ਸੁੱਚਾ ਸੂਰਮਾ ਦੇ ਜੱਦੀ ਪਿੰਡ ਸਮਾਓਂ ਪੁੱਜੇ ਅਦਾਕਾਰ ਬੱਬੂ ਮਾਨ
ਅਫ਼ਤਾਬ ਖਾਨ
ਭੀਖੀ, 18 ਸਤੰਬਰ
ਪੰਜਾਬੀ ਲੋਕ ਨਾਇਕ ਸੁੱਚਾ ਸਿੰਘ ਸੂਰਮਾ ਦੀ ਜੀਵਨੀ ਅਧਾਰਿਤ ਫਿਲਮ ਸੁੱਚਾ ਸੂਰਮਾ ਦੀ ਪ੍ਰਮੋਸ਼ਨ ਦੌਰਾਨ ਪ੍ਰਸਿੱਧ ਗਾਇਕ ਤੇ ਅਦਾਕਾਰ ਬੱਬੂ ਮਾਨ ਬੀਤੇ ਦਿਨ ਸੁੱਚਾ ਸੂਰਮਾ ਦੇ ਜੱਦੀ ਪਿੰਡ ਆਪਣੀ ਟੀਮ ਸਮੇਤ ਪੁੱਜੇ ।
ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਨਤਮਸਤਕ ਹੋਣ ਤੋਂ ਬਾਅਦ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਹੋਈ, ਪਿੰਡ ਦੇ ਕੁਝ ਬਜ਼ਰੁਗਾਂ ਦਾ ਵੀਡੀਓ ਕਲਿੱਪ ਉਹਨਾਂ ਤੱਕ ਪਹੰੁਚਿਆ ਸੀ ਕਿ ਮੈਂ ਸਮਾਓਂ ਪਿੰਡ ਆਵਾਂ, ਤਾਂ ਇਸ ਕਰਕੇ ਇਹ ਜਰੂਰੀ ਸਮਝਿਆ, ਉਹਨਾਂ ਸੁੱਚਾ ਸਿੰਘ ਸੂਰਮਾ ਦੀ ਸਮਾਧ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਟੀਮ ਨੇ ਇਹ ਫਿਲਮ ਖੋਜ ਅਧਾਰਿਤ ਬਣਾਈ ਹੈ, ਕੁਝ ਉਣਤਾਈਆਂ ਹੋ ਸਕਦੀਆਂ ਪਰ ਸੱਚ ਦੇ ਨੇੜੇ ਪੁਹੰਚਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਸੂਰਮਿਆਂ, ਲੋਕ ਨਾਇਕਾਂ ਅਤੇ ਇਤਿਹਾਸਕ ਫਿਲਮਾਂ ਬਣਾਉਣ ਦੀ ਗੱਲ ਆਖੀ। ਅਦਾਕਾਰ ਬੱਬੂ ਮਾਨ ਨੇ ਪਿੰਡ ਦੀ ਪੰਚਾਇਤ ਨੂੰ ਗੁਰਦੁਆਰਾ ਸਾਹਿਬ ਲਈ ਇੱਕ ਲੱਖ ਰੁਪਏ ਨਕਦ ਰਾਸ਼ੀ ਭੇਟ ਕੀਤੀ। ਇਸ ਦੌਰਾਨ ਬੱਬੂ ਮਾਨ, ਘੁੱਕਰ ਸਿੰਘ ਦੀ ਪੀੜ੍ਹੀ ਵਿੱਚੋਂ ਗੋਰਾ ਸਿੰਘ ਨੰਬਰਦਾਰ ਨੂੰ ਵੀ ਮਿਲੇ। ਪਿੰਡ ਵਾਸੀਆਂ ਵੱਲੋਂ ਬੱਬੂ ਮਾਨ ਦਾ ਭਰਵਾਂ ਸਵਾਗਤ ਕੀਤਾ ਗਿਆ।
ਪਿੰਡ ਦੀ ਪੰਚਾਇਤ ਵੱਲੋਂ ਭੋਲਾ ਸਿੰਘ ਸਮਾਓਂ, ਗੁਰਮੇਜ ਸਿੰਘ ਅਤੇ ਸੁਖਜੀਤ ਸਿੰਘ ਸਮਾਓਂ ਨੇ ਬੱਬੂ ਮਾਨ ਅਤੇ ਸਮੁੱਚੀ ਟੀਮ ਨੂੰ ਜੀ ਆਇਆਂ ਆਖਿਆ ਨਾਲ ਹੀ ਧੰਨਵਾਦ ਕੀਤਾ।
ਬੱਬੂ ਮਾਨ ਨੇ ਪਿੰਡ ਵਾਸੀਆਂ ਨੂੰ ਟਰੈਕਟਰ-ਟਰਾਲੀਆਂ ਭਰਕੇ ਫਿਲਮ ਵੇਖਣ ਲਈ ਜਾਣ ਦੀ ਅਪੀਲ ਕੀਤੀ।
ਇਸ ਮੌਕੇ ਧੰਨਾ ਸਿੰਘ, ਕਮਲਦੀਪ ਚਹਿਲ, ਡਾ. ਜਤਿੰਦਰ ਸਿੰਘ ਚਹਿਲ, ਬਲਵਿੰਦਰ ਸਿੰਘ ਗੋਸ਼ਾ, ਗੁਰਤੇਜ ਸਿੰਘ ਚਹਿਲ, ਫਿਲਮ ਅਦਾਕਾਰ ਗੁਰਿੰਦਰ ਮਕਨਾ, ਗੁਰਪ੍ਰੀਤ ਤੋਤੀ ਆਦਿ ਹਾਜ਼ਰ ਸਨ।