ਵਧਾਈਆਂ ਫੀਸਾਂ ਨਾਲ ਨਹੀਂ ਭਰਨਗੇ ਪ੍ਰਗਤੀ ਰਿਪੋਰਟ ,
ਪ੍ਰਾਈਵੇਟ ਸਕੂਲ ਯੁਨੀਅਨ ਕਰਵਾਏਗੀ ਖੇਡਾਂ ,ਵਿੱਦਿਅਕ ਮੁਕਾਬਲੇ ਅਤੇ ਅਧਿਆਪਕ ਸਨਮਾਨ ਸਮਾਗਮ
ਸਰਦੂਲਗੜ੍ਹ 9 ਸਤੰਬਰ (ਬਲਜੀਤ ਪਾਲ):
ਪ੍ਰਾਈਵੇਟ ਸਕੂਲ ਯੁਨੀਅਨ ਮਾਨਸਾ ਦੀ ਇੱਕ ਭਰਵੀਂ ਹੰਗਾਮੀ ਮੀਟਿੰਗ ਅੱਜ ਮਾਨਸਾ ਵਿਖੇ ਹੋਏ ਜਿਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫੀਸਾਂ ਵਿੱਚ ਕੀਤੇ ਗਏ ਭਾਰੀ ਵਾਧੇ ਦੀ ਅਲੋਚਨਾ ਕੀਤਾ ਗਈ। ਰਾਸਾ ਦੇ ਸੂਬਾ ਆਗੂ ਹਰਦੀਪ ਸਿੰਘ ਜਟਾਣਾ ਨੇ ਕਿਹਾ ਇੱਕ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰਾਈਵੇਟ ਸਕੁਲਾਂ ਨੂੰ ਫੀਸਾਂ ਵਿੱਚ ਸਲਾਨਾ ਵਾਧਾ ਅੱਠ ਫੀ ਸਦੀ ਤੱਕ ਕਰਨ ਦੇ ਹੁਕਮ ਕਰਦਾ ਹੈ ਅਤੇ ਦੂਸਰੇ ਪਾਸੇ ਖੁਦ ਨਾਦਰਸ਼ਾਹੀ ਫੁਰਮਾਨ ਕਰਕੇ ਬੋਰਡ ਫੀਸਾਂ ਵਿੱਚ 70 ਫੀ ਸਦੀ ਤੱਕ ਵਾਧਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਪਿਛਲੇ ਸਾਲ ਸਲਾਨਾ ਪ੍ਰਗਤੀ ਰਿਪੋਰਟ ਦੀ ਫੀਸ ਦਸ ਹਜ਼ਾਰ ਰੁਪੈ ਸੀ ਜਦੋਂ ਕਿ ਇਸ ਸਾਲ ਧੱਕੇ ਨਾਲ ਤਿੰਨ ਸਾਲ ਲਈ 50 ਹਜ਼ਾਰ ਰੁਪੈ ਦੀ ਸ਼ਰਤ ਲਾ ਦਿੱਤੀ ਹੈ। ਆਗੂਆਂ ਸਰਬਸੰਮਤੀ ਨਾਲ ਐਲਾਣ ਕੀਤਾ ਹੈ ਕਿ ਮਾਨਸਾ ਜਿ਼ਲ੍ਹੇ ਦੇ ਸਾਰੇ ਪ੍ਰਾਈਵੇਟ ਸਕੂਲ ਵਧੀਆਂ ਹੋਈਆਂ ਫੀਸਾਂ ਦਾ ਬਾਈਕਾਟ ਕਰਦੇ ਹਨ। ਜੇਕਰ ਸਿੱਖਿਆ ਬੋਰਡ ਨੇ ਫੀਸਾਂ ਦਾ ਬੇਤਹਾਸ਼ਾ ਵਾਧਾ ਵਾਪਸ ਨਾ ਲਿਆ ਤਾਂ ਉਹ ਪ੍ਰਗਤੀ ਰਿਪੋਰਟਾਂ ਜਮਾਂ ਹੀ ਨਹੀਂ ਕਰਵਾਉਂਣਗੇ। ਯੁਨੀਅਨ ਦੇ ਜਿ਼ਲ੍ਹਾ ਪ੍ਰਧਾਨ ਸਰਬਜੀਤ ਸਿੰਘ ਨੇ ਕਿਹਾ ਸਿੱਖਿਆ ਬੋਰਡ ਵੱਲੋਂ ਵਾਧੂ ਸੈਕਸ਼ਨ ਅਤੇ ਪ੍ਰੀਖਿਆ ਫੀਸਾਂ ਵਿੱਚ ਵੀ ਬਹੁਤ ਵਾਧਾ ਕੀਤਾ ਗਿਆ ਹੈ ਜਿਸਦਾ ਸਿੱਧਾ ਪ੍ਰਭਾਵ ਵਿਦਿਆਰਥੀਆਂ `ਤੇ ਪਵੇਗਾ। ਉਨ੍ਹਾਂ ਕਿਹਾ ਇੱਕ ਪਾਸੇ ਸਿੱਖਿਆ ਬੋਰਡ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਲੱਖਾਂ ਵਿਦਿਆਰਥੀਆਂ ਤੋਂ ਪੰਜਵੀਂ ਅਤੇ ਅੱਠਵੀਂ ਜਮਾਤ ਲਈ ਵਾਧੂ ਫੀਸ ਵਸੂਲ ਰਿਹਾ ਹੈ ਜਦੋਂ ਕਿ ਦੂਸਰੇ ਪਾਸੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੋਂ ਫੀਸ ਨਾ ਵਸੂਲ ਕੇ ਉਨ੍ਹਾਂ ਦੀਆ ਪ੍ਰੀਖਿਆਵਾਂ `ਤੇ ਹੋਣ ਵਾਲੇ ਖਰਚ ਦਾ ਬੋਝ ਵੀ ਪ੍ਰਾਈਵੇਟ ਸਕੂਲਾਂ `ਤੇ ਪਾ ਰਿਹ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ,ਚਿਰੰਜੀਵ ਸਿੰਘ, ਭੁਪਿੰਦਰ ਸਿੰਘ ਅਤੇ ਸੰਤੋਖ ਕੁਮਾਰ ਨੇ ਅਧਿਆਪਕ ਦਿਵਸ ਸਬੰਧੀ ਸਰਕਾਰ ਨਾਲ ਗਿਲਾ ਕਰਦਿਆਂ ਕਿਹਾ ਕਿ ਪੰਜਾਬ ਦੇ ਪੰਦਰਾਂ ਹਜ਼ਾਰ ਦੇ ਕਰੀਬ ਪ੍ਰਾਈਵੇਟ ਸਕੂਲ ਪੱਚੀ ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਰਹੇ ਹਨ ਪਰ ਦੂਸਰੇ ਪਾਸੇ ਸਰਕਾਰ ਡੇਢ ਲੱਖ ਦੇ ਕਰੀਬ ਅਧਿਆਪਕਾਂ ਵਿੱਚੋਂ ਕਿਸੇ ਨੂੰ ਵੀ ਯੋਗ ਨਹੀਂ ਸਮਝਦੀ ਅਤੇ ਹਰ ਸਾਲ ਹੀ ਅਧਿਆਪਕ ਦਿਵਸ ਮੌਕੇ ਸਨਮਾਨ ਕਰਨ ਤੋਂ ਟਾਲਾ ਵੱਟ ਜਾਂਦੀ ਹੈ। ਉਨ੍ਹਾਂ ਐਲਾਣ ਕੀਤਾ ਕਿ ਇਸ ਵਾਰ ਪ੍ਰਾਈਵੇਟ ਸਕੂਲ ਯੁਨੀਅਨ ਮਾਨਸਾ ਆਪਣੇ ਪੱਧਰ `ਤੇ ਹੀ ਯੋਗ ਅਧਿਆਪਕਾਂ ਦਾ ਸਨਮਾਨ ਕਰੇਗੀ। ਵਿਦਿਆਰਥੀਆਂ ਵਿੱਚ ਪੜ੍ਹਾਈ ਦੇ ਨਾਲ ਨਾਲ ਖੇਡ ਰੁਚੀਆਂ ਅਤੇ ਸੱਭਿਆਚਾਰਕ ਰੁਚੀਆਂ ਪੈਦਾ ਕਰਨ ਲਈ ਜਿ਼ਲ੍ਹਾ ਪੱਧਰੀ ਸਕੂਲ ਖੇਡਾਂ ਅਤੇ ਵਿੱਦਿਅਕ ਮੁਕਾਬਲੇ ਕਰਵਾਏ ਜਾਣਗੇ।ਜਗਤਾਰ ਸਿੰਘ ਝੱਬਰ ਅਤੇ ਪਵਨ ਮੱਤੀ ਨੇ ਕਿਹਾ ਕਿ ਵਧ ਰਹੀਆਂ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਜਿ਼ਲ੍ਹੇ ਦੇ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਚਰਿੱਤਰ ਵਿਕਾਸ ਲਈ ਸੈਮੀਨਾਰਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ । ਅਧਿਆਪਕਾਂ ਦੇ ਵਿਸ਼ੇਸ਼ ਟ੍ਰੇਨਿੰਗ ਕੈਂਪ ਲਗਾਏ ਜਾਣਗੇ ।ਮੈਡਮ ਜਗਜੀਤ ਕੌਰ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਾਈਵੇਟ ਸਕੂਲ ਸਿੱਖਿਆ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ ਅਤੇ ਹੁਣ ਸਮਾਜਿਕ ਬਿਹਤਰੀ ਦੇ ਬਾਕੀ ਕੰਮ ਵੀ ਕਰਨਗੇ। ਇਸ ਮੌਕੇ ਮੱਖਣ ਸਿੰਘ ,ਜਸਦੇਵ ਸਿੰਘ, ਲੱਖਾ ਸਿੰਘ ,ਛੋਟਾ ਸਿੰਘ ,ਜ਼ੈਤੇਸ਼ਵਰ ਸਿੰਘ ,ਮਨਜੀਤ ਸਿੰਘ,ਮੇਡਮ ਪੂਨਮ,ਸੁਰੇਸ਼ ਕੁਮਾਰ ਭੀਖੀ ਸਮੇਤ ਵੱਡੀ ਗਿਣਤੀ ਸਕੂਲ ਪ੍ਰਬੰਧਕਾਂ ਨੇ ਸਮੂਲੀਅਤ ਕੀਤੀ ।
ਸਿੱਖਿਆ ਬੋਰਡ ਦੀਆਂ ਮਨਮਾਨੀਆਂ ਖਿ਼ਲਾਫ਼ ਪ੍ਰਾਈਵੇਟ ਸਕੂਲਾਂ ਨੇ ਵਜਾਇਆ ਸੰਘਰਸ਼ ਦਾ ਡੰਕਾ
Leave a comment