ਭਵਿੱਖ ਦਾ ਦੌਰ ਕਮਿਊਨਿਸਟਾਂ ਦਾ ਹੋਵੇਗਾ – ਐਡਵੋਕੇਟ ਦਲਿਓ
ਮਾਨਸਾ – 3 ਦਸੰਬਰ –
ਅੱਜ ਇੱਥੇ ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋਂ ਨੇ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 7 ਦਸੰਬਰ ਨੂੰ ਬੁਡਾਲਾ (ਜਲੰਧਰ) ਬਰਸੀ ਮੌਕੇ ਕਿਊਬਾ ਦੇ ਰਾਜਦੂਤ ਨੂੰ 10 ਲੱਖ ਰੁਪਏ ਡਰਾਫਟ ਦੇ ਰੂਪ ਵਿੱਚ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਕਮਿਊਨਿਸਟ ਆਗੂ ਕਾਮਰੇਡ ਚੰਨੋਂ ਅੱਜ ਇੱਥੇ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਏਰੀਆ ਕਮੇਟੀ ਭੀਖੀ ਦੀ ਮੀਟਿੰਗ ਵਿੱਚ ਪਹੁੰਚੇ ਹੋਏ ਸਨ।
ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਲੱਗੇ ਫੰਡ ਦੇ ਕੋਟੇ ਮੁਤਾਬਕ ਰਾਸ਼ੀ ਕਾਮਰੇਡ ਚੰਨੋਂ ਨੂੰ ਸੌਂਪ ਦਿੱਤੀ ਹੈ। ਇਸ ਮੌਕੇ ‘ਤੇ ਐਡਵੋਕੇਟ ਦਲਿਓ ਨੇ ਕਿਹਾ ਕਿ ਭਵਿੱਖ ਦਾ ਸਮਾਂ ਕਮਿਊਨਿਸਟਾਂ ਦੇ ਦੌਰ ਦਾ ਹੋਵੇਗਾ ਅਤੇ ਇਸ ਲੜਾਈ ਵਿੱਚ ਅਮਰੀਕਾ ਸਾਮਰਾਜ ਨੂੰ ਮੂੰਹ ਦੀ ਖਾਣੀ ਪਵੇਗੀ।
ਇਸ ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਪਰਵਿੰਦਰ ਸਿੰਘ ਭੀਖੀ ਨੇ ਕੀਤੀ। ਇਸ ਮੌਕੇ ‘ਤੇ ਬੋਲਦਿਆਂ ਕਮਿਊਨਿਸਟ ਆਗੂ ਨੇ ਕਿਹਾ ਕਿ ਅੱਜ ਦੇਸ਼ ਦੁਨੀਆਂ ਦੇ ਸਾਹਮਣੇ ਫਿਰਕੂ ਫਾਸ਼ੀਵਾਦੀ ਅਤੇ ਅਮਰੀਕਾ ਸਾਮਰਾਜ ਦੇ ਕਾਰਪੋਰੇਟ ਘਰਾਣੇ ਵੱਡਾ ਖਤਰਾ ਅਤੇ ਗੰਭੀਰ ਚੁਣੌਤੀ ਹਨ , ਜਿਸਦਾ ਟਾਕਰਾ ਦੁਨੀਆਂ ਪੱਧਰ ‘ਤੇ ਸਿਰਫ਼ ਕਮਿਊਨਿਸਟ ਹੀ ਕਰ ਸਕਦੇ ਹਨ। ਸਾਮਰਾਜੀ ਤਾਕਤਾਂ ਦੁਨੀਆਂ ਦੇ ਗ਼ਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਉੱਪਰ ਆਪਣਾ ਗ਼ਲਬਾ ਪਾ ਕੇ ਆਪਣੀ ਆਰਥਿਕ ਮੰਦੀ ਥੋਪਣਾ ਚਾਹੁੰਦੀਆਂ ਹਨ। ਜਿਸਨੂੰ ਖੱਬੀਆਂ ਅਤੇ ਅਗਾਂਹਵਧੂ ਧਿਰਾਂ ਨੇ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਅੱਜ ਵੀ ਅਮਰੀਕਾ ਨੇ ਸਮਾਜਵਾਦੀ ਦੇਸ਼ ਕਿਊਬਾ ‘ਤੇ ਅਨੇਕਾਂ ਆਰਥਿਕ ਪਾਬੰਦੀਆਂ ਲਾ ਰੱਖੀਆਂ ਹਨ।ਉਨ੍ਹਾਂ ਕਿਹਾ ਕਿ ਸੀ.ਪੀ.ਆਈ.(ਐਮ) ਸਮੇਤ ਦੇਸ਼ ਦੁਨੀਆਂ ਦੀਆਂ ਖੱਬੇ ਪੱਖੀ ਪਾਰਟੀਆਂ ਅਤੇ ਸਰਕਾਰਾਂ ਕਿਊਬਾ ਵਰਗੇ ਦੇਸ਼ ਦੀ ਰਾਖੀ ਅੱਖ ਦੀ ਪੁੱਤਲੀ ਵਾਂਗ ਕਰ ਰਹੇ ਹਨ। ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਜਸਵੰਤ ਸਿੰਘ ਬੀਰੋਕੇ ਕਾ. ਜਗਦੇਵ ਸਿੰਘ ਢੈਪਈ , ਦਰਸ਼ਨ ਸਿੰਘ ਧਲੇਵਾਂ , ਨਛੱਤਰ ਸਿੰਘ ਢੈਪਈ ਆਦਿ ਆਗੂ ਮੌਜੂਦ ਸਨ।
