ਮਾਨਸਾ, 7 ਸਤੰਬਰ – (ਨਾਨਕ ਸਿੰਘ ਖੁਰਮੀ)ਭਾਜਪਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ ਨੇ ਅੱਜ ਗੁਰਦਾਸਪੁਰ, ਤਰਨਤਾਰਨ, ਅਜਨਾਲਾ ਆਦਿ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਲੋਕਾਂ ਦੇ ਦਰਦ ਨਿਕੇ-ਨਾਲ ਵੇਖੇ ਅਤੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਨੂੰ ਵੱਡੀ ਮਾਰ ਪਈ ਹੈ, ਜਿਸ ਨਾਲ ਖੇਤੀਬਾੜੀ ਤਬਾਹ ਹੋ ਗਈ ਹੈ ਅਤੇ ਪੰਜਾਬ ਲਈ ਮੁੜ ਖੜ੍ਹਾ ਹੋਣਾ ਅੌਖਾ ਹੋ ਰਿਹਾ ਹੈ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਹੜ੍ਹਾਂ ਦੀ ਇਹ ਤਬਾਹੀ ਸਰਕਾਰ ਦੀ ਨਲਾਇਕੀ ਕਾਰਨ ਹੋਈ ਹੈ, ਕਿਉਂਕਿ ਸਰਕਾਰ ਨੇ ਨਾ ਤਾਂ ਨਾਲਿਆਂ ਦੀ ਸਫਾਈ ਕਰਵਾਈ ਅਤੇ ਨਾ ਹੀ ਹੜ੍ਹ-ਰੋਕੂ ਕੋਈ ਪਲਾਨ ਬਣਾਇਆ।
ਨਕੱਈ ਨੇ ਕਿਹਾ ਕਿ ਮੁੱਖ ਮੰਤਰੀ ਬਿਮਾਰ ਹੋਣ ਦਾ ਡਰਾਮਾ ਕਰ ਰਹੇ ਹਨ। ਅਸਲ ਵਿੱਚ ਪੂਰੀ ਸਰਕਾਰ ਹੀ ਬਿਮਾਰ ਹੋ ਗਈ ਹੈ, ਜੋ ਹੜ੍ਹ-ਪੀੜਤ ਲੋਕਾਂ ਦੀ ਸਹਾਇਤਾ ਕਰਨ ਦੀ ਬਜਾਏ ਉਨ੍ਹਾਂ ਨੂੰ ਆਪਣੇ ਹਾਲ ਤੇ ਛੱਡ ਬੈਠੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਪੰਜਾਬ ਸਰਕਾਰ ਤੋਂ ਬੇਆਸ ਹੋ ਗਏ ਹਨ ਪਰ ਕੇਂਦਰ ਸਰਕਾਰ ਪੰਜਾਬ ਦੇ ਦਰਦ ਨੂੰ ਮਹਿਸੂਸ ਕਰ ਰਹੀ ਹੈ ਅਤੇ ਹੜ੍ਹ-ਪੀੜਤਾਂ ਦੇ ਨਾਲ ਖੜ੍ਹੀ ਹੈ।
ਨਕੱਈ ਨੇ ਦੱਸਿਆ ਕਿ ਬੀਤੇ ਦਿਨ ਦੇਸ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵ ਰਾਜ ਚੌਹਾਨ ਜੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਗਏ ਹਨ ਅਤੇ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ 9 ਸਤੰਬਰ ਨੂੰ ਦੇਸ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੀ ਖੁਦ ਗੁਰਦਾਸਪੁਰ ਸਮੇਤ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਅਤੇ ਲੋਕਾਂ ਨਾਲ ਸਿੱਧਾ ਮਿਲ ਕੇ ਉਨ੍ਹਾਂ ਦੀ ਹਿਮਤ ਵਧਾਉਣਗੇ ਅਤੇ ਕੇਂਦਰ ਦੀ ਪੂਰੀ ਮਦਦ ਦਾ ਭਰੋਸਾ ਦੇਣਗੇ।
ਨਕੱਈ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਨੂੰ ਹੜ੍ਹਾਂ ਕਾਰਨ ਇਨੀ ਵੱਡੀ ਮਾਰ ਪਈ ਹੈ, ਅਤੇ ਇਸ ਦੇ ਪਿੱਛੇ ਸੂਬਾ ਸਰਕਾਰ ਦੀ ਗੰਭੀਰ ਨਲਾਇਕੀ ਜ਼ਿੰਮੇਵਾਰ ਹੈ।