ਪੰਜਾਬੀ ਗਾਇਕੀ ਦੇ ਇਤਿਹਾਸ ਵਿਚ ਜੋ ਮਾਣ (ਜੀਂਦੇ ਜੀਅ) ਗੁਰਦਾਸ ਮਾਨ ਦੇ ਹਿੱਸੇ ਆਇਆ ਹੈ, ਉਹ ਹੁਣ ਤੀਕ ਕਿਸੇ ਦੇ ਹਿੱਸੇ ਨਹੀਂ ਆਇਆ। ਪਿਛਲੇ ਕੁਝ ਸਮੇਂ ਤੋਂ ਖ਼ਾਸ ਕਰ ਜਨਤਕ ਮੀਡੀਆ ਦੀ ਆਮਦ ਤੋਂ ਬਾਅਦ ਕੁਝ ਲੋਕ ਗੁਰਦਾਸ ਮਾਨ ਨੂੰ ਨਿਸ਼ਾਨਾ ਬਣਾ ਕੇ ਅਕਸਰ ਹੀ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਇਹ ਕੋਈ ਦੋ-ਢਾਈ ਸੌ ਫੇਸਬੁੱਕੀ ਵਿਦਵਾਨਾਂ ਦਾ ਟੋਲਾ ਹੈ, ਉਨ੍ਹਾਂ ਦੀ ਗੱਲ ਨੂੰ ਤਾਈਦ ਕਰਨ ਵਾਲੇ ਬੇਅਕਲ ਲੋਕਾਂ ਦੀ ਇੱਕ ਵਹੀਰ ਵੀ ਹੈ। ਇਸ ਵਿਰੋਧ ਦਾ ਕਾਰਨ ਅਸਲ ਵਿੱਚ ਗੁਰਦਾਸ ਮਾਨ ਦਾ ਨਕੋਦਰ ਡੇਰੇ ਨਾਲ ਰਿਸ਼ਤਾ ਹੈ। ਹਾਲਾਂਕਿ ਗੁਰਦਾਸ ਮਾਨ ਨੇ ਕਦੀ ਕੋਈ ਐਸਾ ਗੀਤ ਨਹੀਂ ਬੋਲਿਆ ਜੋ ਮਾਂ ਬੋਲੀ, ਪੰਜਾਬੀ ਸੱਭਿਆਚਾਰ ਜਾਂ ਸਮਾਜਿਕ ਬਰਾਬਰੀ ਦੇ ਖ਼ਿਲਾਫ਼ ਹੋਵੇ। ਪਰ ਸਾਡੇ ਕੁੱਝ ਲੋਕ ਨੇ ਕਿ ਇਹ ਮੂਸੇ ਵਾਲੇ ਦੀ ਬਾਂਹ ਵੀ ਲੈਣ ਲਈ ਵੀ ਤਿਆਰ ਹਨ, ਪਰ ਗੁਰਦਾਸ ਮਾਨ ਦੀ ਸਲਾਹ ਵੀ ਇਨ੍ਹਾਂ ਨੂੰ ਬੁਰੀ ਲੱਗਦੀ ਹੈ !
ਪਿੱਛੇ ਜਹੇ ਲਹਿੰਦੇ ਪੰਜਾਬ ਦੀ ਇੱਕ ਸੰਸਥਾ ਨੇ ਆਪਣਾ (ਨਾਮ) ਬਣਾਉਣ ਲਈ ਅਤੇ ਪੁਰਸਕਾਰ ਦਾ (ਮੁਕਾਮ) ਉੱਚਾ ਚੁੱਕਣ ਲਈ ਇਸ ਵਾਰ ਦੇ ਪੁਰਸਕਾਰਾਂ ਵਿਚ ਆਪੇ ਗੁਰਦਾਸ ਮਾਨ ਦਾ ਨਾਮ ਨਾਮਜ਼ਦ ਕਰ ਦਿੱਤਾ, ਚਲੋ ਵਧੀਆ ਕੀਤਾ। ਵੈਸੇ ਵਾਰਸ ਸ਼ਾਹ ਵਾਲੇ ਪੁਰਸਕਾਰ ਤੋਂ ਬਿਨਾ ਹੀ ਮਾਨ ਦਾ ਕੱਦ ਕੋਈ ਪੰਜਾਬੀਆਂ ਵਿਚ ਨੀਵਾਂ ਨਹੀਂ ਸੀ। ਉਮਰ ਦੇ 7 ਦਹਾਕੇ ਪਾਰ ਕਰਨ ਤੋਂ ਬਾਅਦ ਵੀ ਜੋ ਜ਼ਲੌਅ ਉਸ ਦੀ ਗਾਇਕੀ ਵਿਚ ਹੈ, ਜੋ ਜੁੰਬਿਸ਼ ਉਸਦੀ ਪੇਸ਼ਕਾਰੀ ਵਿਚ ਹੈ, ਜੋ ਜ਼ਾਇਕਾ ਉਸ ਦੀ ਗੀਤਕਾਰੀ ਵਿਚ ਹੈ, ਜੋ ਜਾਦੂ ਉਸ ਦੀ ਅਦਾਕਾਰੀ ਵਿਚ ਹੈ— ਐਨ ਓਦਾਂ ਹੀ ਬਰਕਰਾਰ ਹੈ ! ਮਾਨ ਦੀ ਪ੍ਰਤਿਭਾ, ਤਸਦੀਕ ਲਈ ਕਿਸੇ ਪੁਰਸਕਾਰ ਦੀ ਮੁਹਤਾਜ ਨਹੀਂ। ਸਗੋਂ ਕਈ ਵਰ੍ਹੇ ਪਹਿਲਾਂ ਉਸ ਨੇ ਬਾਬੇ ਵਾਰਸ ਸ਼ਾਹ ਬਾਰੇ ਬਣੀ ਫ਼ਿਲਮ ‘ਇਸ਼ਕ ਦਾ ਵਾਰਸ’ ਵਿਚ ਵਾਰਸ ਸ਼ਾਹ ਦਾ ਕਿਰਦਾਰ ਨਿਭਾਉਂਦਿਆਂ ਵਾਰਸ ਸ਼ਾਹ ਨੂੰ ਸਨਮਾਨ ਦਿੱਤਾ ਸੀ। ਪੰਜਾਬੀਆਂ ਦੀ ਆਦਤ ਹੈ ਕਿ ਉਹ ਕਲਾਕਾਰਾਂ ਨੂੰ ਵੀ ਧਰਮ ਦੀ ਐਨਕ ਨਾਲ ਵੇਖਦੇ ਹਨ, ਜਦ ਕਿ ਕਲਾਕਾਰ ਦਾ ਮੁੱਖ ਕੰਮ ਸਭਿਆਚਾਰਕ ਦਾਇਰੇ ਵਿੱਚ ਰਹਿ ਕੇ ਮਨੋਰੰਜਨ ਕਰਨਾ ਹੀ ਹੈ। ਜੇ ਸੇਧ ਦੀ ਗੱਲ ਕਰੀਏ ਤਾਂ ਗੁਰਦਾਸ ਮਾਨ ਦੇ ਗੀਤ ਇਸ ਪੱਖ ਤੇ ਵੀ ਖਰੇ ਉੱਤਰਦੇ ਹਨ। ਸਿਰਫ ਇੱਕ ਬਿਆਨ ਨੂੰ ਲੈ ਕੇ ਐਨੀ ਕਾਵਾਂ ਰੌਲੀ ਪਾਉਣ ਦੀ ਜ਼ਰੂਰਤ ਨਹੀਂ ਸੀ। ਗੁਰਦਾਸ ਮਾਨ ਨੇ ਇਹੋ ਜਹੀਆਂ ਸੰਸਥਾਵਾਂ ਨੂੰ ਪੁਰਸਕਾਰ ਲਈ ਕੋਈ ਅਰਜ਼ੀ ਨਹੀਂ ਭੇਜੀ ਸੀ। ਆਪੇ ਐਲਾਨ ਕਰਕੇ, ਆਪੇ ਮਨਸੂਖ਼ ਕਰਨ ਵਾਲੇ ਨਿੱਕੇ ਹੋਏ ਹਨ। ਅਸੀਂ ਵੱਡੇ ਦਿਲ ਨਾਲ ਗੁਰਦਾਸ ਮਾਨ ਦਾ ਆਸਟ੍ਰੇਲੀਆ ਵਿੱਚ ਨਿੱਘਾ ਸਵਾਗਤ ਕਰਦੇ ਹਾਂ, ਆਓ ਸੁਣਦੇ ਜੀਵਨ ਜੋਗੀ ਮਾਂ ਬੋਲੀ ਦੇ ਮਰਜਾਣੇ ਮਾਨ ਨੂੰ !
—ਸਰਬਜੀਤ ਸੋਹੀ, ਆਸਟ੍ਰੇਲੀਆ