ਮਾਨਸਾ 6 ਫਰਵਰੀ (ਨਾਨਕ ਸਿੰਘ ਖੁਰਮੀ ) ਇਥੋਂ ਨੇੜਲੇ ਪਿੰਡ ਫਫੜੇ ਭਾਈ ਕੇ ਵਿਖੇ ਸੰਯੁਕਤ ਕਿਸਾਨ ਮੋਰਚਾ ਜ਼ਿਲਾ ਮਾਨਸਾ ਦੀ ਮੀਟਿੰਗ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਦੇ ਨਾਂ ਜਾਰੀ ਕਰਦੇ ਆਂ ਪੰਜਾਬ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸੂਬਾ ਆਗੂ ਕਾਮਰੇਡ ਗੁਰਨਾਮ ਸਿੰਘ ਭੀਖੀ ਨੇ ਦੱਸਿਆ ਕਿ 9 ਫਰਵਰੀ ਨੂੰ ਦੇਸ਼ ਭਰ ਦੇ ਸਾਰੇ ਸੰਸਦ ਮੈਂਬਰਾਂ ਨੂੰ ਸੰਯੁਕਤ ਮੋਰਚੇ ਵੱਲੋਂ ਉਨਾਂ ਦੇ ਦਰਾਂ ਅਤੇ ਦਫਤਰਾਂ ਮੂਹਰੇ ਧਰਨੇ ਮਾਰ ਕੇ ਮੰਗ ਪੱਤਰ ਦਿੱਤੇ ਜਾਣਗੇ। ਮਾਨਸਾ ਜਿਲੇ ਅੰਦਰ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਦੇ ਦਫਤਰ ਮੂਹਰੇ 12 ਵਜੇ ਤੋਂ 2 ਵਜੇ ਤੱਕ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਮੰਗ ਪੱਤਰ ਸੌਂਪਿਆ ਜਾਵੇਗਾ।
ਮੀਟਿੰਗ ਤੋਂ ਉਪਰੰਤ ਕਿਸਾਨਾਂ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕੇਂਦਰੀ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਬਜਟ ਨੂੰ ਕਿਸਾਨ ਵਿਰੋਧੀ ਦੱਸਿਆ ਗਿਆ। ਉਹਨਾਂ ਕਿਹਾ ਕਿ ਬਿਹਾਰ ਦੇ ਵਿੱਚ ਸਤੰਬਰ ਅਕਤੂਬਰ ਵਿੱਚ ਚੋਣਾਂ ਹੋਣੀਆਂ ਹਨ ਜਿਸ ਕਰਕੇ ਬਜਟ ਪੇਸ਼ ਕਰਨ ਸਮੇਂ ਬਿਹਾਰ ਨੂੰ ਆਧਾਰ ਬਣਾਇਆ ਗਿਆ ਹੈ। ਛੋਟੇ ਕਿਸਾਨਾਂ ਦੀ ਲਿਮਿਟ 3 ਲੱਖ ਤੋਂ ਵਧਾ ਕੇ ਪੰਜ ਪੰਜ ਲੱਖ ਕਰ ਦਿੱਤੀ ਗਈ ਹੈ ਜਿਸ ਨਾਲ ਛੋਟਾ ਕਿਸਾਨ ਹੋਰ ਕਰਜ਼ੇ ਦੇ ਵਿੱਚ ਫਸੇਗਾ ਕਿਉਂਕਿ ਪੰਜ ਏਕੜ ਤੋਂ ਹੇਠਾਂ ਵਾਲਾ ਕਿਸਾਨ ਜੇਕਰ ਜੋਰ ਲਾ ਕੇ ਵੀ ਦੋਵੇਂ ਫਸਲਾਂ ਪੈਦਾ ਕਰੇ ਤਾਂ ਲਾਗਤ ਕੱਢ ਕੇ ਵੀ ਉਸਦੀ ਫਸਲ 5 ਲੱਖ ਦੀ ਨਹੀਂ ਹੁੰਦੀ ਜਿਸ ਕਰਕੇ ਉਹ ਕਰਜੇ ਦੇ ਜਾਲ ਚ ਫਸੇਗਾ। ਭਾਵੇਂ ਦਾਲਾਂ ਦਾ ਉਤਪਾਦਨ ਵਧਾਉਣ ਵਾਸਤੇ ਸਰਕਾਰ ਨੇ ਆਪਣੇ ਬਜਟ ਦੇ ਵਿੱਚ ਗੱਲ ਕਹੀ ਹੈ ਪਰ ਸਾਨੂੰ ਖਦਸ਼ਾ ਹੈ ਕਿ ਜਿਵੇਂ ਪਰਾਲੀ ਪ੍ਰਬੰਧਨ ਵਾਸਤੇ ਮਸ਼ੀਨਰੀ ਦਾ ਪ੍ਰਬੰਧ ਕੀਤਾ ਸੀ ਉਸ ਦਾ ਛੋਟੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਸਗੋਂ ਮਸ਼ੀਨੀ ਤਿਆਰ ਕਰਨ ਵਾਲੀਆਂ ਫਰਮਾਂ ਦੇ ਖਾਤੇ ਚ ਸਾਰੀ ਸਬਸਿਡੀ ਚਲੀ ਗਈ ਹੈ। ਇਸੇ ਤਰ੍ਹਾਂ ਹੀ ਦਾਲਾਂ ਦੇ ਬੀਜ ਜਦੋਂ ਕਿਸਾਨਾਂ ਨੂੰ ਦਿੱਤੇ ਜਾਣਗੇ ਉਸ ਦਾ ਫਾਇਦਾ ਵੀ ਬੀਜ ਵਿਕਰੇਤਾ ਕੰਪਨੀਆਂ ਨੂੰ ਹੀ ਹੋਵੇਗਾ। ਬਜਟ ਵਿੱਚ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਸਗੋਂ ਅਡਾਨੀ ਦੇ 26 ਸਾਈਲੋਜ ਨੂੰ ਬਣਾਉਣ ਵਾਸਤੇ ਪੰਜਾਬ ਦੇ ਅੰਦਰ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਸਾਡਾ ਮੌਜੂਦਾ ਮੰਡੀ ਸਿਸਟਮ ਵੀ ਪ੍ਰਭਾਵਿਤ ਹੋਵੇਗਾ। ਕੁਲ ਮਿਲਾ ਕੇ 9 ਫਰਵਰੀ ਨੂੰ ਸੰਸਦ ਮੈਂਬਰਾਂ ਨੂੰ ਚਿਤਾਇਆ ਜਾਵੇਗਾ ਕਿ ਜੋ ਕੇਂਦਰ ਸਰਕਾਰ ਨੇ ਨਵੀਂ ਖੇਤੀ ਵਪਾਰ ਨੀਤੀ ਲਿਆਂਦੀ ਹੈ ਉਸ ਦਾ ਪਾਰਲੀਮੈਂਟ ਦੇ ਵਿੱਚ ਵਿਰੋਧ ਕੀਤਾ ਜਾਵੇ।
ਮੀਟਿੰਗ ਵਿੱਚ ਬੀਕੇਯੂ ਏਕਤਾ ਡਕਾਉਂਦਾ ਦੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਤੇ ਦੇਵੀ ਰਾਮ ਰੰਗੜਿਆਲ, ਜਮਹੂਰੀ ਕਿਸਾਨ ਸਭਾ ਦੇ ਮਾਸਟਰ ਛੱਜੂ ਰਾਮ ਜੀ ਰਿਸ਼ੀ ਤੇ ਅਮਰੀਕ ਸਿੰਘ ਫਫੜੇ, ਬੀਕੇਯੂ ਡਕੌਂਦਾ ਦੇ ਮਹਿੰਦਰ ਸਿੰਘ ਭੈਣੀ ਬਾਘਾ, ਬੀਕੇਯੂ ਲੱਖੋਵਾਲ ਦੇ ਗੁਰਮੀਤ ਸਿੰਘ ਧਾਲੀਵਾਲ, ਕੁਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਰੂਪ ਸਿੰਘ ਢਿੱਲੋ, ਬੀਕੇਯੂ ਕਾਦੀਆਂ ਦੇ ਮਹਿੰਦਰ ਸਿੰਘ ਦਲੇਲ ਸਿੰਘ ਵਾਲਾ ਤੋਂ ਇਲਾਵਾ ਕਿਸੇ ਨਾਲ ਆਗੂ ਬਲਮ ਸਿੰਘ ਫਫੜੇ ਅਤੇ ਹਰਮੀਤ ਸਿੰਘ ਬੋੜਾਵਾਲ ਆਦਿ ਆਗੂ ਹਾਜਰ ਸਨ