿੱਚ ਉਲਝ ਕੇ ਰਹਿ ਗਿਆ ਹੈ ਜਿਸ ਕਰਕੇ ਮਾਨਵੀ ਭਾਵਨਾਵਾਂ ਦੀ ਗਿਣਤੀ ਦਿਨੋ ਦਿਨ ਘੱਟ ਰਹੀ ਹੈ। ਦੋਸਤੀ ਦਾ ਰਿਸ਼ਤਾ ਤਾਂ ਟਿਕਿਆ ਹੀ ਆਪਸੀ ਪਿਆਰ ਅਤੇ ਸਾਂਝ ਤੇ ਹੈ ਜਿਸ ਵਿੱਚ ਕੁਰਬਾਨੀ ਵਿਸ਼ਵਾਸ ਸਹਿਣਸ਼ੀਲਤਾ ਦੀ ਅਹਿਮ ਭੂਮਿਕਾ ਹੈ। ਸਮਾਜ ਵਿੱਚ ਰਹਿੰਦਾ ਹਰ ਇਨਸਾਨ ਕਈ ਤਰ੍ਹਾਂ ਦੇ ਰਿਸ਼ਤੇ ਨਾਤਿਆਂ ਵਿੱਚ ਬੱਜਿਆ ਹੋਇਆ ਹੈ ਪਰ ਦੋਸਤੀ ਦਾ ਰਿਸ਼ਤਾ ਅਜਿਹੀਆਂ ਤੰਦਾਂ ਤੋਂ ਆਜ਼ਾਦ ਅਤੇ ਵਿਲੱਖਣ ਹੁੰਦਾ ਹੈ। ਜੇਕਰ ਦੋਸਤ ਨਾਲ ਹੋਣ ਤਾਂ ਮੌਤ ਵੀ ਇੱਕ ਤਿਉਹਾਰ ਜਾਪਦੀ ਹੈ ਪਰ ਦੋਸਤਾਂ ਤੋਂ ਬਿਨਾਂ ਤਿਉਹਾਰ ਵੀ ਇਕੱਲੇਪਣ ਦਾ ਅਹਿਸਾਸ ਕਰਾਉਂਦੇ ਹਨ। ਦੋਸਤੀ ਇੱਕ ਵਰਦਾਨ ਹੈ ਸੌਗਾਤ ਹੈ ਤੋਹਫਾ ਹੈ ਮਿਠਾਸ ਹੈ ਸੁੱਖ ਹੈ ਸਨਮਾਨ ਹੈ ਨਜ਼ਾਰਾ ਹੈ ਅਤੇ ਮਜਾ ਹੈ ਜਿਸ ਨੂੰ ਹਰ ਇੱਕ ਇਨਸਾਨ ਲੋਚਦਾ ਹੈ। ਇਹੀ ਇੱਛਾ ਜਿੰਦਗੀ ਨੂੰ ਨਵੀਂ ਸੇਧ ਦਿੰਦੀ ਹੈ ਇਸ ਰਿਸ਼ਤੇ ਵਿੱਚੋਂ ਸੰਸਾਰ ਰੂਪੀ ਦੌਲਤ ਦੇ ਸਭ ਰੰਗ ਨਜ਼ਰ ਆਉਂਦੇ ਹਨ ਜੇਕਰ ਕਿਸੇ ਦਾ ਦੋਸਤ ਰੁਸ ਜਾਵੇ ਤਾਂ ਉਸਨੂੰ ਉਹ ਸਮਾਂ ਮੌਤ ਯਾਦ ਕਰਾ ਦਿੰਦਾ ਹੈ ਅਤੇ ਦੋਸਤ ਦਾ ਵਿਛੋੜਾ ਜ਼ਿੰਦਗੀ ਦਾ ਅੰਤ ਹੋ ਨਿਬੜਦਾ ਹੈ। ਵਿਚਾਰਾਂ ਦੀ ਸਾਂਝ ਦੋਸਤੀ ਦਾ ਆਧਾਰ ਹੁੰਦੀ ਹੈ ਹਾਂ ਵਿਚਾਰਾਂ ਦਾ ਮਤਭੇਦ ਦੋਸਤੀ ਨੂੰ ਤੋੜਨ ਵਿੱਚ ਅਸਫਲ ਸਿੱਧ ਹੁੰਦਾ ਹੈ ਚੰਗੇ ਦੋਸਤ ਆਪਣੇ ਦੋਸਤ ਤੋਂ ਕੋਈ ਉਮੀਦ ਨਹੀਂ ਰੱਖਦੇ ਸਗੋਂ ਉਹਨਾਂ ਦੀ ਉਮੀਦ ਜਰੂਰ ਬਣਦੇ ਹਨ।
ਇਸੇ ਅਧਾਰ ਤੇ ਸ੍ਰੀ ਕ੍ਰਿਸ਼ਨ ਸੁਦਾਮਾ ਦੀ ਦੋਸਤੀ ਵੀ ਸਾਨੂੰ ਇਹੀ ਸੰਦੇਸ਼ ਦਿੰਦੀ ਹੈ ਦੋਸਤੀ ਦੇ ਪਵਿੱਤਰ ਰਿਸ਼ਤੇ ਦੀ ਬੁਨਿਆਦ ਨੂੰ ਪ੍ਰਭਾਵਿਤ ਕਰਨਾ ਵੀ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਇਹ ਸਵਾਰਥੀ ਨਹੀਂ ਸਗੋਂ ਆਪਣੀ ਸੂਝ ਬੂਝ ਤੇ ਅਧਾਰਤ ਹੁੰਦਾ ਹੈ ਚੜਦੀ ਜਵਾਨੀ ਦੋਸਤੀ ਲਾਉਣ ਦੀ ਅਸਲੀ ਸਟੇਜ ਹੈ ਤੇ ਇਸ ਸਮੇਂ ਲਾਈ ਦੋਸਤੀ ਜ਼ਿੰਦਗੀ ਪਰ ਨਿਭਦੀ ਵੀ ਹੈ। ਇਸ ਵਿੱਚ ਕਿਤੇ ਨਸਲ ਜਮਾਤ ਜਾਂ ਕਿਸੇ ਵਰਗ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਸੱਚੀ ਦੋਸਤੀ ਦੇ ਖੋਜੀ ਨਾ ਤਾਂ ਫਿਜਾਵਾਂ ਨੂੰ ਮੁੱਠੀਆਂ ਵਿੱਚ ਬੰਦ ਕਰਨ ਦੀ ਲਾਲਸਾ ਰੱਖਦੇ ਹਨ ਅਤੇ ਨਾ ਹੀ ਪਰਛਾਂਵਿਆਂ ਦੇ ਪਿੱਛੇ ਦੌੜਦੇ ਫਿਰਦੇ ਹਨ ਨਾ ਹੀਰੇ ਜਵਾਹਰਾਤ ਦੀ ਚਮਕ ਨਿਹਾਰਦੇ ਹਨ ਤੇ ਨਾ ਹੀ ਨਿੱਜੀ ਸਵਾਰਥ ਦੇਖਦੇ ਹਨ ਨਾ ਹੀ ਨਫਰਤਾਂ ਦੇ ਬੀਜ ਬੀਜ ਕੇ ਨਿਰਾਸ਼ਾ ਦੇ ਆਲਮ ਦਾ ਪਸਾਰਾ ਕਰਦੇ ਹਨ। ਉਹ ਤਾਂ ਦੋਸਤੀ ਵਿੱਚ ਮਾਨਵਤਾ ਵਿਸ਼ਵਾਸ ਤੇ ਸੁਹਿਰਦਤਾ ਦੇ ਬੀਜ ਬੀਜਦੇ ਹਨ। ਖੁਸ਼ੀਆਂ ਨੂੰ ਦਾਵਤ ਦਿੰਦੇ ਹਨ ਅਤੇ ਦੋਸਤੀ ਨਾਲ ਭਰਪੂਰ ਖਜ਼ਾਨਿਆਂ ਦੀ ਥਾਹ ਪਾਉਂਦੇ ਹਨ। ਉਹਨਾਂ ਖਜ਼ਾਨਿਆਂ ਦੀ ਜਿਨਾਂ ਨੂੰ ਦੋਹੀਂ ਹੱਥੀਂ ਲੁਟਾਉਣ ਤੇ ਵੀ ਕੋਈ ਘਾਟ ਨਾ ਆਵੇ ਸਗੋਂ ਖਜ਼ਾਨੇ ਭਰਪੂਰ ਹੋਣ ਸਗੋਂ ਦੂਣੇ ਚੋਣੇ ਵੀ ਹੋਣ। ਸੱਚੀ ਦੋਸਤੀ ਜਖਮਾਂ ਤੇ ਲੱਗਣ ਵਾਲੀ ਮਲਮ ਬਣਦੀ ਹੈ ਐਸੇ ਦੋਸਤ ਕਦੇ ਨਾ ਬਣੋ ਕਿ ਦੋਸਤੀ ਵਿੱਚ ਪਾੜ ਪੈ ਜਾਵੇ। ਆਮ ਹੀ ਕਹਾਵਤ ਹੈ ਕਿ “ਮੁੱਲ ਵਿਕਦਾ ਸੱਜਣ ਮਿਲ ਜਾਵੇ ਲੈ ਲਵਾਂ ਮੈਂ ਜਿੰਦ ਵੇਚ ਕੇ” ਦੋਸਤੀ ਦੇ ਮਾਅਣੇ ਸਮਝਣ ਵਾਲੇ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਦੋਸਤੀ ਦਾ ਪਵਿੱਤਰ ਦਰਿਆ ਸਦਾ ਵਗਦਾ ਰਹੇ ਇਸ ਨੂੰ ਕਦੇ ਵੀ ਕਿਸੇ ਦੀ ਨਜ਼ਰ ਨਾਲ ਲੱਗੇ ਇਸ ਦੀ ਪਵਿੱਤਰਤਾ ਸਦਾ ਪਵਿੱਤਰ ਰਹੇ ਕਦੇ ਵੀ ਅਪਵਿੱਤਰ ਨਾ ਹੋਵੇ। ਇਸ ਦੀ ਸਾਦਗੀ ਸਦਾ ਹੀ ਕਾਇਮ ਰਹੇ ਤੇ ਸੱਚੇ ਦੋਸਤ ਦੀ ਅੱਜ ਕੱਲ ਦੀ ਅਤੀ ਰਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਵੀ ਕ੍ਰਿਸ਼ਨ ਸੁਦਾਮਾ ਦੀ ਦੋਸਤੀ ਦੀ ਖੁਸ਼ਬੂ ਆਉਂਦੀ ਰਹੇ ਦੋਸਤੀ ਦਾ ਅਥਾਹ ਸਮੁੰਦਰ ਸਦਾ ਠਾਠਾਂ ਮਾਰਦਾ ਰਹੇ ਤੇ ਇਸ ਵਿੱਚ ਇਸ਼ਨਾਨ ਕਰਕੇ ਹਰ ਇਨਸਾਨ ਦੋਸਤੀ ਨਿਭਾਉਂਦਾ ਰਹੇ।
ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
95691-49556