ਬਦਲਾਅ ਵਾਲੀ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ-ਹਰਿੰਦਰ ਮਾਨਸ਼ਾਹੀਆ
ਮਾਨਸਾ, 13 ਅਗਸਤ:(ਨਾਨਕ ਸਿੰਘ ਖੁਰਮੀ)
ਸੋਸ਼ਲਿਸਟ ਪਾਰਟੀ ਇੰਡੀਆ ਨੇ ਪੰਜਾਬ ਦੀਆਂ 117 ਵਿਧਾਨ ਸਭਾ ਅਤੇ ਬਿਹਾਰ ਦੀਆਂ 243 ਸੀਟਾਂ ‘ਤੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਪਟਨਾ (ਬਿਹਾਰ) ਵਿਖੇ ਨੈਸ਼ਨਲ ਸੰਮੇਲਨ ਦੌਰਾਨ ਪਾਰਟੀ ਨੇ ਕੌਮੀ ਪੱਧਰ ‘ਤੇ ਆਪਣੇ ਜਥੇਬੰਦਕ ਢਾਂਚੇ ਦੇ ਗਠਨ ਤੋਂ ਬਾਅਦ ਪੰਜਾਬ ਅਤੇ ਬਿਹਾਰ ਦੀਆਂ ਸਾਰੀਆਂ ਵਿਧਾਨ ਸਭਾ ਦੀਆਂ ਸੀਟਾਂ ‘ਤੇ ਚੋਣ ਲੜਨ ਦਾ ਦਾਅਵਾ ਠੋਕਿਆ ਹੈ। ਪਾਰਟੀ ਵੱਲੋਂ ਇਨ੍ਹਾਂ ਦੋਵੇਂ ਰਾਜਾਂ ਦੀਆਂ ਚੋਣਾਂ ਦੌਰਾਨ ਦੇਸ਼ ਵਿੱਚ ਸਿਹਤ, ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦੇ ਹਕੀਕਤ ਵਾਅਦਿਆਂ ਨਾਲ ਲੋਕਾਂ ਤੋਂ ਭਰਵੇਂ ਸਾਥ ਦੀ ਮੰਗ ਕੀਤੀ ਜਾਵੇਗੀ।
ਪਟਨਾ (ਬਿਹਾਰ) ਵਿਖੇ ਹੋਏ ਸੰਮੇਲਨ ਤੋਂ ਵਾਪਸ ਪਰਤੇ ਨਵ ਨਿਯੁਕਤ ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਜਿਨ੍ਹਾਂ ਦਾ ਮਾਨਸਾ ਵਿਖੇ ਪਹੁੰਚਣ ‘ਤੇ ਇਲਾਕੇ ਭਰ ਦੀਆਂ ਸਮਾਜਿਕ ਸੰਸਥਾਵਾਂ ਵੱਲ੍ਹੋਂ ਕੀਤੇ ਭਰਵੇਂ ਸਵਾਗਤ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਸੋਸ਼ਲਿਸਟ ਪਾਰਟੀ ਇੰਡੀਆ ਦੇਸ਼ ਭਰ ‘ਚ ਸਹੀ ਅਰਥਾਂ ਵਿੱਚ ਸਮਾਜਵਾਦ ਲੈਣ ਕੇ ਆਉਣ ਦੇ ਦਾਅਵੇ ਨਾਲ ਲੋਕਾਂ ਕੋਲ ਜਾਵੇਗੀ।
ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਅਜ਼ਾਦੀ ਦੇ ਲੰਬੇ ਅਰਸੇ ਦੌਰਾਨ ਦੇਸ਼ ਉਪਰ ਕਾਂਗਰਸ, ਭਾਜਪਾ ਨੇ ਵਾਰੀ ਵਾਰੀ ਰਾਜ ਭਾਗ ਸੰਭਾਲਦਿਆਂ ਦੇਸ਼ ਨੂੰ ਲੁੱਟਣ ਤੋਂ ਸਿਵਾਏ ਕੁੱਝ ਨਹੀਂ ਕੀਤਾ,ਜਿਸ ਕਰਕੇ ਅੱਜ ਦੇਸ਼ ਕੰਗਾਲੀ ਦੇ ਰਾਹ ‘ਤੇ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਰਦਿਆਂ ਕਿਹਾ ਕਿ ਉਨ੍ਹਾਂ ਨੇ ਦੁਨੀਆਂ ਭਰ ਦੇ ਦੌਰਿਆਂ ਦੌਰਾਨ ਦੇਸ਼ ਦਾ ਅਰਥਾਂ ਖਰਬਾਂ ਰੁਪਿਆ ਹੀ ਬਰਬਾਦ ਕੀਤਾ ਹੈ,ਪਰ ਸਹੀ ਮਾਅਨਿਆਂ ਵਿੱਚ ਉਹ ਦੇਸ਼ਾਂ ਨਾਲ ਲੋੜੀਂਦੇ ਸਾਰਥਿਕ ਤੇ ਚੰਗੇ ਵਪਾਰਿਕ ਸਬੰਧ ਬਣਾਉਣ ‘ਚ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ। ਗਵਾਂਢੀ ਦੇਸ਼ਾਂ ਨਾਲ ਲੜੀਆਂ ਜੰਗਾਂ ਨਾਲ ਪੈਸਾ ਤੇ ਫੌਜਾਂ ਦੇ ਜਵਾਨ ਹੀ ਗੁਆਏ ਹਨ।
ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਦੋਸ਼ ਲਾਇਆ ਕਿ ਪੰਜਾਬ ਦੀ ਰਾਜਨੀਤੀ ਵਿੱਚ ਬਦਲਾਅ ਦੇ ਨਾਅਰੇ ਨਾਲ ਸੱਤਾ ‘ਚ ਆਈ ਭਗਵੰਤ ਮਾਨ ਸਰਕਾਰ ਵੀ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਰਾਜ ਭਾਗ ‘ਚ ਭ੍ਰਿਸ਼ਟਾਚਾਰ ਵਧਿਆ ਹੈ, ਸਰਕਾਰ ਦੇ ਸਿੱਖਿਆ, ਸਿਹਤ ਸੁਧਾਰ ਦੇ ਦਾਅਵੇ ਵੀ ਖੋਖਲੇ ਸਿੱਧ ਹੋਏ ਹਨ।
ਇਸ ਮੌਕੇ ਹਾਜ਼ਰ ਨਵ ਨਿਯੁਕਤ ਕੌਮੀ ਸਕੱਤਰ ਬਲਰਾਜ ਨੰਗਲ ਨੇ ਕਿਹਾ ਕਿ ਪੰਜਾਬ ਅਤੇ ਬਿਹਾਰ ਦੀਆਂ ਚੋਣਾਂ ਤੋਂ ਪਹਿਲਾਂ ਦੋਵੇਂ ਰਾਜਾਂ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਹਰ ਵਰਗ ਦੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਬਣਦੀ ਪ੍ਰਤੀਨਿਧਤਾ ਦਿੱਤੀ ਜਾਵੇਗੀ।
ਮਾਨਸਾ ਵਿਖੇ ਕੀਤੇ ਸਵਾਗਤ ਦੌਰਾਨ ਵੁਆਇਸ ਆਫ਼ ਮਾਨਸਾ ਦੇ ਪ੍ਰਧਾਨ ਡਾ.ਜਨਕ ਰਾਜ ਸਿੰਗਲਾ, ਜਨਰਲ ਸਕੱਤਰ ਵਿਸ਼ਵਦੀਪ ਬਰਾੜ, ਕੋਆਰਡੀਨੇਟਰ ਡਾ.ਲਖਵਿੰਦਰ ਸਿੰਘ ਮੂਸਾ,ਸਾਬਕਾ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਸੀਨੀਅਰ ਸੀਟੀਜਨ ਐਸੋਸੀਏਸ਼ਨ ਦੇ ਪ੍ਰਧਾਨ ਬਿੱਕਰ ਮਘਾਣੀਆ, ਸੇਵਾ ਮੁਕਤ ਐੱਸ ਡੀ ਓ ਨਰਿੰਦਰ ਸ਼ਰਮਾਂ,ਪ੍ਰੋ ਹਰਜੀਵਨ ਸਰਾਂ , ਅਸ਼ੋਕ ਬਾਂਸਲ ਮਾਨਸਾ, ਹਰਦੀਪ ਸਿੱਧੂ, ਨਰੇਸ਼ ਬਿਰਲਾ, ਪ੍ਰਿਤਪਾਲ ਸਿੰਘ, ਬਿੱਟੂ ਮਾਨਸਾ, ਬਲਜਿੰਦਰ ਸੰਗੀਲਾ,ਸਮਾਜ ਸੇਵੀ ਜੀਤ ਕੌਰ ਦਹੀਆ,ਸੇਠੀ ਸਿੰਘ ਸਰਾਂ, ਨਿਰਮਲ ਮੌਜੀਆ, ਸਰਪੰਚ ਪਾਲ ਸਿੰਘ ਮੌਜੀਆ,ਰਾਜਿੰਦਰ ਮੋਨੀ ਵੀ ਹਾਜ਼ਰ ਸਨ।