ਸੁਖਮੀਤ ਦੀ ਇਸ ਲਿਖਤ ਨਾਲ ਪਾਈ ਪਹਿਲੀ ਤਸਵੀਰ ਵੇਖਕੇ ਕਹਿਣ ਨੂੰ ਦਿਲ ਕਰਦੈ ਕਿ “ ਕੂਲ਼ੇ ਹੱਥਾਂ ਨਾਲ਼ ਕਦੀ ਮੈਡਲ ਨਹੀਂ ਜਿੱਤੇ ਜਾਂਦੇ ਹੱਥਾਂ ਤੇ ਪਏ ਹੋਏ ਅੱਟਣਾਂ ਵਿੱਚੋਂ ਹੀ ਸੋਨਾ ਨਿਕਲਦੈ “ ।
ਮਾਨਸਾ ਜਿਲੇ ਦੇ ਪਿੰਡ ਕਿਸ਼ਨਗੜ੍ਹ ਫਰਵਾਹੀਂ ਦੇ ਜੰਮਪਲ ਸੁਖਮੀਤ ਸਮਾਘ ਨੇ, 2018 ਵਿੱਚ ਹੋਈਆਂ ਏਸ਼ੀਅਨ ਗੇਮਾਂ ਵਿੱਚੋਂ ਸੋਨੇ ਦਾ ਮੈਡਲ ਜਿੱਤਣ ਲਈ ਕਿਹੜੀਆਂ ਕਿਹੜੀਆਂ ਮੰਜ਼ਲਾਂ ਸਰ ਕੀਤੀਆਂ, ਇਹੀ ਦੱਸਣ ਲਈ ਵਾਰਤਾ ਸ਼ੁਰੂ ਕੀਤੀ ਹੈ ਇਸ ਫ਼ੌਜੀ ਨੌਜਵਾਨ ਦੀ । ਮੈਡਲ ਜਿੱਤਣੇ ਸੁਖਾਲ਼ੇ ਨੀ ਹੁੰਦੇ ਦੋਸਤੋ, ਇਸ ਮੰਜ਼ਲ ਤੇ ਪਹੁੰਚਣ ਲਈ ਸਾਲਾਂ ਬੱਧੀ ਖ਼ੂਨ ਪਸੀਨਾ ਇੱਕ ਕਰਨਾ ਪੈਦਾ ਹੈ । ਸੁਖਮੀਤ ਵੀ ਤਾਂ ਜਿੱਤੇ ਹੋਏ ਮੈਡਲ ਨੂੰ ਤਲ਼ੀ ਉੱਪਰ ਰੱਖ ਕੇ ਕਦੀ ਮੈਡਲ ਵੱਲ ਵੇਖਦੈ ਤੇ ਕਦੀ ਹੱਥ ਤੇ ਬਣੇ ਜਿੱਤ ਦੇ ਨਿਸ਼ਾਨ । ਜਿੱਤੇ ਹੋਏ ਸੋਨੇ ਦੇ ਮੈਡਲ ਨਾਲ ਗੱਲਾਂ ਕਰਦਾ ਇਹੀ ਤਾਂ ਕਹਿੰਦੈ….
“ ਅਸੀਂ ਕੀ ਕੀ ਪਾਪੜ ਵੇਲੇ ਓਏ ਸੱਜਣਾਂ ਤੇਰੇ ਲਈ
ਕਦੀ ਚਾਕ ਬਣੇ ਕਦੀ ਚੇਲੇ ਓਏ ਸੱਜਣਾਂ ਤੇਰੇ ਲਈ “ ।
ਮੈਡਲ ਜਿੱਤਣ ਲਈ ਲਏ ਗਏ ਸੁਪਨੇ ਸਾਕਾਰ ਫੇਰ ਹੀ ਹੁੰਦੇ ਨੇ,ਜੇ ਜ਼ਿੰਦਗੀ ਦੇ ਐਸ਼ੋ ਅਰਾਂਮ ਤਿਆਗ ਕੇ ਖੇਡ ਮੈਦਾਨ ਨਾਲ ਪੱਕੀ ਯਾਰੀ ਗੰਢ ਲਈ ਜਾਵੇ । ਖੇਡ ਦਾ ਮੈਦਾਨ ਖਿਡਾਰੀ ਨੂੰ ਵਾਜਾਂ ਮਾਰਕੇ ਕਹਿੰਦੈ, ਆ ਮੇਰੇ ਲਾਲ ਮੈਂ ਤੇਰੇ ਮੁੜ੍ਹਕੇ ਦੀ ਖੁਸ਼ਬੋ ਨੂੰ ਤਰਸਿਆ ਪਿਆਂ । ਮੇਰੇ ਨਾਲ਼ੋਂ ਸੰਗ ਨਾਂ ਤੋੜੀਂ, ਮੈ ਤੈਨੂ ਤੇਰੀ ਮੰਜ਼ਲ ਤੇ ਪਹੁੰਚਾ ਕੇ ਹੀ ਦਮ ਭਰਾਂਗਾ । ਤੇ ਫਿਰ ਜਿਸ ਖਿਡਾਰੀ ਨੇ ਖੇਡ ਮੈਦਾਨ ਨਾਲ ਨਾਤਾ ਜੋੜ ਲਿਆ ਓਹਦੇ ਅੰਦਰਲਾ ਸੁਖਮੀਤ ਜਾਗ ਪੈਂਦਾ ਹੈ । ਇਸ ਮੁਕਾਮ ‘ਤੇ ਪਹੁੰਚਣ ਵਾਲੇ ਖਿਡਾਰੀ ਬਾਰੇ ਕੋਟ ਲੱਲੂ ਵਾਲੇ ਗੁਰਜੰਟ ਚਹਿਲ ਦੀ ਇੱਕ ਕਵਿਤਾ ਦੇ ਬੋਲ ਵੀ ਇਹੀ ਕੁੱਝ ਕਹਿ ਰਹੇ ਨੇ…..
“ ਮੰਜ਼ਲ ਪਾਉਣ ਲਈ ਲੋਹੇ ਵਾਂਗੂ ਢਲਣਾ ਪੈਦਾ ਏ
ਜਿਵੇਂ ਮੱਖਣ ਲਈ ਦੁੱਧ ਨੂੰ ਅੱਗ ‘ਤੇ ਕੜ੍ਹਨਾਂ ਪੈਦਾ ਏ
ਹੱਥੀਂ ਅੱਟਣ ਪੈਰਾਂ ‘ਚੋਂ ਵੀ ਖ਼ੂਨ ਸਿੰਮਦਾ ਏ
ਹਰ ਮੁਸ਼ਕਲ ਨਾਲ ਆਢਾ ਲਾ ਕੇ ਲੜਨਾ ਪੈਦਾ ਏ
ਗਲ਼ ਵਿੱਚ ਮੈਡਲ ਸੋਨੇ ਵਾਲਾ ਪਾਉਣ ਲਈ
ਚੋਟੀ ਦੇ ਗੁਰੂਆਂ ਦਾ ਲੜ ਫੜਨਾ ਪੈਂਦਾ ਏ “ ।
ਸੁਖਮੀਤ ਇਸ ਮੰਜ਼ਲ ਤੀਕ ਕਿਵੇਂ ਪਹੁੰਚਿਆ , ਰੇਤਲੇ ਰਾਹਾਂ ਦੇ ਰਾਹੀਂ ਨੂੰ ਕਿਹੜੇ ਕਿਹੜੇ ਟਿੱਬਿਆਂ ਤੋਂ ਦੀ ਲੰਘਣਾ ਪਿਆ , ਇਹ ਲੜਾਈ ਵੀ ਕੋਈ ਦਿਲ ਗੁਰਦੇ ਵਾਲ਼ਾ ਹੀ ਲੜ ਸਕਦੈ । ਸਮੁੰਦਰਾਂ ਵਿੱਚ ਕਿਸ਼ਤੀ ਨਾਲ਼ ਤਾਰੀਆਂ ਲਾਉਣ ਵਾਲੇ ਸਾਡੇ ਜਿਲੇ ਦੇ ਹੀਰੇ ਬਾਰੇ ਮੇਰੇ ਮਿੱਤਰ ਤੇ ਮੈਨੇਜਰ ਸਾਥੀ ਮਾਨਸਾ ਵਾਲੇ ਪ੍ਰੇਮ ਸ਼ਰਮੇ ਦੀ ਇੱਕ ਗ਼ਜ਼ਲ ਦਾ ਸ਼ਿਅਰ ਪੂਰਾ ਢੁਕਦਾ ਹੈ…
“ ਸਮੁੰਦਰਾਂ ਦੀ ਹਿੱਕ ਚੀਰ ਕੇ ਰਾਹ ਬਨਾਉਣੇ ਪੈਂਦੇ ਨੇ
ਪੈ ਜਾਂਦੇ ਹੱਥਾਂ ‘ਤੇ ਅੱਟਣ ਮੈਡਲ ਪਾਉਣ ਲਈ “ ।
ਕਿਸ਼ਨਗੜ੍ਹ ਫਰਵਾਹੀਂ ਮਾਨਸਾ ਜਿਲੇ ਦੇ ਓਹਨਾ ਪਿੰਡਾਂ ਵਿੱਚੋਂ ਇੱਕ ਹੈ ਜਿੱਥੇ ਅਜ਼ਾਦੀ ਮਿਲਣ ਤੋਂ ਚਾਲ਼ੀ ਸਾਲਾਂ ਬਾਅਦ ਬੱਸ ਸੇਵਾ ਨਸੀਬ ਹੋਈ, ਤੇ ਓਹ ਵੀ ਲੰਗੇ ਡੰਗ । ਟਿੱਬਿਆਂ ਦੀ ਧਰਤੀ ਦੇ ਰੇਤਲੇ ਰਾਹਾਂ ‘ਤੇ ਹੁਣ ਤਾਂ ਸੜਕਾਂ ਬਣ ਗਈਆਂ, ਪਰ ਚਾਲ਼ੀ ਸਾਲ ਪਹਿਲਾਂ ਤਾਂ ਕੋਈ ਨਾਮੋ ਨਿਸ਼ਾਨ ਨਹੀਂ ਸੀ । ਸੁਖਮੀਤ ਦੇ ਦਾਦਾ ਜੀ ਲਾਲ ਸਿੰਘ ਨੇ ਤਾਂ ਆਪਣੇ ਹਾਣੀਆਂ ਨਾਲ ਪੈਦਲ ਤੁਰਕੇ ਹੀ ਪੈਂਡੇ ਤਹਿ ਕੀਤੇ ਨੇ । ਮਾਤਾ ਪਿਤਾ ਵੀ ਤਾਂ ਏਸੇ ਕਰਕੇ ਅਣਪੜ੍ਹ ਰਹਿ ਗਏ । ਓਹਨਾ ਮਾਪਿਆਂ ਨੂੰ ਅਣਪੜ੍ਹ ਵੀ ਨਹੀਂ ਕਹਿ ਸਕਦੇ, ਜਿਹੜੇ ਆਪ ਤੰਗੀਆਂ ਝੱਲ ਕੇ ਬੱਚਿਆਂ ਨੂੰ ਵਿੱਦਿਆ ਦੇ ਲੜ ਲਾ ਗਏ ।
ਸੁਖਮੀਤ ਨੇ ਏਸ਼ੀਅਨ ਖੇਡਾਂ ਵਿੱਚੋਂ ਸੋਨੇ ਦਾ ਮੈਡਲ ਪਾਣੀ ਵਿੱਚ ਖੇਡੀ ਜਾਣ ਵਾਲੀ ਖੇਡ ਕਿਸ਼ਤੀ ਚਲਾਉਣ ਵਿੱਚ ਜਿੱਤਿਐ । ਜਿਹੜੀ ਖੇਡ ਪੰਜਾਬੀਆਂ ਨੇ ਕਦੀ ਵੇਖੀ ਵੀ ਨਹੀਂ , ਖੇਡਣੀ ਤਾਂ ਦੂਰ ਦੀ ਗੱਲ, ਓਹਦੇ ਵਿੱਚੋਂ ਸੋਨੇ ਦਾ ਮੈਡਲ ਜਿੱਤਣਾ ਤੇ ਓਹ ਵੀ ਏਸ਼ੀਆ ਵਿੱਚੋਂ , ਇਹ ਤਾਂ ਜੁਝਾਰੂ ਪੁਣੇ ਦੀ ਮਿਸਾਲ ਹੀ ਕਹੀ ਜਾ ਸਕਦੀ ਐ । ਮਤਲਬ ਸਾਫ਼ ਹੈ ਕਿ ਪੰਜਾਬੀ ਗੱਭਰੂਆਂ ਨੇ ਜੇ ਕੁੱਝ ਕਰਨ ਦੀ ਹਿੰਡ ਫੜ ਲਈ ਤਾਂ ਫਿਰ ਮੰਜ਼ਲ ‘ਤੇ ਪਹੁੰਚਕੇ ਹੀ ਦਮ ਲੈਂਦੇ ਨੇ । ਮੇਰੇ ਗੀਤਕਾਰ ਮਿੱਤਰ ਬੋਹਾ ਵਲੇ ਜੋਗਿੰਦਰ ਗਿੰਦੇ ਦੇ ਗੀਤ ਦੇ ਬੋਲ ਨੇ…
” ਮੈਡਲ ਉਸ ਟੀਸੀ ਦੇ ਬੇਰ ਵਰਗਾ, ਜਿਹੜਾ ਔਖਾ ਹੁੰਦਾ ਲਾਹੁਣਾ
ਛੱਡ ਕੇ ਨਿੱਘ ਰਜਾਈਆਂ ਦਾ, ਪੈਂਦਾ ਵਿੱਚ ਮੈਦਾਨੇ ਆਉਣਾ
ਮਿੱਟੀ ਦੇ ਨਾਲ ਇੱਕਮਿੱਕ ਹੋ ਕੇ, ਪੈਂਦਾ ਖੂਨ ਵਹਾਉਣਾ
ਹੱਥਾਂ ਵਿੱਚ ਪੈ ਜਾਂਦੇ ਅੱਟਣ, ਸੌਖਾ ਨਹੀਂ ਗਲ਼ ਵਿੱਚ ਪਾਉਣਾ ” ।
ਇਸ ਮੰਜ਼ਲ ਵੱਲ ਜਾਂਦੇ ਰਾਹਾਂ ‘ਤੇ ਤੁਰਦੇ ਰਾਹੀ ਦੀ ਜਦ ਪੈੜੂ ਬਣਕੇ ਪੈੜ ਨੱਪੀ, ਤਾਂ ਕਿਤੇ ਜਾ ਕੇ ਪਤਾ ਲੱਗਿਆ ਕਿ ਮਰਜੀਵੜਾ ਕਿਸ ਨੂੰ ਕਹਿੰਦੇ ਨੇ । ਸੁਖਮੀਤ ਦੇ ਦਾਦੇ ਸ. ਲਾਲ ਸਿੰਘ ਕੋਲ ਦਸ ਕੁ ਏਕੜ ਜ਼ਮੀਨ ਦੀ ਮਾਲਕੀ ਤੇ ਦੋ ਪੁੱਤਰਾਂ ਨੂੰ ਪੰਜ ਪੰਜ ਏਕੜ ਹਿੱਸੇ ਬਹਿੰਦੀ ਆ ਗਈ । ਇਹਦੇ ਪਿਤਾ ਅਮਰੀਕ ਸਿੰਘ ਤੇ ਮਾਤਾ ਕੁਲਵਿੰਦਰ ਕੌਰ ਨੇ ਮਨ ਵਿੱਚ ਸੋਚਿਆ ਸੀ ਕਿ ਵਾਹਿਗੁਰੂ ਇੱਕ ਮੁੰਡਾ ਤੇ ਇੱਕ ਲੜਕੀ ਦੀ ਦਾਤ ਬਖ਼ਸ਼ ਦੇਵੇ ਤਾਂ ਸਾਡੇ ਲਈ ਚੰਗਾ ਹੋਵੇਗਾ । ਵਿਆਹ ਤੋਂ ਦੋ ਸਾਲਾ ਬਾਅਦ ਪਹਿਲੀ ਔਲਾਦ ਲੜਕੇ ਦੇ ਰੂਪ ਵਿੱਚ ਹੋਈ ਤੇ ਨਾਂ ਰੱਖ ਦਿੱਤਾ ਮਨਦੀਪ ਸਿੰਘ । ਤਿੰਨ ਸਾਲ ਬਾਅਦ ਜਦੋਂ ਸੁਖਮੀਤ ਅਜੇ ਮਾਤਾ ਦੇ ਗਰਭ ਵਿੱਚ ਹੀ ਸੀ ਤਾਂ ਮਾਤਾ ਪਿਤਾ ਨੇ ਗੁਰੂ ਘਰ ਤੋਂ ਲੜਕੀ ਦੀ ਮੰਗ ਕੀਤੀ । ਜੱਟਾਂ ਦੇ ਪੁੱਤਾਂ ਨੂੰ ਜ਼ਮੀਨ ਘੱਟ ਹੋਣ ਕਰਕੇ ਰਿਸ਼ਤੇ ਵੀ ਨਹੀਂ ਜੁੜਦੇ । ਇਹੀ ਕਾਰਨ ਸੀ ਲੜਕੀ ਦੀ ਦਾਤ ਮੰਗਣ ਦਾ । ਪਰ ਜਦੋਂ ਨੌਂ ਅਗਸਤ ਉਨੀ ਸੌ ਚੁਰਾਨਵੇ ਨੂੰ ਸੁਖਮੀਤ ਨੇ ਜਨਮ ਲਿਆ ਤਾਂ ਮਾਤਾ ਪਿਤਾ ਨੂੰ ਮੁੰਡਾ ਜੰਮਣ ਦੇ ਚਾਅ ਨਾਲ਼ੋਂ ਜਾਇਦਾਦ ਘਟਣ ਦਾ ਫਿਕਰ ਵੱਧ ਹੋਇਆ । ਦੋਵਾਂ ਜੀਆਂ ਨੇ ਸੋਚਿਆ ਕਿ ਦੋਵੇ ਪੁੱਤਾਂ ਨੂੰ ਵਧੀਆ ਪੜ੍ਹਾਈ ਕਰਵਾਕੇ ਨੌਕਰੀ ਜੋਗੇ ਕਰ ਦੇਵਾਂਗੇ । ਵੱਡੇ ਪੁੱਤਰ ਮਨਦੀਪ ਨੂੰ ਪਿੰਡ ਦੇ ਸਰਕਾਰੀ ਸਕੂਲ ਦੀ ਥਾਂ ਤੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਨੇ ਪਾ ਦਿੱਤਾ । ਜਦੋਂ ਓਹ ਚੌਥੀ ਵਿੱਚ ਹੋਇਆ ਤਾਂ ਇਹਨੂੰ ਵੀ ਓਸੇ ਸਕੂਲ ਭੇਜ ਦਿੱਤਾ । ਵੱਡਾ ਭਾਈ ਪੰਜਵੀਂ ਪਾਸ ਕਰ ਗਿਆ ਤੇ ਛੇਵੀਂ ਵਿੱਚ ਪਿੰਡ ਦੇ ਸਰਕਾਰੀ ਸਕੂਲ ਵਿੱਚ ਚਲਾ ਗਿਆ ।
ਕੱਲੇ ਸੁਖਮੀਤ ਦਾ ਦਿਲ ਨਾਂ ਲੱਗਿਆ ਤੇ ਇਹ ਵੀ ਅੜੀ ਕਰਕੇ ਸਰਕਾਰੀ ਸਕੂਲ ਵਿੱਚ ਚਲਾ ਗਿਆ । ਵੱਡਾ ਭਰਾ ਦਸਵੀ ਪਾਸ ਕਰਕੇ ਮਾਨਸਾ ਸਰਕਾਰੀ ਸਕੂਲ ਵਿੱਚ ਕਮਰਸ ਦੀ ਪੜ੍ਹਾਈ ਕਰਨ ਲਈ ਦਾਖਲ ਹੋ ਗਿਆ । ਫ਼ੀਸਾਂ ਤੇ ਟਿਊਸ਼ਨ ਫ਼ੀਸਾਂ ਦੇ ਖ਼ਰਚੇ ਵੱਧ ਗਏ, ਕਈ ਵਾਰ ਫ਼ੀਸ ਭਰਨ ਨੂੰ ਵੀ ਪੈਸੇ ਨਹੀਂ ਸੀ ਹੁੰਦੇ । ਪੰਜ ਏਕੜ ਦੀ ਖੇਤੀ ਵਿੱਚੋਂ ਤਾਂ ਖ਼ਰਚੇ ਵੀ ਪੂਰੇ ਨਹੀਂ ਹੁੰਦੇ । ਇਹਦੇ ਪਿਤਾ ਨੇ ਦਿਨ ਵੇਲੇ ਖੇਤੀ ਕਰਨੀ ਤੇ ਰਾਤ ਵੇਲੇ ਪਿੰਡ ਦੇ ਨੇੜਲੇ ਸ਼ੈਲਰ ਵਿੱਚ ਨੌਕਰੀ ਕਰਨੀ । ਸੁਖਮੀਤ ਨੂੰ ਅੱਠਵੀਂ ਵਿੱਚ ਪੜ੍ਹਦੇ ਨੂੰ ਘਰ ਦੀ ਕਬੀਲਦਾਰੀ ਦੀ ਭਿਣਕ ਪੈ ਗਈ
ਸੀ । ਇਹਨੇ ਦਿਨ ਵੇਲੇ ਬਾਪੂ ਨਾਲ ਖੇਤੀ ਵਿੱਚ ਹੱਥ ਵਟਾਉਣਾ ਤੇ ਰਾਤ ਨੂੰ ਓਹਦੇ ਨਾਲ ਸ਼ੈਲਰ ਵਿਚ ਜਾਣਾ । ਸਵੇਰ ਨੂੰ ਸ਼ੈਲਰ ਵਿਚੋ ਵਾਪਸ ਘਰ ਵੱਲ ਆਉਂਦਾ ਸੁਖਮੀਤ ਸੜਕੇ ਸੜਕ ਆਉਣ ਦੀ ਥਾਂ ਤੇ ਖੇਤਾਂ ਦੀਆਂ ਵੱਟਾ ਉੱਪਰ ਦੀ ਆਉਦਾ । ਡਰਦਾ ਸੀ ਕਿ ਕਿਤੇ ਕੋਈ ਜਮਾਤੀ ਵੇਖ ਕੇ ਸਕੂਲ ਵਿੱਚ ਭੰਡੀ ਨਾ ਕਰ ਦੇਵੇ । ਬਾਪੂ ਨੇ ਬਥੇਰਾ ਸਮਝਾਉਣਾ ਕਿ ਪੁੱਤ ਮਿਹਨਤ ਕਰਦਿਆਂ ਕਦੀ ਸ਼ਰਮ ਨੀ ਮੰਨੀਦੀ, ਸਗੋ ਫਖਰ ਕਰੀਂਦੈ । ਦੋਵੇ ਭਰਾਵਾਂ ਨੇ ਬਾਪੂ ਨਾਲ ਮਿੱਲਕੇ ਖੇਤੀ ਦੇ ਸਾਰੇ ਕੰਮ ਆਪ ਕਰਵਾਏ । ਕਣਕ ਬੀਜਣ ਤੋ ਲੈਕੇ ਹੱਥੀਂ ਵੱਢਣ ਤੱਕ , ਨਰਮਾ ਬੀਜਣ ਤੋ ਚੁਗਣ ਤੱਕ, ਮਜਾਲ ਐ ਕਦੀ ਦਿਹਾੜੀ ਪਾਈ ਹੋਵੇ ।
ਪਿਉ ਪੁੱਤਾਂ ਨੇ ਮਿਲਕੇ ਮਿਹਨਤ ਕੀਤੀ, ਵੱਡੇ ਭਾਈ ਦੀਆਂ ਫ਼ੀਸਾਂ ਤਾਂ ਭਰ ਦਿੱਤੀਆਂ ਪਰ ਆਪ ਅੱਠਵੀ ਵਿਚੋ ਫੇਲ ਹੋ ਗਿਆ । ਇਹਦੀ ਜ਼ਿੰਦਗੀ ਦੇ ਇਹ ਸਭ ਤੋਂ ਔਖੇ ਪਲ ਸੀ, ਜਦੋਂ ਖੇਤਾਂ ਦੀਆਂ ਵੱਟਾਂ ਤੋਂ ਰੋਂਦਾ ਰੋਂਦਾ ਡਿੱਗ ਪੈਂਦਾ ਸੀ । ਇੱਕ ਦਿਨ ਉਦਾਸੀ ਦੇ ਆਲਮ ਵਿੱਚ ਨਹਿਰ ਦੀ ਪਟੜੀ ਤੇ ਫਿਰਦੇ ਨੂੰ ਪਿੰਡ ਦੇ ਇੱਕ ਬਜ਼ੁਰਗ ਨੇ ਤਾਹਨਾ ਮਾਰ ਕੇ ਕਿਹਾ, “ਸ਼ਰਮ ਤਾਂ ਨੀ ਆਉਦੀ ਪਿਓ ਤੇਰਾ ਦਿਹਾੜੀ ਕਰਦਾ ਫਿਰਦੈ ਤੇ ਤੂੰ ਵਿਹਲੜ ਨਹਿਰ ਤੇ ਕੱਛਾਂ ਵਜਾਉਂਦਾ ਫਿਰਦੈਂ” ।
ਬਜ਼ੁਰਗ ਦੀ ਆਖੀ ਗੱਲ ਇਹਨੂੰ ਧੁਰ ਅੰਦਰੋਂ ਝੰਜੋੜ ਗਈ ਤੇ ਉਸ ਦਿਨ ਤੋਂ ਕਿਤਾਬਾਂ ਨਾਲ ਪੱਕੀ ਯਾਰੀ ਪਾ ਲਈ । ਅੱਠਵੀ ਚੰਗੇ ਨੰਬਰਾਂ ਵਿੱਚ ਪਾਸ ਕਰ ਲਈ । ਓਧਰ ਬਾਪੂ ਬਿਮਾਰ ਰਹਿਣ ਲੱਗ ਪਿਆ, ਖੇਤੀ ਦਾ ਕੰਮ ਵੀ ਪਛੜ ਗਿਆ ਤੇ ਸ਼ੈਲਰ ਵਾਲਾ ਵੀ ਛੱਡਣਾ ਪੈ ਗਿਆ । ਫ਼ੀਸਾਂ ਭਰਨ ਪਿੱਛੇ ਦੋਵੇ ਭਰਾਵਾਂ ਨੂੰ ਨਮੋਸ਼ੀ ਝੱਲਣੀ ਪਈ । ਮਜਬੂਰੀ ਵੱਸ ਜ਼ਮੀਨ ਵੀ ਵੇਚਣੀ ਪਈ ।
ਜਦੋਂ ਕੋਈ ਸੁਖਮੀਤ ਦੀ ਮੈਡਲ ਵਾਲੀ ਤਸਵੀਰ ਵੇਖਦੈ, ਜਾਂ ਬੰਬੂਕਾਟ ਤੇ ਫ਼ੌਜੀ ਵਰਦੀ ਪਾਈ ਬੈਠੇ ਨੂੰ ਵੇਖਦੈ, ਤਾਂ ਇਹੀ ਸੋਚਦਾ ਹੋਊ ਕਿ ਇਹ ਤਾਂ ਨਜ਼ਾਰੇ ਲੈਦੈ । ਜ਼ਰਾ ਧੌਣ ਪਿੱਛੇ ਨੂੰ ਘੁਮਾ ਕੇ ਵੇਖੋ ਤਾਂ ਸਹੀ ਕਿਹੜੀਆਂ ਦੁਸ਼ਵਾਰੀਆਂ ਝੇਲ ਕੇ ਇਹ ਮੰਜ਼ਲ ਮਿਲੀ ਹੈ । ਅੱਜ ਇਕ ਕੁੜੀ ਦੀ ਅਵਾਜ਼ ਵਿੱਚ ਰਸੀਲਾ ਗੀਤ ਕੰਨੀ ਪਿਆ, ਤੇ ਮੈ ਸੁਣਕੇ ਸੁਖਮੀਤ ਦੇ ਜਿੱਤੇ ਹੋਏ ਮੈਡਲ ਵੱਲ ਨਜ਼ਰ ਘੁਮਾਈ ਤਾਂ ਕਹਾਣੀ ਇੱਕੋ ਜਿਹੀ ਲੱਗੀ ..
“ ਗਹਿਣੇ ਵੇਖ ਕੇ ਕਹਿਤਾ ਕਿ ਮੈਂ ਸੌਖੀ ਵਸਦੀ ਆਂ”
ਮੈਡਲ ਵੇਖਕੇ ਤਾਂ ਹਰ ਕੋਈ ਕਹਿੰਦੇ ਇਹ ਜੁਆਨ ਤਾਂ ਬੜਾ ਸੌਖਾ ਵਸਦੈ, ਪਰ ਜਿਹੜੇ ਹਾਲਾਤਾਂ ਵਿੱਚੋਂ ਦੀ ਲੰਘਿਆ ਹੈ, ਓਹ ਸੁਣਕੇ ਤਾਂ ਹਰ ਸੁਣਨ ਵਾਲੇ ਨੂੰ ਕਹਿਣਾ ਪਵੇਗਾ “ ਵਾਹ ਓਏ ਜੁਆਨਾ “ ਸਦਕੇ ਜਾਈਏ ਤੇਰੀ ਮਿਹਨਤ ਦੇ । ਖੇਤੋਂ ਘਰ ਦੋ ਕਿੱਲੋਮੀਟਰ ਦੂਰ, ਪੱਕੀ ਸੜਕ ਤੇ ਚੜ੍ਹਨ ਲਈ ਅੱਧਾ ਰਾਹ ਰੇਤਲਾ , ਸਈਕਲ ਚਲਾਉਣਾ ਵੀ ਮੁਸ਼ਕਿਲ ਹੁੰਦਾ ਸੀ । ਪਸੂਆਂ ਵਾਸਤੇ ਹਰੇ ਦੀ ਭਰੀ ਚੁੱਕ ਕੇ ਸਾਈਕਲ ਤੱਕ ਪਹੁੰਚਣ ਵੇਲੇ ਕਈ ਵਾਰ ਖਾਲ਼ ਵਿੱਚ ਡਿੱਗਿਆ । ਉੱਪਰ ਭਰੀ ਹੁੰਦੀ ਤੇ ਹੇਠਾਂ ਆਪ, ਨੇੜੇ ਤੇੜੇ ਕੋਈ ਭਰੀ ਹੇਠੋਂ ਕੱਢਣ ਵਾਲਾ ਨਹੀਂ ਸੀ ਹੁੰਦਾ । ਜਦੋਂ ਜਹਿਦ ਕਰਕੇ ਦੁਬਾਰਾ ਹਰੇ ਦੀ ਭਰੀ ਚੁੱਕਣੀ ਤੇ ਸਾਈਕਲ ਤੇ ਲੱਦਕੇ ਘਰ ਲੈ ਆਉਣੀ ।
ਨੌਂਵੀਂ ਤੇ ਦਸਵੀ ਵਿੱਚ ਇਹਨੇ ਪੜ੍ਹਾਈ ਵੱਲ ਧਿਆਨ ਦਿੱਤਾ, ਇਹ ਸੋਚਕੇ ਕਿ ਵਿੱਦਿਆ ਦਾ ਗਹਿਣਾ ਪਹਿਨਕੇ ਬੇੜੀ ਬੰਨੇ ਲੱਗ ਸਕਦੀ ਐ ਨਹੀਂ ਤਾਂ ਰੇਤਲੇ ਰਾਹਾਂ ਵਿੱਚ ਰੁਲ਼ਨਾ ਪਵੇਗਾ । ਸਕੂਲ ਪੜ੍ਹਦੇ ਵਿਦਿਆਰਥੀ ਨੂੰ ਹੀ ਖੇਡਾਂ ਦੀ ਚੇਟਕ ਲਗਦੀ ਐ, ਪਰ ਸੁਖਮੀਤ ਖੇਡਾਂ ਤੋਂ ਕੋਹਾਂ ਦੂਰ ਰਿਹਾ । ਘਰੇਲੂ ਹਾਲਾਤਾਂ ਨੂੰ ਹਰ ਵੇਲੇ ਦਿਲ ਤੇ ਲਾ ਲੈਣ ਵਾਲੇ ਨੂੰ ਖੇਡਾਂ ਖੇਡਣੀਆਂ ਕਿੱਥੇ ਯਾਦ ਆਉਂਦੀਆਂ ਸੀ । ਓਧਰ ਵੱਡੇ ਭਰਾ ਦੀ ਪੜ੍ਹਾਈ ਦਾ ਖਰਚ ਤੇ ਇੱਧਰ ਘਰ ਦੀ ਉਲ਼ਝੀ ਹੋਈ ਕਬੀਲਦਾਰੀ, ਜਦੋਂ ਸਹੀ ਸਮੇ ਤੇ ਫ਼ੀਸ ਨਾਂ ਭਰੀ ਜਾਣੀ ਤਾਂ ਜਮਾਤੀਆਂ ਸਾਹਮਣੇ ਆਪਣੇ ਆਪ ਨੂੰ ਨੀਵਾਂ ਸਮਝਣਾ । ਅਜਿਹੀ ਹਾਲਤ ਵਿੱਚ ਰੱਬ ਨੂੰ ਵੀ ਮਿਹਣੇ ਮਾਰਦਾ ਕਿ ਰੱਬਾ ਜਨਮ ਦੇਣਾ ਹੀ ਸੀ ਤਾਂ ਚੰਗੇ ਘਰ ਤਾਂ ਦੇ ਦਿੰਦਾ । ਘਰ ਦੀ ਗਰੀਬੀ ਬੰਦੇ ਨੂੰ ਨਿਮਰਤਾ ਦਾ ਪਾਠ ਜ਼ਰੂਰ ਪੜਾਉਂਦੀ ਐ । ਨਿਮਰ ਸੁਭਾਅ ਦਾ ਮਾਲਕ ਸੁਖਮੀਤ ਹਰ ਇਕ ਗੁਆਂਢੀ ਨਾਲ ਕੰਮ ਧੰਦੇ ਵਿੱਚ ਹੱਥ ਵਟਾਉਂਦਾ , ਕਿਸੇ ਨੇ ਕੋਈ ਵੀ ਕੰਮ ਕਹਿ ਦਿੱਤਾ ਤਾਂ ਹੱਸ ਕੇ ਕਰਨਾ । ਬਚਪਨ ਦੇ ਇਹੀ ਗੁਣ ਕਾਮਯਾਬ ਜੀਵਨ ਦੀ ਨਿਸ਼ਾਨੀ ਹੁੰਦੇ ਨੇ । ਵੱਡੇ ਭਰਾ ਨੇ ਕਮਰਸ ਨਾਲ ਬਾਰ੍ਹਵੀਂ ਪਾਸ ਕਰ ਲਈ ਤੇ ਫੌਜ ਵਿੱਚ ਭਰਤੀ ਹੋ ਗਿਆ । ਪਹਿਲੀ ਵਾਰ ਭਰਤੀ ਤੇ ਗਿਆ ਤੇ ਕਾਮਯਾਬ ਹੋ ਕੇ ਆਇਆ ।ਹੁਣ ਪਰਿਵਾਰ ਦੇ ਕੁੱਝ ਕੁ ਚੰਗੇ ਦਿਨ ਨੇੜੇ ਲੱਗਦੇ ਦਿਖਾਈ ਦੇਣ ਲੱਗ ਪਏ । ਸੁਖਮੀਤ ਓਦੋਂ ਦਸਵੀ ਵਿੱਚ ਸੀ ਜਦੋਂ ਵੱਡਾ ਭਾਈ ਮਨਦੀਪ ਫੌਜ ਦੀ ਵਰਦੀ ਪਹਿਨਕੇ ਘਰ ਗੇੜੀ ਮਾਰ ਗਿਆ । ਸੀਮਿਤ ਸਾਧਨਾਂ ਵਾਲੇ ਪਰਿਵਾਰਾਂ ਦੇ ਪੁੱਤ ਹੀ ਫ਼ੌਜੀ ਬਣਦੇ ਨੇ , ਸਰਦਾ ਪੁੱਜਦਾ ਕੌਣ ਮੂੰਹ ਕਰਦੈ ਵਰ੍ਹਦੀਆਂ ਗੋਲ਼ੀਆਂ ਵੱਲ ।
ਹੁਣ ਮਾਪਿਆਂ ਕੋਲ ਵੱਡੇ ਭਰਾ ਦੀ ਤਨਖ਼ਾਹ ਦੇ ਵੀ ਚਾਰ ਪੈਸੇ ਆਉਣ ਲੱਗ ਪਏ ਤੇ ਬਾਪੂ ਦੇ ਬਿਮਾਰ ਰਹਿਣ ਕਾਰਨ ਖੇਤੀ ਵੀ ਠੇਕੇ ਤੇ ਦੇ ਦਿੱਤੀ । ਵੱਡੇ ਭਰਾ ਦੀ ਖਾਹਿਸ਼ ਸੀ ਕਿ ਛੋਟਾ ਪੜ੍ਹਾਈ ਵਾਲੇ ਪਾਸਿਓਂ ਪਿੱਛੇ ਨਾਂ ਰਹਿ ਜਾਵੇ । ਘਰੋ ਮਿਲਦੀ ਹੱਲਾਸ਼ੇਰ ਬੰਦੇ ਨੂੰ ਸ਼ੇਰ ਬਣਾ ਦਿੰਦੀ ਐ । ਜਦੋਂ ਕਦੀ ਪਿੰਡ ਦੇ ਮੁੰਡਿਆਂ ਨੂੰ ਕਬੱਡੀ ਖੇਡਦਿਆਂ ਵੇਖਦਾ ਤਾਂ ਦਿਲ ਕਰਦਾ ਮੈ ਵੀ ਖੇਡਾਂ । ਤੇ ਖ਼ਾਸ ਕਰਕੇ ਓਦੋਂ ਜਦੋਂ ਗੁਆਂਢੀ ਪਿੰਡ ਫਫੜੇ ਭਾਈਕੇ ਦੇ ਟੂਰਨਾਮੈਂਟ ਤੇ ਪਿੰਡ ਦੀ ਟੀਮ ਨਕਦ ਇਨਾਮ ਦੀ ਜੇਤੂ ਬਣਦੀ । ਜਦੋਂ ਪਿੰਡ ਦੇ ਖਿਡਾਰੀਆਂ ਦਾ ਨਾਮ ਕੁਮੈਟੇਟਰ ਬੋਲਦੇ, ਕਿ ਚੱਲਿਐ ਫਰਵਾਹੀਂ ਦੇ ਰੇਡਰ ਮ੍ਹੇਸ਼ੀ ਕਬੱਡੀ ਪਾਉਣ, ਤਾਂ ਦਿਲ ਇਹਦਾ ਵੀ ਕਰਦਾ ਕਿ ਕੋਈ ਮੇਰਾ ਨਾਂ ਵੀ ਇਵੇਂ ਬੋਲੇ । ਪਰ ਘਰੇਲੂ ਹਲਾਤਾਂ ਕਰਕੇ ਮਨ ਦੀਆਂ ਮਨ ਵਿੱਚ ਰਹਿ ਗਈਆਂ ।
ਕੀਤੀ ਮਿਹਨਤ ਰੰਗ ਲਿਆਈ ਤੇ ਦਸਵੀ ਇਹ ਚੰਗੇ ਨੰਬਰਾ ਵਿੱਚ ਪਾਸ ਕਰ ਗਿਆ । ਵੱਡੇ ਭਰਾ ਦੀ ਸਲਾਹ ਨਾਲ ਕਮਰਸ ਵਾਲੇ ਸਬਜੈਕਟ ਚੁਣ ਕੇ ਮਾਨਸਾ ਦੇ ਸਰਕਾਰੀ ਸਕੂਲ ਵਿੱਚ ਦਾਖਲਾ ਲੈ ਲਿਆ । ਪਿੰਡ ਵਿੱਚੋਂ ਦੀ ਇੱਕ ਪ੍ਰਾਈਵੇਟ ਬੱਸ ਲੰਘਦੀ ਸੀ, ਪਾਸ ਸਹੂਲਤ ਤਾਂ ਸਰਕਾਰੀ ਰੂਟਾਂ ਤੇ ਹੀ ਮਿਲਦੀ ਐ । ਇਹਨੇ ਸਾਈਕਲ ਤੇ ਫਫੜੇ ਆ ਕੇ ਮਾਨਸਾ ਨੂੰ ਬੱਸ ਫੜਨੀ । ਕਈ ਵਾਰ ਘਰ ਸਾਈਕਲ ਵੀ ਨਾਂ ਹੋਣਾ ਤਾਂ ਫਫੜੇ ਤੱਕ ਤੁਰਕੇ ਜਾ ਭੱਜਕੇ ਵਾਟਾਂ ਨਬੇੜ ਲੈਣੀਆਂ । ਬੱਸ ਅੱਡੇ ਤੋਂ ਮਾਨਸਾ ਦੇ ਸਰਕਾਰੀ ਸਕੂਲ ਦਾ ਫ਼ਾਸਲਾ ਵੀ ਕਾਫ਼ੀ ਐ, ਇਸ ਸਫਰ ਦਾ ਆਉਣ ਜਾਣ ਭੱਜਕੇ ਹੀ ਕਰਦਾ ਰਿਹਾ । ਬਾਰ੍ਹਵੀਂ ਜਮਾਤ ਕਮਰਸ ਵਿਸ਼ੇ ਨਾਲ ਚੰਗੇ ਨੰਬਰਾ ਵਿੱਚ ਪਾਸ ਕਰ ਗਿਆ ਤੇ ਬੀਕਾਮ ਕਰਨ ਲਈ ਨਹਿਰੂ ਕਾਲਜ ਮਾਨਸਾ ਦੀ ਚੋਣ ਕਰ ਲਈ । ਵੱਡੇ ਭਰਾ ਵੱਲੋਂ ਦਿੱਤੇ ਜਾਂਦੇ ਧਰਵਾਸੇ ਨਾਲ ਹੁਣ ਉੱਡਿਆ ਫਿਰਦਾ ਹਵਾ ਨਾਲ ਗੱਲਾਂ ਕਰਦਾ , ਜਦੋਂ ਕਦੀ ਮਨਦੀਪ ਨੇ ਛੁੱਟੀ ਆਉਣਾ ਤਾਂ ਇਹਨੇ ਓਹਦੀ ਫ਼ੌਜੀ ਵਰਦੀ ਪਾ ਕੇ ਸ਼ੀਸ਼ੇ ਮੂਹਰੇ ਖੜ੍ਹਕੇ ਵੇਖਣਾ । ਬੱਸ ਮਨ ਵਿੱਚ ਇਹੀ ਧਾਰਨਾ ਧਾਰ ਲਈ ਕਿ ਇੱਕ ਦਿਨ ਫ਼ੌਜੀ ਵਰਦੀ ਪਾ ਕੇ ਦੇਸ਼ ਦੀ ਸੇਵਾ ਕਰਨੀ ਹੈ ।
ਇਹਦੇ ਮਾਨਸਾ ਕਾਲਜ ਵਾਲੇ ਸਾਰੇ ਜੋਟੀਦਾਰ ਮੱਧ ਵਰਗੀ ਪਰਿਵਾਰਾਂ ਦੇ ਹੀ ਸਨ । ਸਾਰੀ ਜੁੰਡਲ਼ੀ ਦਾ ਧਿਆਨ ਪੜ੍ਹਾਈ ਵੱਲ ਹੀ ਸੀ । ਸਾਰੇ ਇਹੀ ਸੋਚਦੇ ਸੀ ਕਿ ਮਾਪਿਆਂ ਨੂੰ ਧੋਖਾ ਨਹੀਂ ਦੇਣਾ, ਇਹੀ ਸੋਚ ਨਾਲ ਨਸ਼ੇ ਪੱਤੇ ਤੋਂ ਅਤੇ ਫੁਕਰਪੁਣੇ ਤੋਂ ਹਮੇਸ਼ਾਂ ਦੂਰ ਰਿਹਾ । ਬੀ ਕਾਮ ਦੇ ਪਹਿਲੇ ਸਾਲ 2013 ਵਿੱਚ ਪੜ੍ਹਨ ਵੇਲੇ ਬਠਿੰਡੇ ਫੌਜ ਦੀ ਭਰਤੀ ਆ ਗਈ । ਵੱਡੇ ਭਰਾ ਨਾਲ ਸਲਾਹ ਕਰਕੇ ਬਠਿੰਡੇ ਚਲਾ ਗਿਆ ਭਰਤੀ ਹੋਣ । ਚਾਰ ਸੌ ਮੀਟਰ ਟ੍ਰੈਕ ਦੇ ਚਾਰ ਚੱਕਰ ਲਾਉਣੇ ਸੀ । ਤਿਆਰੀ ਪੂਰੀ ਨਹੀਂ ਸੀ ਤੇ ਤਿੰਨ ਚੱਕਰ ਲਾਉਂਦੇ ਦਾ ਇੰਜਣ ਧੂੰਆਂ ਮਾਰਕੇ ਬੰਦ ਹੋ ਗਿਆ ਤੇ ਚੌਥਾ ਵਿੱਚੇ ਹੀ ਰਹਿ ਗਿਆ । ਹਾਰੇ ਜੁਆਰੀਏ ਵਾਂਗੂੰ ਬੁਸਿਆ ਜਾ ਮੂੰਹ ਲੈ ਕੇ ਘਰ ਨੂੰ ਵਾਪਸ ਆ ਗਿਆ ।
ਪਿੰਡ ਵਾਪਸ ਆਉਣ ਤੇ ਮਾਤਾ ਪਿਤਾ ਅਤੇ ਵੱਡੇ ਭਰਾ ਨੇ ਹੌਂਸਲਾ ਦਿੱਤਾ ਤੇ ਕਿਹਾ ਕੋਈ ਗੱਲ ਨੀਂ ਅਗਲੀ ਵਾਰੀ ਸਹੀ ਤਿਆਰੀ ਕਰ ਦੱਬਕੇ । ਪਿੰਡ ਵਿੱਚ ਕਬੱਡੀ ਵਾਲ਼ੇ ਮੁੰਡਿਆ ਨਾਲ ਰਲ ਕੇ ਸਵੇਰੇ ਸ਼ਾਮ ਦੀ ਮਿਹਨਤ ਸ਼ੁਰੂ ਕਰ ਦਿੱਤੀ । ਕਾਲਜ ਜਾਣ ਤੋਂ ਪਹਿਲਾ ਤੇ ਕਾਲਜ ਤੋਂ ਵਾਪਸੀ ਤੇ ਭੱਜਣਾ ਸ਼ੁਰੂ ਕਰ ਦਿੱਤਾ । ਪਹਿਲੀ ਭਰਤੀ ਵੇਲੇ ਮਿਲੀ ਅਸਫਲਤਾ ਨੇ ਇਹ ਦੱਸ ਦਿੱਤਾ ਕਿ ਤੂੰ ਕਿੰਨੇ ਕੁ ਪਾਣੀ ‘ਚ ਹੈਂ । ਜ਼ਿੰਦਗੀ ਦੇ ਸੁਪਨੇ ਸਾਕਾਰ ਕਰਨ ਲਈ ਰਾਤਾਂ ਦੀਆਂ ਨੀਂਦਾਂ ਵੀ ਭੁਲਾਉਣੀਆਂ ਪੈਂਦੀਆਂ ਨੇ । ਵੀਹ ਕੁ ਦਿਨਾਂ ਬਾਅਦ ਦੂਸਰੀ ਭਰਤੀ ਆ ਗਈ , ਸਾਥੀਆਂ ਨਾਲ ਅੰਮ੍ਰਿਤਸਰ ਚਲਾ ਗਿਆ ਭਰਤੀ ਹੋਣ । ਗੱਲ ਓਥੇ ਵੀ ਓਹੀ ਹੋਈ, ਚੱਕਰ ਤਾ ਚਾਰੇ ਪੂਰੇ ਕਰ ਲਏ ਪਰ ਸਮਾਂ ਸਹੀ ਨਾ ਦੇ ਸਕਿਆ । ਹੁਣ ਤਾਂ ਵਾਪਸੀ ਵੇਲੇ ਨਿਮੋਝੂਣਾ ਹੋ ਕੇ ਤੁਰਿਆ ਆਉਦਾ ਸੀ ਤੇ ਆਪਣੇ ਆਪ ਨੂੰ ਲਾਹਣਤਾਂ ਵੀ ਪਾ ਰਿਹਾ ਸੀ । ਲਗਦਾ ਸੀ ਕਿ ਮੈ ਘਰਦਿਆਂ ਦੀ ਮਿਹਨਤ ਦਾ ਮੁੱਲ ਨਹੀ ਮੋੜ ਰਿਹਾ ਤੇ ਆਪਣੇ ਆਪ ਨਾਲ ਇਨਸਾਫ ਨਹੀ ਕਰ ਰਿਹਾ । ਚੁੱਪ ਚੁੱਪ ਰਹਿੰਦੇ ਨੂੰ ਵਾਹਿਗੁਰੂ ਦੇ ਆਸਰੇ ਦੀ ਵੀ ਲੋੜ ਵੀ ਮਹਿਸੂਸ ਹੋ ਰਹੀ ਸੀ । ਫਰਿਆਦੀ ਹੋਇਆ ਇਹੀ ਕਹਿੰਦਾ ਸੀ..
” ਮੈ ਚੁੱਪ ਚੁੱਪ ਮੈ ਗੁੰਮਸੁੰਮ, ਗੁੰਮਸੁੰਮ ਸੋਚ ਦੇ ਕਾਗਜ ਬੱਗੇ
ਰੰਗ ਤਮਾਸ਼ੇ ਫਿੱਕੇ ਸਾਰੇ, ਤੇਰੀ ਸੋਚ ਦੇ ਅੱਗੇ “।
ਕਿਸੇ ਕਬੱਡੀ ਵਾਲੇ ਮਿੱਤਰ ਨੇ ਮਿਹਣਾ ਵੀ ਮਾਰ ਦਿੱਤਾ ਕਿ ਖੇਡਾਂ ਖੇਡਣਾ ਤੇਰੇ ਵੱਸ ਦਾ ਰੋਗ ਨਹੀਂ । ਭਰੇ ਮਨ ਨਾਲ ਮੈਦਾਨ ਵਿਚੋ ਵਾਪਸ ਆਉਂਦਾ ਉਸ ਦੋਸਤ ਨੂੰ ਇਹ ਇਸ਼ਾਰਾ ਜਰੂਰ ਕਰ ਆਇਆ, ਜਿਵੇ ਗੁਰਜੰਟ ਚਹਿਲ ਕਹਿੰਦਾ ਹੁੰਦੈ…
” ਇੱਕੀ ਨੂੰ ਕੱਤੀ ਪਾਵਾਂਗੇ ਕਦੇ ਸਾਡੀ ਵਾਰੀ ਆ ਲੈਣਦੇ
ਬਿਨ ਬੱਦਲੋਂ ਮੀਂਹ ਵਰਸਾਵਾਂਗੇ ਕਦੇ ਸਾਡੀ ਵਾਰੀ ਆ ਲੈਣਦੇ
ਕੀ ਹੋਇਆ ਆਈ ਪੱਤਝੜ ਹੈ ਤੇ ਰਾਤ ਹਨੇਰੀ ਛਾਈ ਹੈ
ਚਾਨਣ ਦੇ ਫੁੱਲ ਖਿਲਾਵਾਂਗੇ ਕਦੀ ਸਾਡੀ ਵਾਰੀ ਆ ਲੈਣਦੇ ” ।