
ਮਾਨਸਾ, 21 ਸਤੰਬਰ-(ਨਾਨਕ ਸਿੰਘ ਖੁਰਮੀ)
ਬਾਅਦ ਦੁਪਹਿਰ ਖਿਆਲਾ ਕਲਾਂ ਦੇ ਸਰਕਾਰੀ ਹਸਪਤਾਲ ਨਜਦੀਕ ਮਾਨਸਾ ਪਟਿਆਲਾ ਮੁੱਖ ਸੜਕ ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਇੱਕੋ ਵੇਲੇ ਚਾਰ ਗੱਡੀਆਂ ਦੀ ਟੱਕਰ ਹੋ ਗਈ। ਮਾਨਸਾ ਵੱਲੋਂ ਭੀਖੀ ਵੱਲ ਜਾ ਰਹੇ ਟਰੱਕ ਨੰਬਰ NL 01-N 3881 ਦਾ ਚਾਲਕ ਸੁਭਕਰਨ ਸਿੰਘ ਜਦੋਂ ਸੜਕ ਵਿੱਚ ਫਿਰਦੇ ਸੀਵਰੇਜ ਦੇ ਪਾਣੀ ਤੋਂ ਸਾਈਡ ਕਰਨ ਲੱਗਾ ਤਾਂ ਸਾਹਮਣੇ ਤੋਂ ਆ ਰਹੀ ਬਲੈਰੋ ਗੱਡੀ ਨਾਲ ਟਕਰਾ ਗਿਆ। ਬਲੈਰੋ ਗੱਡੀ ਟਕਰਾਉਂਣ ਕਾਰਨ ਬਹੁਤ ਉੱਚੀ ਅਵਾਜ ਪੈਦਾ ਹੋਈ ਅਤੇ ਟਰੱਕ ਦਾ ਮੂੰਹ ਘੁੰਮ ਕੇ ਪੁੱਠਾ ਹੋ ਗਿਆ। ਟਕਰਾਈ ਗੱਡੀ ਪਲਟ ਗਈ ਜਿਸ ਵਿੱਚ ਸਵਾਰ ਅਵਤਾਰ ਸਿੰਘ ਅਤੇ ਹਰਚੰਦ ਸਿੰਘ ਪਿੰਡ ਗਦਰਿਆਣਾ (ਹਰਿਆਣਾ)ਨੂੰ ਗੰਭੀਰ ਸੱਟਾਂ ਲੱਗੀਆਂ। ਬਲੈਰੋ ਵਿੱਚ ਸਵਾਰ ਤਿੰਨ ਵਿਆਕਤੀਆਂ ਅਤੇ ਦੋ ਘੋੜੀਆਂ ਨੂੰ ਮੌਕੇ ‘ਤੇ ਹਾਜਰ ਭੀੜ ਨੇ ਬਹੁਤ ਮੁਸ਼ਕਿਲ ਨਾਲ ਬਾਹਰ ਕੱਢਿਆ । ਭੀਖੀ ਵੱਲੋਂ ਆ ਰਹੀਆਂ ਦੋ ਕਾਰਾਂ ਟਰੱਕ ਅਤੇ ਪਲਟੀ ਹੋਈ ਬਲੈਰੋ ਜੀਪ ਵਿੱਚ ਜਾ ਵੱਜੀਆਂ। ਇੱਕ ਮਰੂਤੀ ਗੱਡੀ ਜਿਸ ਵਿੱਚ ਪੰਜ ਲੋਕ ਸਵਾਰ ਸਨ ਹਸਪਤਾਲ ਦੀ ਕੰਧ ਨਾਲ ਜਾ ਵੱਜੀ। ਕਾਰ ਸਵਾਰਾਂ ਨੂੰ ਵੀ ਸੱਟਾਂ ਲੱਗੀਆਂ। ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਹਸਪਤਾਲ ਨਜਦੀਕ ਪਿੰਡ ਖਿਆਲਾ ਕਲਾਂ ਦੀ ਸੀਵਰੇਜ ਦਾ ਪਾਣੀ ਮੁੱਖ ਸੜਕ ਵਿਚਕਾਰ ਵਗਦਾ ਹੈ। ਸੜਕ ‘ਤੇ ਪਾਣੀ ਹੋਣ ਕਾਰਨ ਪੈਦਲ ਅਤੇ ਮੋਟਰਸਾਈਕਲ ਚਾਲਕ ਸੜਕ ਦੇ ਵਿਚਕਾਰ ਤੁਰਦੇ ਹਨ। ਤੇਜ ਰਫਤਾਰ ਗੱਡੀਆਂ ਰਾਹਗੀਰਾਂ ਨੂੰ ਬਚਾਉਂਣ ਲਈ ਸੜਕ ਦੇ ਦੂਸਰੇ ਪਾਸੇ ਤੁਰਦੀਆਂ ਹਨ ਅਤੇ ਹਾਦਸੇ ਹੁੰਦੇ ਹਨ। ਅੱਜ ਵਾਲਾ ਹਾਦਸਾ ਵੀ ਮੋਟਰਸਾਈਕਲ ਸਵਾਰ ਨੂੰ ਬਚਾਉਂਣ ਕਰਕੇ ਹੀ ਵਾਪਰਿਆ। ਪਿੰਡ ਖਿਆਲਾ ਕਲਾਂ ਅਤੇ ਮਲਕਪੁਰ ਦੇ ਲੋਕਾਂ ਨੇ ਦੱਸਿਆ ਅਸੀਂ ਖਿਆਲਾ ਕਲਾਂ ਦੇ ਸਰਪੰਚ ਨੂੰ ਕਈ ਵਾਰ ਬੇਨਤੀ ਕੀਤੀ ਹੈ ਕਿ ਪਾਣੀ ਦਾ ਕੋਈ ਹੱਲ ਕਰੋ ਪਰ ਉਨ੍ਹਾਂ ਧਿਆਨ ਹੀ ਨਹੀਂ ਦਿੱਤਾ। ਲੋਕਾਂ ਦੱਸਿਆ ਇਸ ਰਸਤਿਓਂ ਦੋ ਸਕੂਲਾਂ ਦੇ ਵਿਦਿਆਰਥੀ ਵੀ ਪੈਦਲ ਲੰਘਦੇ ਹਨ ਅਤੇ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਸੀਵਰੇਜ ਦੇ ਪਾਣੀ ਦੇ ਨਿਕਾਸ ਲਈ ਪਿਛਲੇ ਸਾਲ ਹੀ ਪੰਜ ਲੱਖ ਰੁਪੈ ਦੀ ਗਰਾਂਟ ਵੀ ਜਾਰੀ ਹੋ ਚੁੱਕੀ ਹੈ ਪਰ ਆਪਸੀ ਖਹਿਬਾਜੀ ਕਾਰਨ ਪੰਚਾਇਤ ਲਾ ਹੀ ਨਹੀਂ ਰਹੀ। ਪਿੰਡਾਂ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਨਿੱਤ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਸੀਵਰੇਜ ਦੇ ਪਾਣੀ ਦਾ ਹੱਲ ਕਰਵਾਇਆ ਜਾਵੇ।