ਮਾਨਸਾ: 9 ਜੂਨ (ਨਾਨਕ ਸਿੰਘ ਖੁਰਮੀ)ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਨਾਦਰਸ਼ਾਹੀ ਫਰਮਾਨਾਂ ਦਾ ਵਿਰੌਧ ਕਰਦਿਆਂ ਅਤੇ ਆਪਣੀਆਂ ਜਾਇਜ਼ ਮੰਗਾਂ ਨੂੰ ਪੂਰਾ ਨਾ ਕਰਨ ਦੇ ਵਿਰੁੱਧ ਵਿਚ ਸਿੱਧੀ ਭਰਤੀ ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆਂ ਦੀ ਇੱਕ ਮੀਟਿੰਗ ਮਾਨਸਾ ਵਿਖੇ ਹੋਈ । ਇਸ ਮੀਟਿੰਗ ਵਿੱਚ ਸਾਲ 2020 ਅਤੇ ਸਾਲ 2022 ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੱਢੀਆਂ ਗਈਆਂ ਦੋ ਵੱਡੀਆਂ ਭਰਤੀਆਂ ਜਿਸ ਵਿੱਚ ਸਾਲ 2020 ਵਿੱਚ 573 ਪੋਸਟਾਂ ਜਿਨਾਂ ਵਿੱਚ ਪ੍ਰਿੰਸੀਪਲ, ਹੈਡ ਮਾਸਟਰ ਅਤੇ ਬੀਪੀਈਓ ਦੀਆਂ ਅਸਾਮੀਆਂ ਸਨ ਅਤੇ ਸਾਲ 2022 ਵਿੱਚ 119 ਪ੍ਰਿੰਸੀਪਲ ਦੀ ਭਰਤੀ ਲਈ ਇੱਕ ਟੈਸਟ ਲਿਆ ਗਿਆ ਸੀ। ਇਹ ਟੈਸਟ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਵੱਲੋਂ ਲਿਆ ਗਿਆ ਸੀ । ਇਹਨਾਂ ਭਰਤੀਆਂ ਦਾ ਨਤੀਜਾ ਜਾਰੀ ਹੋਣ ਤੋਂ ਕੁਝ ਸਮਾਂ ਪਹਿਲਾਂ ਦੋਵੇਂ ਭਰਤੀਆਂ ਉੱਪਰ ਮਾਨਯੋਗ ਹਾਈਕੋਰਟ ਵਿੱਚ ਸਟੇਅ ਲੱਗ ਗਈ । ਉਸ ਦਿਨ ਤੋਂ ਲੈ ਕੇ ਅੱਜ ਤੱਕ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਇਨਾਂ ਭਰਤੀਆਂ ਨੂੰ ਪੂਰਾ ਕਰਨ ਲਈ ਕੋਈ ਖਾਸ ਕੋਸ਼ਿਸ਼ ਨਹੀਂ ਕੀਤੀ ਗਈ । ਜਿਸ ਦੇ ਨਤੀਜੇ ਵਜੋਂ ਅੱਜ ਵੀ ਇਹ ਭਰਤੀਆਂ ਕੋਰਟ ਵਿੱਚ ਸੁਣਵਾਈ ਅਧੀਨ ਹਨ । ਸਰਕਾਰ ਦੀ ਇਸ ਨਲਾਇਕੀ ਨੂੰ ਉਜਾਗਰ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਨੇ ਸਿੱਖਿਆ ਮੰਤਰੀ ਪੰਜਾਬ, ਸਿੱਖਿਆ ਸਕੱਤਰ ਸਿੱਖਿਆ ਵਿਭਾਗ ਅਤੇ ਹੋਰ ਅਧਿਕਾਰੀਆਂ ਨੂੰ ਸਮੇਂ ਸਮੇਂ ਤੇ ਮੰਗ ਪੱਤਰ ਦਿੱਤੇ ਅਤੇ ਆਪਣੇ ਵੱਲੋਂ ਕਰੀਬ 40 ਲੱਖ ਰੁਪਇਆ ਖਰਚ ਕਰਕੇ ਵਕੀਲਾਂ ਦੀ ਫੌਜ ਸਿੱਖਿਆ ਵਿਭਾਗ ਦੀ ਮਦਦ ਲਈ ਖੜੀ ਕੀਤੀ ਪਰੰਤੂ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਇਹਨਾਂ ਅਧਿਆਪਕਾਂ ਦੀ ਕੋਈ ਸਾਰ ਨਹੀਂ ਲਈ ਗਈ । ਇਸ ਤੋਂ ਤੰਗ ਆ ਕੇ ਆਉਂਦੀ 11 ਜੂਨ ਨੂੰ ਇਹ ਅਧਿਆਪਕ ਵੱਡੀ ਗਿਣਤੀ ਵਿੱਚ ਲੁਧਿਆਣਾ ਵਿਖੇ ਹੋ ਰਹੀ ਡੀਟੀਐਫ ਜਥੇਬੰਦੀ ਦੀ ਰੋਸ ਰੈਲੀ ਵਿੱਚ ਉਹਨਾਂ ਦੇ ਨਾਲ ਆ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦਾ ਪਿੱਟ ਸਿਆਪਾ ਕਰਨਗੇ । ਇਹ ਜਾਣਕਾਰੀ ਮੌਕੇ ਤੇ ਮੌਜੂਦ ਸੂਬਾ ਪ੍ਰਧਾਨ ਨਿਤਿਨ ਸੋਢੀ, ਸਕੱਤਰ ਯਸ਼ ਰਾਣਾ, ਮੈਡਮ ਪੂਜਾ, ਮੈਡਮ ਹਰਪ੍ਰੀਤ ਕੌਰ, ਇਕਬਾਲ ਸਿੰਘ ਅਤੇ ਕੁਲਦੀਪ ਸਿੰਘ ਨੇ ਦਿੱਤੀ।