ਮਾਨਸਾ 17 ਜੁਲਾਈ (ਨਾਨਕ ਸਿੰਘ ਖੁਰਮੀ)-ਸਹੀਦ ਬਾਬਾ ਦੀਪ ਸਿੰਘ ਜੀ ਸੇਵਾ ਦਲ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਈਮੇਲ ਰਾਹੀਂ ਮਿਲ ਰਹੀਆਂ ਧਮਕੀਆ ਦੀ ਸਖਤ ਸਬਦਾਂ ਵਿਚ ਨਿੰਦਾ ਕਰਦਿਆਂ ਸਰਕਾਰ ਅਤੇ ਕੇਂਦਰੀ ਏਜੰਸੀਆਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸੀਆਂ ਨੂੰ ਸਖਤ ਸਜਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਿੱਖ ਧਰਮ ਦੀ ਸਭ ਤੋਂ ਉੱਚੀ ਧਾਰਮਿਕ ਪਵਿੱਤਰਤਾ ਅਤੇ ਸਰਬਸਾਂਝੀ ਵਾਲਤਾ ਦੀ ਪਹਿਚਾਨ ਹੈ। ਇਸ ਅਮਨ ਪਸੰਦ ਥਾਂ ਨੂੰ ਧਮਕੀਆਂ ਦੇਣਾ ਨਾ ਸਿਰਫ ਸਿੱਖ ਸੰਗਤਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ ਸਗੋਂ ਪੰਜਾਬ ਦੇ ਮਾਨ-ਸਨਮਾਨ ਅਤੇ ਧਾਰਮਿਕ ਏਕਤਾ ‘ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਇਸ ਧਮਕੀ ਭਰੀ ਈਮੇਲ ਦੇ ਪਿੱਛੇ ਕੌਣ-ਕੌਣ ਲਿਪਤ ਹਨ, ਇਹ ਪਤਾ ਲਗਾਉਣਾ ਅਤਿ ਲਾਜ਼ਮੀ ਹੈ। ਉਨ੍ਹਾਂ ਨੇ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਮਾਮਲੇ ਨੂੰ ਨਰਮੀ ਨਾਲ ਲਿਆ ਗਿਆ ਤਾਂ ਇਹ ਰੂਹਾਨੀ ਅਮਨ ਨੂੰ ਝੰਜੋੜਣ ਵਾਲਾ ਹੋਵੇਗਾ। ਉਨ੍ਹਾਂ ਸਿੱਖ ਸੰਗਤ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀਆਂ ਸਾਜਿਸਾਂ ਖਿਲਾਫ ਸੁਚੇਤ ਰਹਿਣ ਅਤੇ ਆਪਸੀ ਏਕਤਾ ਬਣਾਈ ਰੱਖਣ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਹੈ ਕਿ ਉਹ ਸੰਗਤਾਂ ਦੇ ਸਹਿਯੋਗ ਨਾਲ ਜਲਦੀ ਹੀ ਇਸ ਮਾਮਲੇ ਚ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਵੇ।