____________
ਨੁਸਰਤ ਫਤਿਹ ਅਲੀ ਖਾਂ ਪਾਕਿਸਤਾਨ ਦੇ ਸਭ ਤੋਂ ਵੱਡੇ ਕਵਾਲ ਹਨ ਉਹਨਾਂ ਨੂੰ #ਸ਼ਹਿਨਸ਼ਾਹ-ਏ-ਕਵਾਲੀ ਅਤੇ #ਸ਼ਹਿਰਯਾਰ-ਏ-ਮਸੀਕੀ ਵੀ ਕਿਹਾ ਜਾਂਦਾ ਹੈ। ਨੁਸਰਤ ਨੇ ਆਪਣੀ ਸਾਰੀ ਉਮਰ ਕਵਾਲੀ ਦੇ ਫਨ ਨੂੰ ਸਿੱਖਣ ਅਤੇ ਸਾਰੀ ਦੁਨੀਆ ਵਿੱਚ ਮਸ਼ਹੂਰ ਕਰਨ ਦੇ ਲੇਖੇ ਲਗਾ ਦਿੱਤੀ। ਉਹਨਾਂ ਨੇ ਸੂਫੀਆਂ ਦੇ ਪੈਗਾਮ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਇਆ ਅਤੇ ਉਹਨਾਂ ਨੂੰ ਬੇਪਨਾਹ ਮੁੱਹਬਤ ਨਸੀਬ ਹੋਈ|
ਉਨਾਂ ਨੇ ਆਪਣੀ ਪਹਿਲੀ ਪਰਫੋਰਮੈਂਸ ਰੇਡੀਓ ਪਾਕਿਸਤਾਨ ਦੇ ਸਲਾਨਾ ਮੌਸੀਕੀ ਦੇ ਪ੍ਰੋਗਰਾਮ ਜਸ਼ਨ-ਏ-ਬਹਾਰਾ ਦੇ ਜਰੀਏ ਦਿੱਤੀ ਸੀ। ਉਹਨਾਂ ਦੀ ਪਹਿਲੀ ਕਾਮਯਾਬ ਕਵਾਲੀ ਹੱਕ ਅਲੀ ਅਲੀ ਸੀ ਜਿਸ ਕਰਕੇ ਦੁਨੀਆਂ ਭਰ ਵਿੱਚ ਉਹਨਾਂ ਦੀ ਪਹਿਚਾਣ ਬਣ ਗਈ। ਨੁਸਰਤ ਉਰਦੂ ਅਤੇ ਪੰਜਾਬੀ ਦੇ ਇਲਾਵਾ ਫਾਰਸੀ, ਬ੍ਰਜ ਭਾਸ਼ਾ ਅਤੇ ਹਿੰਦੀ ਜੁਬਾਨ ਵਿੱਚ ਵੀ ਗਾਉਂਦੇ ਸੀ। ਉਹਨਾਂ ਦੇ ਜੀਵਨ ਕਾਲ ਵਿੱਚ ਬਹੁਤ ਸਾਰੇ ਐਲਬਮ ਰਿਲੀਜ਼ ਹੋਏ ਜਿਨਾਂ ਵਿੱਚ ਕਵਾਲੀਆਂ ਦੇ 125 ਆਡੀਓ ਐਲਬਮ ਵੀ ਸ਼ਾਮਿਲ ਹਨ ਉਹਨਾਂ ਦਾ ਨਾਮ ਗਿਨੀਜ ਬੁੱਕ ਆਫ ਵਰਲਡ ਰਿਕਾਰਡ ਚ ਵੀ ਦਰਜ ਹੈ|
ਨੁਸਰਤ ਦੇ ਦਾਦਾ ਹਾਜੀ ਮਾਰੂਫ 18ਵੀਂ ਸਦੀ ਦੇ ਆਖਰ ਚ ਆਪਣੇ ਮੁਰਸ਼ਦ ਹਜਰਤ ਸ਼ੈਖ ਨਾਮੀ ਬਜ਼ੁਰਗ ਦੇ ਨਾਲ ਅਫਗਾਨਿਸਤਾਨ ਤੋਂ ਹਿੰਦੁਸਤਾਨ ਆਏ ਸਨ। ਉਹਨਾਂ ਬਜ਼ੁਰਗਾਂ ਨੇ ਜਲੰਧਰ ਦੇ ਕੋਲੇ ਇੱਕ ਬਸਤੀ ਚ ਕਦਮ ਰੱਖੇ ਅਤੇ ਸਾਰੇ ਮੁਰੀਦਾਂ ਨੇ ਉੱਥੇ ਹੀ ਡੇਰਾ ਪਾ ਲਿਆ। ਬਾਅਦ ‘ਚ ਇਹ ਬਸਤੀ, ਸ਼ੈਖ ਬਸਤੀ ਦੇ ਨਾਮ ਨਾਲ ਮਸ਼ਹੂਰ ਹੋਈ|
ਹਿਜਰਤ ਕਰਨਾ ਬਜ਼ੁਰਗਾਂ ਦੀ ਪਸੰਦੀ ਦਾ ਅਮਲ ਰਿਹਾ ਹੈ। ਦੁਨੀਆ ਚ ਜਿਆਦਾਤਰ ਉਹ ਲੋਕ ਕਾਮਯਾਬ ਹੋਏ ਹਨ ਜਿਨਾਂ ਨੇ ਹਿਜਰਤ ਕੀਤੀ ਹੈ। ਹਿੰਦੁਸਤਾਨ ਦਾ ਕੋਈ ਵੀ ਇਲਾਕਾ ਐਸਾ ਨਹੀਂ ਹੈ ਜਿੱਥੇ ਸੂਫੀਆਂ ਦੇ ਕਦਮ ਨਾ ਪਏ ਹੋਣ ਹਜਰਤ ਦਾਤਾ ਗੰਜ ਬਖਸ਼, ਖਵਾਜਾ ਮੁਇਨਉਦੀਨ ਚਿਸ਼ਤੀ, ਹਜਰਤ ਸਮਸ਼ ਤਬਰੇਜੀ, ਸਬਜਬਾਰੀ, ਕੁਤਬਦੀਨ ਬਖਤਿਆਰ ਕਾਕੀ ,ਬਾਬਾ ਫਰੀਦ ਗੰਜ ਏ ਸ਼ਕਰ, ਖਵਾਜਾ ਨਿਜਾਮੂਦੀਨ ਔਲੀਆ ,ਹਜਰਤ ਸੱਯਦਨਾ ਅਮੀਰ ਅਬਦੁੱਲਾ ,ਹਜਰਤ ਮੀਆ ਮੀਰ ਆਦਿ ਐਸੇ ਐਸੇ ਰੌਸ਼ਨ ਸਿਤਾਰੇ ਸਨ ਜਿਨਾਂ ਦੀ ਚਮਕ ਨਾਲ ਮੁਰਦਾ ਦਿਲ ਵੀ ਰੌਸ਼ਨ ਹੋ ਜਾਂਦੇ ਸਨ|
ਹਜ਼ਰਤ- ਏ – ਸ਼ੈਖ ਦੀ ਮੌਤ ਤੋਂ ਬਾਅਦ ਨੁਸਰਤ ਦੇ ਪੁਰਖਿਆਂ ਨੇ ਮਜ਼ਾਰ ਦੀ ਦੇਖਭਾਲ ਆਪਣੇ ਜਿੰਮੇ ਲੈ ਲਈ ਅਤੇ ਕਵਾਲੀ ਦੀ ਰਵਾਇਤ ਦਿਨ ਬ ਦਿਨ ਆਪਣੇ ਸਿਖ਼ਰ ਨੂੰ ਵਧਣ ਲੱਗੀ ।ਸੂਫਿਆਨਾ ਕਲਾਮ ,ਹਮਦ ,ਨਾਤ ,ਮਕਬਤ ਦੇ ਜਰੀਏ ਕਵਾਲੀ ਮਕਬੂਲ ਹੁੰਦੀ ਰਹੀ ਅਤੇ ਇਹ ਖਾਨਦਾਨ ਆਪਣੀ ਮਖਸੂਸ ਅੰਦਾਜ਼ ਅਤੇ ਗਾਇਕੀ ਨਾਲ ਨਾਮ ਪੈਦਾ ਕਰਦਾ ਗਿਆ। ਇਸ ਘਰਾਣੇ ਨੇ ਅਲੱਗ ਅਲੱਗ ਵਕਤਾਂ ਚ ਅਲੱਗ ਅਲੱਗ ਉਸਤਾਦ ਗਾਇਕ ਪੈਦਾ ਕੀਤੇ ।ਜਿਨਾਂ ਦੇ ਨਾਮ ਕਿਸੇ ਨਾ ਕਿਸੇ ਦੇ ਜ਼ਹਿਨ ਚ ਮਹਿਫੂਜ਼ ਹੋਣਗੇ|
ਨੁਸਰਤ ਦੀ ਪੈਦਾਇਸ਼ 1948 ਫੈਸਲਾਬਾਦ ਚ ਹੋਈ। ਨੁਸਰਤ ਜਨਮ ਤੋਂ ਹੀ ਸਿਹਤਮੰਦ ਅਤੇ ਗੋਲ ਮਟੋਲ ਸੀ ।ਉਹਨਾਂ ਦੇ ਪਿਤਾ ਨੇ ਨੁਸਰਤ ਦਾ ਨਾਮ ਪਰਵੇਜ਼ ਰੱਖਿਆ । ਪਿਤਾ ਦੀ ਇੱਛਾ ਸੀ ਕਿ ਉਹਨਾਂ ਦਾ ਬੇਟਾ ਡਾਕਟਰ ਬਣੇ। ਇੱਕ ਬਜ਼ੁਰਗ ਹਜਰਤ ਗੁਲਾਮ ਗੌਸ ਦੇ ਫਤਿਹ ਅਲੀ ਖਾਨ ਦੇ ਟੱਬਰ ਨਾਲ ਗਹਿਰੇ ਸਬੰਧ ਸਨ। ਇੱਕ ਵਾਰ ਜਦੋਂ ਉਹ ਉਹਨਾਂ ਦੇ ਘਰ ਤਸ਼ਰੀਫ ਲਿਆਏ। ਜਦੋਂ ਸਾਰੇ ਲੋਕ ਖਾਣਾ ਖਾ ਕੇ ਬੈਠੇ ਤਾਂ ਫਤਿਹ ਅਲੀ ਨੇ ਆਪਣੇ ਬੇਟੇ ਨੂੰ ਆਵਾਜ਼ ਦੇ ਕੇ ਬੁਲਾਇਆ ਕੇ ਪਰਵੇਜ ਇਧਰ ਆਓ। ਗੁਲਾਮ ਗੌਸ ਸਮਦਾਨੀ ,ਪਰਵੇਜ਼ ਨਾਮ ਸੁਣ ਕੇ ਚੌਂਕ ਗਏ ਤੇ ਉਹਨਾਂ ਨੇ ਫਤਿਹ ਅਲੀ ਨੂੰ ਕਿਹਾ ਇਸ ਦਾ ਨਾਮ ਕੁਝ ਹੋਰ ਹੋਣਾ ਚਾਹੀਦਾ ਸੀ। ਉਸੇ ਸਮੇਂ ਉਹਨਾਂ ਨੇ ਪਰਵੇਜ ਤੋਂ ਬਦਲ ਕੇ ਨੁਸਰਤ ਨਾਂ ਰੱਖ ਦਿੱਤਾ। ਅੱਜ ਸਾਰੀ ਦੁਨੀਆ ਉਸ ਨਾਮ ਦੇ ਅਸਰ ਨਾਲ ਜਾਣੀ ਜਾਣ ਹੈ । ਨੁਸਰਤ ਦਾ ਘਰੇਲੂ ਨਾਮ ਪੀਜੀ ਸੀ|
ਨੁਸਰਤ ਦਾ ਬਚਪਨ ਕੋਈ ਖਾਸ ਨਹੀਂ ਸੀ ।ਆਮ ਬੱਚਿਆਂ ਵਾਂਗੂ ਸਕੂਲ ਜਾਂਦਾ। ਫਤਿਹ ਅਲੀ ਖਾਨ ਨੇ ਆਪਣੇ ਘਰੇ ਸਹੂਲਤ ਦੀਆਂ ਸਾਰਿਆਂ ਚੀਜ਼ਾਂ ਰੱਖੀਆਂ ਹੋਈਆਂ ਸਨ। ਘਰ ਵਿੱਚ ਨੁਸਰਤ ਦੀਆਂ ਚਾਰ ਭੈਣਾਂ ਅਤੇ ਇੱਕ ਭਾਈ ਸੀ। ਬਚਪਨ ਵਿੱਚ ਨੁਸਰਤ ਨੂੰ ਉਸਦਾ ਪਿਤਾ ਵਾਰੀ ਵਾਰੀ ਅਹਿਸਾਸ ਕਰਵਾਉਂਦਾ ਕਿ ਮੌਸੀਕੀ ਤੇਰੇ ਲਈ ਨਹੀਂ ਹੈ। ਤੂੰ ਇਸ ਫ਼ਨ ਨਾਲ ਦਿਲ ਨਹੀਂ ਲਾਉਣਾ। ਮੈਂ ਤੈਨੂੰ ਗਵਈਆ ਨਹੀਂ ਡਾਕਟਰ ਬਣਾਉਣਾ ਚਾਹੁੰਦਾ ਹਾਂ।ਜਿੱਥੋਂ ਰੋਕੀਏ ਓਥੇ ਹੀ ਬਾਲ ਜਾਵੇ । ਨੁਸਰਤ ਚੋਰੀ ਛਿਪੇ ਘਰ ਚ ਪਏ ਤਬਲੇ ਤੇ ਹਰਮੋਨੀਓ ਉੱਤੇ ਮਸੀਕੀ ਦੇ ਸਬਕ ਦੁਹਰਾਉਂਦਾ ਰਹਿੰਦਾ|
ਨੁਸਰਤ ਦਾ ਪਿਤਾ ਫਤਿਹ ਅਲੀ ਖਾਨ ਬੜੇ ਰੋਹਬ ਵਾਲਾ ਬੰਦਾ ਸੀ। ਜਦੋਂ ਘਰ ਦਾਖਲ ਹੁੰਦਾ ਤਾਂ ਬੱਚੇ ਹੱਸਦੇ ਹੱਸਦੇ ਸੰਜੀਦਾ ਹੋ ਜਾਂਦੇ। ਉਹਨਾਂ ਦਾ ਬੱਚਿਆਂ ਤੇ ਬੜਾ ਰੋਹਬ ਸੀ। ਇੱਕ ਦਿਨ ਜਦੋਂ ਨੁਸਰਤ ਹਰਮੋਨੀਅਮ ਤੇ ਆਪਣਾ ਦਿਲ ਬਹਿਲਾ ਰਿਹਾ ਸੀ ।ਉਹ ਸੁਰਾਂ ਵਿੱਚ ਐਨਾ ਮਸਤ ਸੀ ਕਿ ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਚੱਲਿਆ ਉਸ ਦਾ ਪਿਤਾ ਉਸ ਦੇ ਪਿੱਛੇ ਆਣ ਖੜਿਆ ਹੈ।ਜਦੋਂ ਉਸਦੀਆਂ ਭੈਣਾਂ ਨੇ ਇਸ਼ਾਰਾ ਕੀਤਾ ਤਾਂ ਨੁਸਰਤ ਡਰ ਕੇ ਇੱਕ ਦਮ ਹਾਰਮੋਨੀਅਮ ਛੱਡ ਕੇ ਖੜਾ ਹੋ ਗਿਆ । ਇਹ ਦੇਖ ਕੇ ਫਤਿਹ ਅਲੀ ਖਾਨ ਮੁਸਕਰਾਇਆ ਅਤੇ ਕਿਹਾ ਤੈਨੂੰ ਕਦੇ ਕਦੇ ਦਿਲ ਬਹਿਲਾਉਣ ਲਈ ਇਜਾਜ਼ਤ ਹੈ ਪਰ ਯਾਦ ਰੱਖੀ ਮੈਂ ਤੈਨੂੰ ਡਾਕਟਰ ਬਣਾਉਣਾ ਚਾਹੁੰਦਾ ਹਾਂ ਗਵਈਆ ਨਹੀਂ|
ਬਾਪ ਦੀ ਇਜਾਜਤ ਮਿਲਣੀ ਸੀ ਤੇ ਨੁਸਰਤ ਦੇ ਅੰਦਰ ਮੌਸੀਕੀ ਦੇ ਪਰਵਾਟੇ ਫੁੱਟਣ ਲੱਗੇ । ਜਦੋਂ ਵੀ ਉਸ ਨੂੰ ਸਮਾਂ ਮਿਲਦਾ ਉਹ ਰਿਆਜ ਕਰਨ ਲੱਗ ਜਾਂਦਾ। ਫਤਿਹ ਅਲੀ ਖਾਨ ਬੇਟੇ ਨੂੰ ਥੋੜ੍ਹੇ ਬਹੁਤੇ ਕਲਾਸਿਕੀ ਫ਼ਨ ਦੇ ਹੁਨਰ ਦਸਦੇ ਰਹਿੰਦੇ। ਜਿਸ ਤੋਂ ਬਾਅਦ ਨੁਸਰਤ ਨੇ ਜੀ ਜਾਨ ਨਾਲ ਮੌਸੀਕੀ ਦੀ ਤਰਫ ਧਿਆਨ ਦੇਣਾ ਸ਼ੁਰੂ ਕੀਤਾ । ਉਹਨਾਂ ਨੇ ਬਹੁਤ ਮਿਹਨਤ ਕੀਤੀ ਅਤੇ ਆਪਣੇ ਪਿਤਾ ਨੂੰ ਯਕੀਨ ਦਵਾਇਆ ਕਿ ਮੈਂ ਸ਼ੁਗਲ ਲਈ ਨਹੀਂ ਗਾਉਂਦਾ ਬਲਕਿ ਮੌਸਿਕੀ ਵਿੱਚ ਕੁਝ ਕਰਨ ਦਾ ਜਜ਼ਬਾ ਅਤੇ ਹੌਸਲਾ ਵੀ ਰੱਖਦਾ ਹਾਂ|
ਫਤਿਹ ਅਲੀ ਖਾਨ ਅਤੇ ਮੁਬਾਰਕ ਅਲੀ ਖਾਨ ਦੀ ਮੌਤ ਤੋਂ ਬਾਅਦ ਇਸ ਘਰਾਣੇ ਚ ਕਵਾਲੀ ਦਾ ਸਿਲਸਿਲਾ ਬੰਦ ਨਹੀ ਹੋਇਆ ਇਹਨਾਂ ਦੋਨਾਂ ਤੋਂ ਬਾਅਦ ਸਲਾਮਤ ਅਲੀ ਖਾਨ ਕਵਾਲੀ ਪਾਰਟੀ ਦੀ ਕਮਾਨ ਸੰਭਾਲਦੇ ਸਨ। ਨੁਸਰਤ ਕਵਾਲੀ ਚ ਸ਼ਾਮਿਲ ਤਾਂ ਹੁੰਦਾ ਸੀ ਲੇਕਿਨ ਉਹਦੀ ਹੈਸੀਅਤ ਕ੍ਰਿਕਟ ਦੇ ਬਾਰਵੇਂ ਨੂੰ ਖਿਡਾਰੀ ਵਰਗੀ ਸੀ। ਕਵਾਲੀ ਦੇ ਸ਼ੁਰੂਆਤੀ ਦਿਨਾਂ ਵਿੱਚ ਨਸਰਤ ਇਕ ਦੋ ਸੋਲੋ ਪ੍ਰੋਗਰਾਮ ਕਰਦਾ ਸੀ। ਜਿਸ ਤੋਂ ਬਾਅਦ ਉਸ ਨੂੰ ਕਹਿ ਦਿੱਤਾ ਜਾਂਦਾ ਸੀ ਜਾ ਕੇ ਗੱਡੀ ਵਿੱਚ ਸੌ ਜਾਓ ਕਵਾਲੀ ਤੇਰੇ ਬੱਸ ਦਾ ਖੇਲ ਨੀ। ਉਹ ਮਾਯੂਸ ਤੇ ਉਦਾਸ ਹੋਇਆ ਸੋਚਦਾ ਰਹਿੰਦਾ ਕਿ ਮੈਂ ਇਸ ਪਾਰਟੀ ਦਾ ਅਹਿਮ ਰੁਕਨ ਕਦੋਂ ਬਣੂੰਗਾ|
ਫਤਿਹ ਅਲੀ ਖਾਨ ਦੇ ਸ਼ਗਿਰਦ ਨੁਸਰਤ ਤੋਂ ਬਿਲਕੁਲ ਮਾਯੂਸ ਹੋ ਚੁੱਕੇ ਸਨ। ਉਹਨਾਂ ਨੂੰ ਯਕੀਨ ਸੀ ਕਿ ਕਵਾਲੀ ਕਰਨਾ ਨੁਸਰਤ ਦੇ ਬਸ ਦੀ ਗੱਲ ਨਹੀਂ। ਕੁਝ ਲੋਕ ਨੁਸਰਤ ਦੀ ਆਵਾਜ਼ ਬਰੀਕ ਹੋਣ ਤੇ ਇਤਰਾਜ ਕਰਦੇ ਤੇ ਕੁਝ ਨੂੰ ਖਿਆਲ ਸੀ ਇਹ ਮੋਟਾਪੇ ਕਰਕੇ ਖੁਦ ਨੂੰ ਨਹੀਂ ਸਾਂਭ ਸਕੇਗਾ ਕਵਾਲੀ ਨੂੰ ਕਿੱਥੋਂ ਸੰਭਾਲੂਗਾ। ਕੁਝ ਸ਼ਗਿਰਦਾਂ ਨੇ ਤਾਂ ਮੱਥੇ ਤੇ ਹੱਥ ਮਾਰ ਕੇ ਆਖਣਾ ਇਹ 600 ਸਾਲਾ ਕਵਾਲੀ ਦੀ ਰਵਾਇਤ ਹੁਣ ਫਤਿਹ ਅਲੀ ਖਾਨ ਦੇ ਘਰ ਚੋਂ ਰੁਖਸਤ ਹੋ ਗਈ ਸਮਝੋ। ਇਹਨਾਂ ਸਾਰੀਆਂ ਬਾਤਾਂ ਦਾ ਮੁਬਾਰਕ ਅਲੀ ਖਾਨ ਅਤੇ ਖੁਦ ਨੁਸਰਤ ਨੂੰ ਬਹੁਤ ਬੁਰਾ ਲਗਦਾ।
ਮੁਬਾਰਕ ਅਲੀ ਖਾਨ ਦੇ ਦਿਲ ਤੇ ਇਹਨਾਂ ਗੱਲਾਂ ਦਾ ਗਹਿਰਾ ਅਸਰ ਹੋਇਆ ਉਸ ਨੇ ਹੌਸਲੇ ਨਾਲ ਆਖਿਆ ਨੁਸਰਤ ਨੂੰ ਮੌਸੀਕੀ ਦੀ ਤਰਬੀਅਤ ਮੈਂ ਦੇਵਾਂਗਾ|
ਉਸ ਤੋਂ ਬਾਅਦ ਵੀ ਨੁਸਰਤ ਨੂੰ ਤਾਹਨੇ ਮਿਹਣੇ ਮਿਲਦੇ ਹੀ ਰਹੇ। ਫਤਿਹ ਅਲੀ ਖਾਨ ਦੀ ਮੌਤ ਤੋਂ ਬਾਅਦ ਜਦੋਂ ਦਸਤਾਰਬੰਦੀ ਲਈ ਨੁਸਰਤ ਨੂੰ ਬੁਲਾਇਆ ਗਿਆ ਤਾਂ ਸ਼ਾਗਿਰਦਾਂ ਨੇ ਆਖਣਾ ਸਿਰਫ ਰਸਮ ਅਦਾ ਕਰ ਦਿਓ ਮੌਸੀਕੀ ਦਾ ਝੰਡਾ ਤਾਂ ਇਹ ਕਾਇਮ ਨਹੀਂ ਰੱਖ ਸਕੇਗਾ। ਇਹ ਸ਼ਮਲਾ ਹੁਣ ਸਦਾ ਲਈ ਝੁਕਿਆ ਸਮਝੋ|
ਉਸ ਰਾਤ ਨੁਸਰਤ ਹੁਬਕੀਂ ਰੋਇਆ ਅਤੇ ਖ਼ੁਦਾ ਨੂੰ ਮੁਖ਼ਾਤਿਬ ਹੋ ਕੇ ਆਖਣ ਲੱਗਿਆ ਅਗਰ ਮੈਨੂੰ ਇਸ ਫ਼ਨ ਤੋਂ ਵਿਰਵਾ ਰੱਖਣਾ ਸੀ ਤਾਂ ਫ਼ਨਕਾਰ ਦੇ ਘਰ ਜਨਮ ਹੀ ਕਿਉਂ ਦਿੱਤਾ। ਉਸ ਰਾਤ ਨੁਸਰਤ ਨੂੰ ਜਿਮੇਂ ਕੋਈ ਇਲਹਾਮ ਹੋਇਆ। ਉਹ ਸੁਪਨੇ ਵਿੱਚ ਗਾਉਣ ਲੱਗਿਆ । ਉਸ ਦੇ ਗਲੇ ਵਿੱਚ ਇੱਕ ਵੱਖਰੀ ਕਿਸਮ ਦਾ ਰਸ ਉੱਤਰਿਆ । ਉਸਨੂੰ ਆਪਣੇ ਪਿਤਾ ਦੀਆਂ ਨਸੀਹਤਾਂ ਯਾਦ ਆਈਆਂ। ਨੁਸਰਤ ਨੇ ਦਿਨ ਰਾਤ ਇੱਕ ਕਰਕੇ ਮੌਸੀਕੀ ਬਾਰੇ ਸਿੱਖਿਆ ਰਿਆਜ ਕੀਤਾ। ਬਾਅਦ ਵਿੱਚ ਉਸਨੇ ਪ੍ਰੋਗਰਾਮਾਂ ਤੇ ਜਾਣਾ ਸ਼ੁਰੂ ਕੀਤਾ। ਕਵਾਲ ਪਾਰਟੀ ਦਾ ਅਹਿਮ ਰੁਕਨ ਬਣਨ ਲਈ ਖੂਬ ਮਿਹਨਤ ਕਰੀ|
ਇੱਕ ਵਾਰ ਕੋਟ ਰਾਧਾ ਕ੍ਰਿਸ਼ਨ ਦੇ ਮੇਲੇ ਵਿੱਚ ਕਵਾਲੀ ਦਾ ਪ੍ਰੋਗਰਾਮ ਹੋ ਰਿਹਾ ਸੀ। ਉੱਥੇ ਬਖਸ਼ੀ ਸਲਾਮਤ ਕਵਾਲ ਸਨ ਜੋ ਨੁਸਰਤ ਦੇ ਪਿਤਾ ਦੇ ਹੀ ਸ਼ਗਿਰਦ ਸਨ । ਉਹਨਾਂ ਨੇ ਨੁਸਰਤ ਨੂੰ ਗਾਉਣ ਲਈ ਕਿਹਾ ਪਰ ਨੁਸਰਤ ਨੇ ਇਨਕਾਰ ਕਰ ਦਿੱਤਾ ਕਿ ਮੈਨੂੰ ਗਾਉਣਾ ਨਹੀਂ ਆਉਂਦਾ ਤਾਂ ਬਖਸ਼ੀ ਸਲਾਮਤ ਨੇ ਕਿਹਾ ਕਿ ਤੂੰ ਜੇਕਰ ਬਾਦਸ਼ਾਹ ਵੀ ਬਣ ਗਿਆ ਤੈਨੂੰ ਕੋਈ ਨਹੀਂ ਪਹਿਚਾਣੇਗਾ ਤੇਰੀ ਪਹਿਚਾਣ ਫਤਿਹ ਅਲੀ ਖਾਨ ਹੈ। ਜੋ ਭਾਰਤੀ ਉਪਮਹਾਂਦੀਪ ਦਾ ਬਹੁਤ ਵੱਡਾ ਗਵਈਆ ਸੀ। ਤੈਨੂੰ ਹਰ ਹੀਲੇ ਗਾਣਾ ਪਵੇਗਾ। ਉਸ ਤੋਂ ਬਿਨਾਂ ਤਾਂ ਕੁਝ ਨਹੀਂ|
ਇੱਕ ਵਾਰ ਮੰਗਣਾ ਝੀਲ ਦੇ ਪਾਰ ਇੱਕ ਪਿੰਡ ਵਿੱਚ ਕਵਾਲੀ ਦਾ ਦਾਵਤਨਾਮਾ ਆਇਆ ਪਰ ਰਸਤਾ ਬਹੁਤ ਖਤਰਨਾਕ ਸੀ ਉੱਥੇ ਜਾਣ ਵਾਸਤੇ ਇੱਕ ਲਾਉਂਜ ਚ ਬੈਠ ਕੇ ਪਹਿਲਾਂ ਮੰਗਲਾਂ ਝੀਲ ਪਾਰ ਕਰਨੀ ਪੈਣੀ ਸੀ ਤੇ ਉਸ ਤੋਂ ਬਾਅਦ ਕੁਝ ਮੀਲ ਦਾ ਪਥਰੀਲਾ ਰਸਤਾ ਤੈਅ ਕਰਨਾ ਸੀ । ਉੱਥੇ ਜਾਣ ਲਈ ਸਾਰੀ ਪਾਰਟੀ ਲਾਉਜ ਚ ਬੈਠ ਗਈ। ਜਦੋਂ ਲਾਉਜ ਚੱਲੀ ਤਾਂ ਚਾਰੇ ਪਾਸੇ ਪਾਣੀ ਦੇਖ ਕੇ ਸਾਰੇ ਲੋਕ ਰਾਗ ਰਾਗਣੀ ਤੱਕ ਭੁੱਲ ਗਏ। ਵਿਚਕਾਰ ਜਾ ਕੇ ਲਾਉਜ ਦਾ ਪੈਟਰੋਲ ਖਤਮ ਹੋ ਗਿਆ। ਉਸ ਵਕਤ ਨੁਸਰਤ ਬੱਚਾ ਸੀ ਅਤੇ ਮੋਟਾ ਡਾਹਢਾ ਸੀ । ਉਹ ਘਬਰਾ ਗਿਆ। ਸਾਰੇ ਲੋਕ ਕਿਸੇ ਨਾ ਕਿਸੇ ਤਰੀਕੇ ਕਿਨਾਰੇ ਤੱਕ ਆਏ ਅੱਗੇ ਪਥਰੀਲਾ ਰਸਤਾ ਸੀ । ਰਸਤੇ ਤੇ ਚਲਦੇ ਹੋਏ ਨੁਸਰਤ ਕਈ ਵਾਰ ਡਿੱਗਿਆ ਆਖਰਕਾਰ ਇੱਕ ਜਗਹਾ ਥੱਕ ਹਾਰ ਕੇ ਬੈਠ ਗਿਆ ਅਤੇ ਰੋਣ ਲੱਗਿਆ । ਫਿਰ ਨੁਸਰਤ ਦੇ ਚਾਚਾ ਸਲਾਮਤ ਅਲੀ ਖਾਨ ਨੇ ਨੁਸਰਤ ਦੇ ਮੋਢੇ ਤੇ ਹੱਥ ਰੱਖ ਕੇ ਪਿਆਰ ਨਾਲ ਕਿਹਾ ਬਸ ਆਹੀ ਇਲਾਕਾ ਰਹਿ ਗਿਆ ਜਿਹੜਾ ਸਾਡੇ ਖਾਨਦਾਨ ਤੋਂ ਸਰ ਨਹੀਂ ਹੋਇਆ। ਅੱਜ ਤੂੰ ਏਥੇ ਧੰਨ ਧੰਨ ਕਰਾਉਣੀ ਹੈ । ਮੇਲਾ ਲੁੱਟਣਾ ਹੈ। ਉਸ ਵੇਲੇ ਨੁਸਰਤ ਦੀ ਉਮਰ ਮਹਿਜ਼ 17 ਸਾਲ ਸੀ।………….. ਉਸ ਤੋਂ ਬਾਅਦ ਆਖਰੀ ਸਾਹ ਤੱਕ ਬਸ ਲਗਾਤਾਰ ਐਵੇਂ ਚੱਲਿਆ ਤੇ ਉਸਨੇ ਸੰਸਾਰ ਭਰ ਵਿੱਚ ਕਵਾਲੀ ਦੀ ਸ਼ਾਨ ਬਣਾਈ|
ਨੁਸਰਤ ਨੇ ਅਮੀਰ ਖ਼ੁਸਰੋ, ਮੀਰਾਂ ਭੀਖ, ਅਕਬਰ ਇਲਾਹਾਬਾਦੀ, ਬੇਦਮ ਸ਼ਾਹ ਵਾਰਸੀ, ਨਾ ਗੁਲਾਠਵੀ, ਹਸਰਤ ਮੋਹਾਨੀ,ਜਫ਼ਰ ਅਲੀ ਖਾਂ, ਜਿਗਰ ਮੁਰਾਦਾਬਾਦੀ, ਹਰੀ ਚੰਦ ਅਖ਼ਤਰ, ਕਮਰ ਜਲਾਲਬੀ, ਸ਼ਕੇਬ ਜਲਾਲੀ, ਖ਼ਾਦਿਮ ਹਸਨ ਅਜਮੇਰੀ, ਆਲਮ ਲਖਨਵੀ, ਨਾਸਿਰ ਕਾਜ਼ਮੀ, ਸਾਗਰ ਸਿੱਦਕੀ, ਹਫੀਜ ਜਲੰਧਰੀ, ਅਹਿਸਾਨ ਦਾਨਿਸ਼, ਤੁਫ਼ੈਲ ਹੁਸ਼ਿਆਰਪੁਰੀ, ਸੈਫ਼ ਉੱਦੀਨ ਸੈਫ਼, ਇਕਬਾਲ ਸਫੀਪੁਰੀ, ਕੈਸਰ ਉੱਲ ਜਾਫ਼ਰੀ ਦੇ ਇਲਾਵਾ ਪੀਰ ਨਸੀਰੂਦੀਨ ਨਸੀਰ, ਨਾਸਿਰ ਨਿਜ਼ਾਮੀ, ਨਾਜ਼ ਖਿਆਲਵੀ, ਰਾਗਿਬ ਮੁਰਾਦਾਬਾਦੀ, ਸਾਏਮ ਚਿਸ਼ਤੀ, ਅਬਦੁਲ ਹਮੀਦ ਅਦਮ, ਸਹਿਬਾ ਅਖ਼ਤਰ, ਮੁਜ਼ੱਫਰ ਵਾਰਸੀ, ਅਬਦੁਲ ਸਤਾਰ ਨਿਆਜੀ ਮੁਹੰਮਦ ਅਲੀ ਜਹੂਰੀ, ਸ਼ਬੀਰ ਸਾਜਦ ਚਿਸਤੀ, ਖਾਲਿਦ ਮਹਿਮੂਦ ਨਕਸ਼ਵੰਦੀ, ਬਸ਼ੀਰ ਫਾਰੂਕੀ, ਨਾਜਾਂ ਸੋਲਾਪੁਰੀ, ਸਹਿਬਾ, ਬਿਸਮਿਲ, ਇਬਨ ਏ ਇੰਸ਼ਾ, ਸਲੀਮ ਕੌਸਰ, ਅਹਿਮਦ ਫਰਾਜ਼, ਪਰਵੀਨ ਸ਼ਾਕਿਰ, ਐਸ ਐਮ ਸਾਦਿਕ ਹੋਰਾਂ ਦੇ ਕਲਾਮ ਪੜ੍ਹੇ|
ਫ਼ਾਰਸੀ ਕਲਾਮ ਮੌਲਾਨਾ ਜਲਾਲੂਦੀਨ ਰੂਮੀ ਅਬਦੁਲ ਰਹਿਮਾਨ ਜਾਮੀ ਖਵਾਜਾ ਨਿਜਾਮੁਦੀਨ ਔਲੀਆ ਬੂ ਅਲੀ ਸ਼ਾਹ ਕਲੰਦਰ ਅਮੀਰ ਖੁਸਰੋ ਸ਼ਾਹ ਨਿਆਜ ਅਹਿਮਦ ਬਰੇਲਵੀ ਹਕੀਮ ਨਜ਼ਰ ਅਸ਼ਰਫ ਦੀਆਂ ਗ਼ਜ਼ਲਾਂ ਗਾਈਆਂ| ਪੰਜਾਬੀ ਕਲਾਮ ਚ ਸ਼ਾਹ ਹੁਸੈਨ, ਸੁਲਤਾਨ ਬਾਹੂ ,ਬੁੱਲੇ ਸ਼ਾਹ, ਪੀਰ ਮੇਹਰ ਅਲੀ ,ਬਰੀ ਨਜਾਮੀ ਹੋਰਾਂ ਨੂੰ ਗਾਇਆ| ਨੁਸਰਤ ਨੇ ਬੀਬੀਸੀ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਹਜਰਤ ਸਾਈਨ ਚਿਸ਼ਤੀ ਦੀ ਕਵਾਲੀ ਹੱਕ ਅਲੀ ਅਲੀ ਮੌਲਾ ਅਲੀ ਅਲੀ ਹੀ ਮੇਰੀ ਪਹਿਲੀ ਪਹਿਚਾਣ ਹੈ|
ਨੁਸਰਤ ਦੀ ਟੀਮ ਵਿੱਚ 10 11 ਲੋਕ ਸ਼ਾਮਲ ਸੀ ਇਹ ਲੋਕ ਪੁਰਾਣੇ ਵਕਤਾਂ ਤੋਂ ਨਸਰ ਦੇ ਨਾਲ ਸਨ। ਨੁਸਰਤ ਕਵਾਲੀ ਦੀ ਕਮਾਈ ਦੇ ਵੀਹ ਹਿੱਸੇ ਹੁੰਦੇ। ਅੱਠ ਹਿੱਸੇ ਪਾਰਟੀ ਦੇ ਦੋ ਦੋ ਹਿੱਸੇ ਨੁਸਰਤ ਅਤੇ ਫ਼ਾਰੁਖ਼ ਦੇ ਹੁੰਦੇ। ਇੱਕ ਹਿੱਸਾ ਰਾਹਤ ਅਤੇ ਇੱਕ ਪਾਰਟੀ ਸੈਕਟਰੀ ਨੂੰ ਮਿਲਦਾ। ਤਿੰਨ ਹਿੱਸੇ ਉਸਦੀਆਂ ਭੈਣਾਂ ਦੇ ਹੁੰਦੇ ਦੋ ਹਿੱਸੇ ਉਸ ਦੇ ਵਫ਼ਾਦ ਪਾ ਗਏ ਸਾਥੀਆਂ ਦੇ ਪਰਿਵਾਰਾਂ ਨੂੰ ਮਿਲਦੇ|
ਨੁਸਰਤ ਦੀਆਂ 125 ਆਡੀਓ ਐਲਬਮ ਰਿਲੀਜ਼ ਹੋਈਆਂ। ਨੁਸਰਤ ਦਾ ਨਾ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਸ਼ਾਮਿਲ ਹੈ। ਜਪਾਨ ਨੇ ਨੁਸਰਤ ਨੂੰ #ਸਿੰਗਿੰਗ_ਬੁੱਧਾ ਦੇ ਖਿਤਾਬ ਨਾਲ ਨਿਵਾਜਿਆ ਹੈ। ਕਵਾਲੀ ਦਾ ਦੂਸਰਾ ਨਾਂ ਹੀ ਨੁਸਰਤ ਫ਼ਤਹਿ ਅਲੀ ਖ਼ਾਂ ਹੈ। ਉਹ ਆਪਣੀ ਤਾਕਤਵਰ ਆਵਾਜ਼ ਦੇ ਸਦਕੇ ਲਗਾਤਾਰ 10 ਘੰਟੇ ਤੱਕ ਗਾ ਸਕਦੇ ਸੀ|
ਨਿਰਦੇਸ਼ਕ ਪੀਟਰ ਗੇਬ੍ਰਿਆਲ ਦਾ ਕਹਿਣਾ ਹੈ,ਫਿਲਮ ਲਾਸਟ ਟੈਂਪਟੇਸ਼ਨ ਆਫ ਕ੍ਰਾਈਸਟ ਦੇ ਬੈਕਗਰਾਊਂਡ ਮਿਊਜਿਕ ਲਈ ਪਤਾ ਨਹੀਂ ਕਿੰਨੇ ਹੀ ਦੁਨੀਆਂ ਦੇ ਮਹਾਨ ਕਲਾਕਾਰ ਅਜਮਾਇਆ ਪਰ ਉਹਨਾਂ ਨੂੰ ਜਿਹੜਾ ਅਨੰਦ ਨੁਸਰਤ ਦੀ ਅਵਾਜ ਨਾਲ ਮਿਲਿਆ ਉਸ ਦਾ ਕੋਈ ਤੋੜ ਹੀ ਨਹੀਂ ਸੀ । ਉਸ ਤੋਂ ਬਾਅਦ ਅਨੇਕਾਂ ਕੈਸਟਾਂ ਉਹਨਾਂ ਨੇ ਰਿਕਾਰਡ ਕੀਤੀਆਂ। ਸ਼ੇਖਰ ਕਪੂਰ ਦੀ ਫਿਲਮ ਬੈਂਡਿਟ ਕੁਈਨ ਵਿੱਚ ਨੁਸਰਤ ਦਾ ਜਾਦੂ ਸਿਰ ਚੜ੍ਹ ਬੋਲਦਾ ਹੈ|
ਨੁਸਰਤ ਦਾ ਵਜ਼ਨ 137 ਕਿੱਲੋ ਤੋਂ ਜਿਆਦਾ ਸੀ। ਉਹ ਕਈ ਮਹੀਨੇ ਬਿਮਾਰ ਰਹੇ। ਲੰਡਨ ਦੇ ਕਰੋਮਵੈਲ ਹਸਪਤਾਲ ਚ ਅਚਾਨਕ ਦਿਲ ਦਾ ਦੌਰਾ ਪੈਣ ਦੀ ਵਜ੍ਹਾ ਕਾਰਨ 16 ਅਗਸਤ 1997 ਚ ਮਹਿਜ 48 ਸਾਲ ਦੀ ਉਮਰ ਚ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।