*ਤਿੰਨ ਮਹੀਨੇ ਦੇ ਸਿਖਲਾਈ ਪ੍ਰੋਗਰਾਮ ਦੌਰਾਨ ਫਿਜ਼ੀਕਲ ਅਤੇ ਲਿਖਤੀ ਟੈੱਸਟ ਦੀ ਤਿਆਰੀ ਦੌਰਾਨ ਮੁਫ਼ਤ ਰਿਹਾਇਸ਼ ਅਤੇ ਖਾਣੇ ਦੀ ਸੁਵਿਧਾ
02 ਜੁਲਾਈ (ਕਰਨ ਭੀਖੀ) ਬੋੜਾਵਾਲ/ਮਾਨਸਾ: ਜ਼ਿਲ੍ਹਾ ਮਾਨਸਾ ਦੇ ਪਿੰਡ ਬੋੜਾਵਾਲ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਸੀ-ਪਾਈਟ ਕੇਂਦਰ ਨੌਜਵਾਨਾਂ ਨੂੰ ਭਾਰਤੀ ਫ਼ੌਜ, ਪੰਜਾਬ ਪੁਲਿਸ, ਬੀ.ਐੱਸ.ਐੱਫ ਅਤੇ ਸੀ.ਆਰ.ਪੀ.ਐੱਫ ਸਮੇਤ ਵੱਖ-ਵੱਖ ਸੁਰੱਖਿਆ ਬਲਾਂ ਵਿੱਚ ਭਰਤੀ ਲਈ ਯੋਗ ਬਣਾਉਣ ਦਾ ਬਹੁਤ ਵਧੀਆ ਉਪਰਾਲਾ ਕਰ ਰਿਹਾ ਹੈ। ਇਸ ਸੀ-ਪਾਈਟ ਕੈਂਪ ਤੋਂ ਹੁਣ ਤੱਕ ਜ਼ਿਲ੍ਹੇ ਦੇ ਹਜ਼ਾਰਾਂ ਨੌਜਵਾਨਾਂ ਸਿਖਲਾਈ ਲੈ ਕੇ ਫ਼ੌਜ ਸਮੇਤ ਹੋਰ ਸੁਰੱਖਿਆ ਫੋਰਸਾਂ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਹੇ ਹਨ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਕੈਂਪ ਦੌਰਾਨ 100 ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਇਹ ਕੈਂਪ ਤਿੰਨ ਮਹੀਨੇ ਦਾ ਹੁੰਦਾ ਹੈ। ਇਸ ਦੌਰਾਨ ਨੌਜਵਾਨਾਂ ਦਾ ਰਹਿਣ ਸਹਿਣ ਬਿਲਕੁਲ ਮੁਫ਼ਤ ਹੁੰਦਾ ਹੈ ਅਤੇ ਉਨ੍ਹਾਂ ਨੂੰ ਤਿੰਨ ਸਮੇਂ ਦਾ ਖਾਣਾ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਭਰਤੀ ਰੈਲੀ ਆਉਂਦੀ ਹੈ ਤਾਂ ਸੀ-ਪਾਈਟ ਕੇਂਦਰ ਬੋੜਾਵਾਲ ਵਿਖੇ ਵਿਸ਼ੇਸ਼ ਸਿਖਲਾਈ ਕੈਂਪ ਵੀ ਲਗਾਏ ਜਾਂਦੇ ਹਨ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਸਿਖਲਾਈ ਕੈਂਪ ਦੌਰਾਨ ਸਿਖਲਾਈ ਅਫ਼ਸਰ ਵੱਲੋਂ ਨੌਜਵਾਨਾਂ ਨੂੰ ਫਿਜ਼ੀਕਲ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦਾ ਫਿਜ਼ੀਕਲੀ ਹਰ ਉਹ ਈਵੈਂਟ ਕਰਵਾਇਆ ਜਾਂਦਾ ਹੈ ਜੋ ਫ਼ੌਜ ਜਾਂ ਹੋਰ ਫੋਰਸਾਂ ਦੀ ਭਰਤੀ ਦੌਰਾਨ ਫਿਜ਼ੀਕਲ ਟੈੱਸਟ ਵੇਲੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਨੌਜਵਾਨ ਪੂਰੀ ਮਿਹਨਤ ਨਾਲ ਤਿੰਨ ਮਹੀਨੇ ਦੀ ਸਿਖਲਾਈ ਸੀ-ਪਾਈਟ ਕੈਂਪ ਤੋਂ ਕਰ ਲੈਂਦਾ ਹੈ ਤਾਂ ਉਹ ਬੜੀ ਅਸਾਨੀ ਨਾਲ ਫ਼ੌਜ, ਬੀ.ਐੱਸ.ਐੱਫ਼, ਸੀ.ਆਰ.ਪੀ.ਐੱਫ਼, ਪੰਜਾਬ ਪੁਲਿਸ ਦੀ ਭਰਤੀ ਵੇਲੇ ਸਾਰੇ ਸਰੀਰਕ ਟੈੱਸਟ ਪਾਸ ਕਰਨ ਦੇ ਯੋਗ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਲਿਖਤੀ ਟੈੱਸਟ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ ਤਾਂ ਜੋ ਸਰੀਰਕ ਟੈੱਸਟ ਪਾਸ ਕਰਨ ਤੋਂ ਬਾਅਦ ਜੋ ਲਿਖਤੀ ਟੈੱਸਟ ਲਿਆ ਜਾਂਦਾ ਹੈ ਨੌਜਵਾਨ ਉਸ ਵਿਚੋਂ ਵੀ ਪਾਸ ਹੋ ਕੇ ਭਰਤੀ ਹੋ ਸਕਣ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਕਿਹਾ ਕਿ ਸੀ-ਪਾਈਟ ਕੇਂਦਰ ਬੋੜਾਵਾਲ ਵਿਖੇ ਸਮੇਂ-ਸਮੇਂ ਇਹ ਸਿਖਲਾਈ ਕੈਂਪ ਚੱਲਦੇ ਰਹਿੰਦੇ ਹਨ ਅਤੇ ਜਿਹੜੇ ਨੌਜਵਾਨ ਫ਼ੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਰੱਖਿਆ ਸੇਵਾਵਾਂ ਵਿੱਚ ਜਾਣ ਲਈ ਸੀ-ਪਾਈਟ ਕੇਂਦਰ ਬੋੜਾਵਾਲ ਵਰਦਾਨ ਹੈ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਇਸ ਕੇਂਦਰ ਵਿੱਚ ਸਿਖਲਾਈ ਲੈਣੀ ਚਾਹੁੰਦੇ ਹਨ ਉਹ ਸੀ-ਪਾਈਟ ਕੇਂਦਰ ਬੋੜਾਵਾਲ ਜਾਂ ਜ਼ਿਲ੍ਹਾ ਰੁਜ਼ਗਾਰ ਦਫ਼ਤਰ, ਮਾਨਸਾ ਵਿਖੇ ਪਹੁੰਚ ਕੇ ਜਾਂ 94641-78030 ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਸੀ-ਪਾਈਟ ਕੇਂਦਰ ਬੋੜਾਵਾਲ ਦੇ ਸੰਪਰਕ ਨੰਬਰ 98148-50214, 94632-89901 ’ਤੇ ਸੰਪਰਕ ਕੀਤਾ ਜਾ ਸਕਦਾ ਹੈ।