ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਕੀਤਾ ਜਾਵੇਗਾ ਤਿੱਖਾ ਸੰਘਰਸ: ਗੁਰਵਿੰਦਰ ਸਿੰਘ ਤਰਨਤਾਰਨ
ਲੁਧਿਆਣਾ, 14 ਜੁਲਾਈ (ਦਪਬ)
ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਵਿੱਚ ਲੁਧਿਆਣਾ ਵਿਖੇ ਮਿਤੀ 12/07/2025 ਨੂੰ ਹੋਈ ਜਿਸ ਵਿੱਚ ਹਾਜ਼ਰ ਸਮੂਹ ਸੂਬਾ ਕਮੇਟੀ ਮੈਂਬਰ ਅਤੇ ਜਿਲ੍ਹਾ ਇਕਾਈਆਂ ਵੱਲੋਂ ਜਿਲ੍ਹਾ ਪ੍ਰਧਾਨ ਤੇ ਮੈਂਬਰਾਂ ਨੇ ਭਾਗ ਲਿਆ ਤੇ ਮਤਾ ਪਾਇਆ ਕਿ ਕੀਤੇ ਵਾਅਦਿਆਂ ਤੋਂ ਭੱਜੀ ਸਰਕਾਰ ਨੂੰ ਹਰ ਮੁਹਾਜ ਤੇ ਘੇਰਿਆ ਜਾਵੇਗਾ|
ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਵੱਲੋਂ ਕਿਹਾ ਗਿਆ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਤੇ ਮੌਜੂਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਕੰਪਿਊਟਰ ਅਧਿਆਪਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਨਣ ਸਾਰ ਸਭ ਤੋਂ ਪਹਿਲਾਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੂੰ ਉਹਨਾਂ ਦੇ ਬਣਦੇ ਸਾਰੇ ਲਾਭ ਦਿੱਤੇ ਜਾਣਗੇ| ਉਹਨਾਂ ਨੇਂ ਇਹ ਮੰਗ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀ ਸ਼ਾਮਿਲ ਕੀਤੀ ਸੀ| ਪਰ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਸਰਕਾਰ ਦੇ ਲਗਪਗ ਸਵਾ ਤਿੰਨ ਸਾਲ ਬੀਤ ਜਾਣਦੇ ਬਾਵਜੁਦ ਵੀ ਸਰਕਾਰ ਵੱਲੋਂ ਹਜੇ ਤੱਕ ਕੀਤਾ ਵਾਅਦਾ ਵਫਾ ਨਹੀਂ ਹੋਇਆ| ਸਰਕਾਰ ਨਾਲ ਕੰਪਿਊਟਰ ਅਧਿਆਪਕ ਯੂਨੀਅਨ ਦੀਆਂ ਲਗਪਗ 55 ਮੀਟਿੰਗਾਂ ਹੋ ਚੁੱਕੀਆਂ ਹਨ ਪਰ ਬਣੀ ਸਹਿਮਤੀ ਉੱਪਰ ਸਿੱਟਾ ਕੋਈ ਨਹੀਂ ਨਿੱਕਲਿਆ|
ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਦੇ ਜਿਲ੍ਹਾ ਪ੍ਰਧਾਨ ਸੱਤ ਪ੍ਰਤਾਪ ਸਿੰਘ ਭੀਖੀ ਨੇ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੁਆਰਾ ਆਪਣੇ ਟਵਿੱਟਰ ਅਤੇ ਫੇਸਬੁੱਕ ਪੇਜ਼ ਤੇ ਸਤੰਬਰ 2022 ਵਿੱਚ ਪੋਸਟ ਕਰਕੇ ਕਿਹਾ ਗਿਆ ਸੀ ਕਿ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੂੰ 2022 ਦੀ ਦਿਵਾਲੀ ਦਾ ਤੋਹਫਾ ਦਿੱਤਾ ਜਾਵੇਗਾ ਪਰ ਉਸ ਮਗਰੋਂ ਕਈ ਦੀਵਾਲੀਆਂ ਲੰਘ ਗਈਆਂ ਪਰ ਕੰਪਿਊਟਰ ਅਧਿਆਪਕ ਹਜ਼ੇ ਵੀ ਦੀਵਾਲੀ ਦੇ ਤੋਹਫੇ ਦੀ ਉਡੀਕ ਕਰ ਰਹੇ ਹਨ|
ਸਰਕਾਰ ਦੇ ਇਸ ਮਾੜੇ ਤੇ ਪੱਖਪਾਤੀ ਰਵੱਈਏ ਵਿਰੁੱਧ ਲਾਮਬੰਦ ਹੁੰਦੇ ਹੋਏ 17 ਅਗਸਤ 2025 ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਤੇ ਉਸ ਤੋਂ ਪਹਿਲਾਂ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ|
ਇਸ ਸਮੇਂ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਰਾਖੀ ਮੰਨਣ, ਮੀਤ ਪ੍ਰਧਾਨ ਅਨਿਲ ਐਰੀ, ਸੂਬਾ ਸਕੱਤਰ ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ ਘੁਮਾਨ ਸਟੇਟ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਮੂਸਾ ਅਤੇ ਨਿਤੇਸ਼ ਕੁਮਾਰ ਆਦਿ ਹਾਜ਼ਰ ਸਨ|