“ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰ ਨ ਛਾਨਾ ਰੇ॥”
{ਅੰਗ 382}
ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ,ਬਸ ਉਸੇ ਨੂੰ ਅਨਜਾਣ ਸਮਝ ਲਵੋ, ਜਿਹੜਾ ਕਹਿੰਦਾ ਹੈ ਮੈਂ ਪ੍ਰਭੂ ਨੂੰ ਜਾਣ ਲਿਆ ਹੈ, ਮੈਂ ਬ੍ਰਹਮ ਗਿਆਨੀ ਹਾਂ। ਪਰ ਜਿਸ ਨੇ ਜਾਣਿਆਂ ਹੈ,ਉਹ ਜਾਣਕਾਰਾਂ ਦੀ ਨਿਗਾਹ ਤੋਂ ਛੁਪਿਆ ਨਹੀਂ ਰਹਿ ਸਕਦਾ। ਇਸ ਨੂੰ ਪੰਚਦਸੀ ਦੇ ਕਰਤਾ ਨੇ ਇੰਝ ਲਿਖਿਆ ਹੈ–
ਸ਼ਿਸ਼ ਪੁੱਛਦਾ ਹੈ ਸੰਤ ਕੋਲੋਂ, “ਉਹ ਪ੍ਰਭੂ ਕੀ ਹੈ, ਉਸ ਦੀ ਵਿਆਖਿਆ ਕਰਕੇ ਦੱਸੋ।”
ਉਸ ਸੰਤ ਨੇ ਉਸ ਨੂੰ ਇਕ ਬੜਾ ਕੀਮਤੀ ਪੱਥਰ(ਹੀਰਾ)ਦਿੱਤਾ ਤੇ ਕਿਹਾ,
“ਇਹ ਵੇਚ ਕੇ ਆ ਜਾ, ਪਰ ਪਹਿਲੇ ਤੂੰ ਜਿਥੇ ਜਿੱਥੇ ਜਾਣਾ ਹੈ, ਮੈਂ ਤੈਨੂੰ ਦੱਸਾਂਗਾ, ਮੇਰੇ ਕੋਲੋਂ ਇਜ਼ਾਜ਼ਤ ਲੈ ਕੇ ਜਾਵੀਂ।”
ਸ਼ਿਸ਼ ਕਹਿਣ ਲੱਗਾ,”ਠੀਕ ਹੈ, ਤੁਸੀਂ ਮੈਨੂੰ ਦੱਸਦੇ ਜਾਣਾ।”
ਸੰਤ ਨੇ ਕਿਹਾ, “ਜੋ ਫਲਾਣਾ ਸਬਜ਼ੀ ਵੇਚਦਾ ਹੈ, ਉਸ ਕੋਲ ਲੈ ਜਾਹ। ਉਸ ਨੂੰ ਕਹੀਂ ਮੈਂ ਪੱਥਰ ਵੇਚਣਾ ਹੈ, ਲੈਣਾ ਹੈ। ਦੂਜਾ ਜੋ ਕੱਪੜੇ ਦੀ ਦੁਕਾਨ ਹੈ ਬਜ਼ਾਜੀ ਦੀ, ਫਿਰ ਉਸ ਕੋਲ ਲੈ ਜਾਈਂ ‘ਤੇ ਕਹੀਂ ਬਈ ਮੈਂ ਇਹ ਪੱਥਰ ਵੇਚਣਾ ਹੈ, ਮੇਰੇ ਸੰਤ ਨੇ ਭੇਜਿਆ ਹੈ। ਤੀਸਰਾ ਵੀ ਮੈਂ ਤੈਨੂੰ ਦੱਸ ਦਿਆਂ, ਉਹ ਜਿਹੜਾ ਕਸਾਈ ਹੈ, ਮਾਸ ਵੇਚਦਾ ਹੈ, ਉਸ ਦੇ ਕੋਲ ਚਲਾ ਜਾਈਂ ਅਤੇ ਕਹੀਂ ਇਹ ਮੈਂ ਵੇਚਣਾ ਹੈ, ਕੀ ਦੇਵੇਂਗਾ? ਇਹ ਸਾਰੇ ਤੈਨੂੰ ਕੀ ਮੁੱਲ ਦਿੰਦੇ ਹਨ, ਸੁਣ ਲਈਂ ਤੇ ਮੈਨੂੰ ਆ ਕੇ ਦੱਸੀਂ।
ਫਿਰ ਫ਼ੈਸਲਾ ਮੈਂ ਕਰਾਂਗਾ ਕਿ ਫਲਾਣੇ ਕੋਲ ਵੇਚਣਾ ਹੈ।”
ਪਹਿਲੇ ਉਹ ਸਬਜ਼ੀ ਵਾਲੇ ਕੋਲ ਗਿਆ, ਉਸ ਨੇ ਕਹਿ ਦਿੱਤਾ, ਮੈਂ ਤੈਨੂੰ ਦੋ ਟਾਈਮ ਦੀ ਸਬਜ਼ੀ ਦੇ ਦਿੰਦਾ ਹਾਂ, ਇਥੇ ਰੱਖ ਜਾ ਏਸ ਪੱਥਰ ਨੂੰ।ਕੱਪੜੇ ਵਾਲੇ ਬਜ਼ਾਜ਼ੀ ਨੇ ਕਹਿ ਦਿੱਤਾ, ਮੈਂ ਤੈਨੂੰ ਇਕ ਚੋਲੇ ਦਾ ਕੱਪੜਾ ਦੇ ਦਿੰਦਾ ਹਾਂ। ਪੱਥਰ ਜ਼ਰਾ ਜਿਹਾ ਚਮਕਦਾ ਪਿਆ ਹੈ, ਠੀਕ ਹੈ, ਇੱਥੇ ਰੱਖ ਜਾ। ਫਿਰ ਉਹ ਕਸਾਈ ਕੋਲ ਚਲਾ ਗਿਆ, ਕਸਾਈ ਕਹਿਣ ਲੱਗਾ, ਲੋੜ ਤਾਂ ਨਹੀਂ ਇਸ ਪੱਥਰ ਦੀ, ਪਰ ਤੂੰ ਹੁਣ ਲੈ ਕੇ ਆਇਅਾ ਹੈਂ ਅਤੇ ਸੰਤ ਨੇ ਤੈਨੂੰ ਭੇਜਿਆ ਹੈ। ਚਲੋ ਇਕ ਡੰਗ ਦਾ ਮਾਸ ਲੈ ਜਾਹ, ਬਸ ਇੰਨਾ ਹੀ।
ਉਹ ਵਾਪਸ ਆ ਗਿਆ ਅਤੇ ਇਹ ਸਭ ਕੁਝ ਦੱਸ ਕੇ ਕਹਿਣ ਲੱਗਾ,”ਸੰਤ ਜੀ, ਕਿਸ ਦੇ ਕੋਲ ਵੇਚਾਂ, ਇਹ ਤਿੰਨ ਤਰ੍ਹਾਂ ਦੇ ਮੁੱਲ ਦੱਸੇ ਨੇ।”
ਸੰਤ ਨੇ ਆਖਿਆ, “ਇਕ ਚੋਥਾ ਵੀ ਹੈ, ਜੌਹਰੀ, ਉਸ ਦੇ ਕੋਲ ਚਲਾ ਜਾਹ। ਪਰ ਵੇਚੀਂ ਨਾਂਹ, ਮੈਨੂੰ ਆ ਕੇ ਦੱਸੀਂ।”
ਜੌਹਰੀ ਕੋਲ ਗਿਆ, ਉਸ ਨੇ ਕਿਹਾ,”ਦਸ ਹਜ਼ਾਰ ਸੋਨੇ ਦੀਆਂ ਮੋਹਰਾਂ ਲੈ ਲੈ, ਪਰ ਮਿੱਤਰਾ ਮੇਰੇ ਕੋਲ ਇਤਨਾ ਹੀ ਧਨ ਹੈ ਅਤੇ ਇਹ ਪੱਥਰ ਇਸ ਧਨ ਤੋਂ ਵੀ ਕੀਮਤੀ ਹੈ। ਜੇ ਤੇਰਾ ਜੀਅ ਕਰੇ ਤਾਂ ਇਹ ਦਸ ਹਜ਼ਾਰ ਮੋਹਰਾਂ ਲੈ ਜਾਹ ਤੇ ਰੱਖ ਜਾਹ, ਪਰ ਇਹ ਇਸ ਦੀ ਕੀਮਤ ਨਹੀਂ ਹੈ, ਕਿਉਂਕਿ ਇਸ ਤੋਂ ਜਿਆਦਾ ਮੈਂ ਨਹੀਂ ਦੇ ਸਕਦਾ, ਮੇਰੇ ਕੋਲ ਹੈ ਨਹੀਂ।”
ਉਹ ਸ਼ਿਸ਼ ਦੰਗ ਰਹਿ ਗਿਆ ਅਤੇ ਆ ਕੇ ਸੰਤ ਜੀ ਨੂੰ ਦੱਸਿਆ ਕਿ ਉਸ ਜੌਹਰੀ ਨੇ ਇਸ ਪੱਥਰ ਦਾ ਇਤਨਾ ਮੁੱਲ ਪਾਇਆ ਹੈ ਅਤੇ ਨਾਲੇ ਇੰਝ ਕਹਿੰਦਾ ਹੈ, ਇਹ ਮੁੱਲ ਨਹੀਂ ਹੈ।”
ਪੰਚਦਸੀ ਦਾ ਕਰਤਾ ਫਿਰ ਲਿਖਦਾ ਹੈ ਕਿ ਸਬਜ਼ੀ ਵੇਚਣ ਵਾਲੇ,ਕੱਪੜਾ ਵੇਚਣ ਵਾਲੇ, ਮਾਸ ਵੇਚਣ ਵਾਲਿਆਂ ਦੇ ਤਾਂ ਬਾਜ਼ਾਰਾਂ ਦੇ ਬਾਜ਼ਾਰ ਨੇ, ਹੀਰਾ ਕਿਧਰੇ ਕਿਧਰੇ ਵਿਕਦਾ ਹੈ। ਲੰਬੀ ਚੌੜੀ ਮਾਰਕਿਟ ਨਹੀਂ ਹੁੰਦੀ, ਲੰਬੇ ਚੌੜੇ ਬਾਜ਼ਾਰ ਨਹੀਂ ਹੁੰਦੇ। ਹਰ ਜਗ੍ਹਾ ਬ੍ਰਹਮ ਗਿਆਨੀ ਨਹੀਂ ਹੁੰਦਾ ਅਤੇ ਹਰ ਜਗ੍ਹਾ ਬ੍ਰਹਮ ਗਿਆਨੀਆਂ ਨੂੰ ਸਮਝਣ ਵਾਲੇ ਵੀ ਨਹੀਂ ਹੁੰਦੇ।
ਮੈਂ ਜਾਣ ਲਿਆ ਹੈ, ਗੁਰੂ ਜੀ ਕਹਿੰਦੇ ਨੇ, ਮੋਹਰ ਲੱਗ ਗਈ ਕਿ ਇਹ ਅਨਜਾਣ ਹੈ,ਨਹੀਂ ਜਾਣਦਾ। ਪਰ ਜੋ ਜਾਨਣ ਵਾਲਾ ਹੈ,ਉਹ ਜਾਣਕਾਰਾਂ ਦੀ ਨਿਗਾਹ ਤੋਂ ਛੁਪਿਆ ਨਹੀਂ ਰਹਿੰਦਾ :-
“ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ॥
{ ਅੰਗ 359}
ਜੌਹਰੀ ਦੀ ਨਿਗਾਹ ਤੋਂ ਰਤਨ ਨਹੀਂ ਛੁਪ ਸਕਦਾ। ਸਬਜ਼ੀ ਵੇਚਣ ਵਾਲੇ ਜਾਂ ਕਸਾਈ ਆਦਿ ਦੀ ਨਿਗਾਹ ਤੋਂ ਛੁਪ ਜਾਏਗਾ। ਬਜ਼ਾਜੀ ਦੀ ਦੁਕਾਨ ਕਰਨ ਵਾਲੇ ਤੋਂ ਛੁਪ ਜਾਏਗਾ। ਪਰ ਕੋਈ ਜੌਹਰੀ ਪਹਿਚਾਣ ਲਏਗਾ।ਜੋਹਰੀ ਹਰ ਜਗ੍ਹਾ ਨਹੀਂ ਹੁੰਦੇ। ਕੱਪੜੇ, ਸਬਜ਼ੀ ਤੇ ਮਾਸ ਦੀ ਪਰਖ ਕਰਨ ਵਾਲੇ ਹਰ ਜਗ੍ਹਾ ਹੁੰਦੇ ਨੇ, ਹੀਰੇ ਦੀ ਪਰਖ ਕਰਨ ਵਾਲੇ ਹਰ ਜਗ੍ਹਾ ਨਹੀਂ ਹੁੰਦੇ।
ਗਿਆਨੀ ਸੰਤ ਸਿੰਘ ਜੀ ਮਸਕੀਨ