(ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਆਮ ਆਦਮੀ ਕਲੀਨਿਕ ਦੇ ਸਟਾਫ਼ ਨਾਲ ਕੀਤੀ ਮੀਟਿੰਗ)
ਮਾਨਸਾ, 16 ਜੁਲਾਈ (ਨਾਨਕ ਸਿੰਘ ਖੁਰਮੀ ) ਪੰਜਾਬ ਸਰਕਾਰ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾਕਟਰ ਹਤਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਸਿਵਲ ਸਰਜਨ ਮਾਨਸਾ, ਡਾਕਟਰ ਰਣਜੀਤ ਸਿੰਘ ਰਾਏ ਨੇ ਹਾਲ ਹੀ ਵਿੱਚ ਬਲਾਕ ਬੁਢਲਾਡਾ ਦੇ ਸਟਾਫ਼ ਨਾਲ ਸਿਵਲ ਸਰਜਨ ਦਫ਼ਤਰ ਵਿਖੇ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਦਾ ਮੁੱਖ ਉਦੇਸ਼ ਆਮ ਆਦਮੀ ਕਲੀਨਿਕਾਂ ਦੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣਾ ਅਤੇ ਇਹ ਯਕੀਨੀ ਬਣਾਉਣਾ ਸੀ ਕਿ ਲੋਕਾਂ ਨੂੰ ਮੁਫ਼ਤ ਦਵਾਈਆਂ, ਟੈਸਟ ਅਤੇ ਹੋਰ ਸਿਹਤ ਸਹੂਲਤਾਂ ਜ਼ਮੀਨੀ ਪੱਧਰ ‘ਤੇ ਮਿਲ ਰਹੀਆਂ ਹਨ। ਡਾ. ਰਾਏ ਨੇ ਇਨ੍ਹਾਂ ਪ੍ਰਬੰਧਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ।
ਮੀਟਿੰਗ ਦੌਰਾਨ, ਡਾ. ਰਾਏ ਨੇ ਦਵਾਈਆਂ ਅਤੇ ਕਿਸੇ ਹੋਰ ਕਿਸਮ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਤੁਰੰਤ ਸੁਧਾਰ ਕਰਨ ਲਈ ਸਟਾਫ਼ ਨੂੰ ਪ੍ਰੇਰਿਤ ਕੀਤਾ। ਸਾਰੀਆਂ ਸਿਹਤ ਸੰਸਥਾਵਾਂ ਵਿੱਚ ਦਵਾਈਆਂ ਅਤੇ ਹੋਰ ਵਸਤੂਆਂ ਦੀ ਘਾਟ ਨਾ ਆਉਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਨੇ ਮੌਕੇ ‘ਤੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਕਿਸਮ ਦੀ ਦਵਾਈ ਜ਼ਿਲ੍ਹਾ ਪੱਧਰ ‘ਤੇ ਨਹੀਂ ਮਿਲਦੀ, ਤਾਂ ਉਹ ਦਿੱਤੇ ਫੰਡਾਂ ਵਿੱਚੋਂ ਦਵਾਈ ਖ਼ਰੀਦ ਕੇ ਇਨ੍ਹਾਂ ਸੰਸਥਾਵਾਂ ਨੂੰ ਤੁਰੰਤ ਮੁਹੱਈਆ ਕਰਵਾਉਣ।
ਵਧੀਆਂ ਸੇਵਾਵਾਂ ਅਤੇ ਮਰੀਜ਼ਾਂ ਦੀ ਦੇਖਭਾਲ ‘ਤੇ ਜ਼ੋਰ
ਜਾਣਕਾਰੀ ਸਾਂਝੀ ਕਰਦਿਆਂ, ਡਾ. ਰਾਏ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਸਖ਼ਤ ਹੁਕਮ ਹਨ ਕਿ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਅਤੇ ਟੈਸਟ ਹਸਪਤਾਲਾਂ ਦੇ ਅੰਦਰੋਂ ਅਤੇ ਬਿਲਕੁਲ ਮੁਫ਼ਤ ਮਿਲਣੇ ਚਾਹੀਦੇ ਹਨ।
ਇਸ ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ, ਪੈਰਾਮੈਡੀਕਲ ਸਟਾਫ਼ ਅਤੇ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਗਈ ਕਿ ਮਰੀਜ਼ਾਂ ਨਾਲ ਵਿਵਹਾਰ ਅਤੇ ਇਲਾਜ ਬਹੁਤ ਵਧੀਆ ਅਤੇ ਤਸੱਲੀਬਖ਼ਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਡਾਕਟਰ ਅਤੇ ਮਰੀਜ਼ ਦੇ ਵਧੀਆ ਵਿਵਹਾਰ ਨਾਲ ਮਰੀਜ਼ ਦਾ ਇਲਾਜ ਜਲਦੀ ਅਤੇ ਤਸੱਲੀਬਖ਼ਸ਼ ਹੁੰਦਾ ਹੈ, ਅਤੇ ਸਰਕਾਰੀ ਹਸਪਤਾਲਾਂ ਦਾ ਮਿਆਰ ਉੱਚਾ ਉੱਠਦਾ ਹੈ।
ਨਾਲ ਹੀ, ਉਨ੍ਹਾਂ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਪਹਿਲਾਂ 80 ਕਿਸਮ ਦੀਆਂ ਦਵਾਈਆਂ ਮਿਲਦੀਆਂ ਸਨ, ਪਰ ਸਰਕਾਰ ਵੱਲੋਂ ਇਨ੍ਹਾਂ ਵਿੱਚ ਵਾਧਾ ਕਰਕੇ ਹੁਣ 107 ਕਿਸਮ ਦੀਆਂ ਦਵਾਈਆਂ ਅਤੇ 45 ਕਿਸਮ ਦੇ ਟੈਸਟ ਇਨ੍ਹਾਂ ਕਲੀਨਿਕਾਂ ਅੰਦਰੋਂ ਬਿਲਕੁਲ ਮੁਫ਼ਤ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਮਰੀਜ਼ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਦਵਾਈਆਂ ਵਿੱਚ ਸ਼ੂਗਰ, ਬੀ.ਪੀ., ਟਾਈਫਾਈਡ, ਮਲੇਰੀਆ, ਯੂਰਿਕ ਐਸਿਡ, ਹਲਕਾਅ ਦੇ ਟੀਕਿਆਂ ਤੋਂ ਇਲਾਵਾ ਕਈ ਕਿਸਮ ਦੀਆਂ ਦਵਾਈਆਂ ਸ਼ਾਮਲ ਹਨ। ਇਸ ਦੇ ਨਾਲ ਹੀ, ਸੀ.ਬੀ.ਸੀ., ਟਾਈਫਾਈਡ, ਮਲੇਰੀਆ, ਡੇਂਗੂ, ਟੀ.ਬੀ. ਦੇ ਟੈਸਟ, ਕੋਲੈਸਟ੍ਰੋਲ, ਆਰ.ਐਫ.ਟੀ. (ਗੁਰਦਿਆਂ ਦੇ ਟੈਸਟ), ਐਲ.ਐਫ.ਟੀ. (ਲਿਵਰ ਦੇ ਟੈਸਟ) ਅਤੇ ਹੋਰ ਕਈ ਕਿਸਮ ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ।
ਡਾ. ਰਾਏ ਨੇ ਜ਼ਿਲ੍ਹਾ ਮਾਨਸਾ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਕਿਸੇ ਨੂੰ ਵੀ ਸਿਹਤ ਪ੍ਰਤੀ ਕੋਈ ਸਮੱਸਿਆ ਹੈ, ਉਹ ਆਪਣੇ ਨੇੜੇ ਦੇ ਆਮ ਆਦਮੀ ਕਲੀਨਿਕ ਵਿਖੇ ਜਾ ਕੇ ਆਪਣੇ ਇਲਾਜ, ਟੈਸਟ ਅਤੇ ਦਵਾਈਆਂ ਮੁਫ਼ਤ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਦੁਬਾਰਾ ਫਿਰ ਇਸ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਬਲਾਕ ਹਸਪਤਾਲ ਬੁਢਲਾਡਾ ਵਿੱਚ ਕਿਸੇ ਵੀ ਕਿਸਮ ਦੀ ਦਵਾਈਆਂ ਦੀ ਘਾਟ ਨਾ ਆਵੇ, ਇਸ ਲਈ ਬਲਾਕ ਪੱਧਰ ‘ਤੇ ਫੰਡ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਮੌਜੂਦ ਕਰਮਚਾਰੀਆਂ ਨੂੰ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਅਤੇ ਬਿਮਾਰੀਆਂ ਤੋਂ ਬਚਾਅ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਹਦਾਇਤ ਕੀਤੀ ਗਈ।
ਇਸ ਮੌਕੇ ਡਾਕਟਰ ਕਮਲਪ੍ਰੀਤ ਬਰਾੜ (ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ), ਡਾਕਟਰ ਬਲਜੀਤ ਕੌਰ (ਜ਼ਿਲ੍ਹਾ ਟੀਕਾਕਰਨ ਅਫ਼ਸਰ), ਮਾਸ ਮੀਡੀਆ ਵਿੰਗ ਵੱਲੋਂ ਦਰਸ਼ਨ ਸਿੰਘ, ਜਗਦੇਵ ਸਿੰਘ, ਪ੍ਰਤਾਪ ਸਿੰਘ (ਸੁਪਰਡੈਂਟ ਅਮਲਾ ਸਾਖਾ), ਸੰਦੀਪ ਸਿੰਘ (ਸੀਨੀਅਰ ਸਹਾਇਕ) ਅਤੇ ਹੋਰ ਅਧਿਕਾਰੀ ਮੌਜੂਦ ਸਨ।
ਕੈਪਸਨ : ਸਿਵਲ ਸਰਜਨ ਮਾਨਸਾ ਵਿਖੇ ਮੀਟਿੰਗ ਦੌਰਾਨ ਸਿਵਲ ਸਰਜਨ ਡਾ ਰਣਜੀਤ ਸਿੰਘ ਰਾਏ ਅਤੇ ਹੋਰ ਅਧਿਕਾਰੀ ਕਰਮਚਾਰੀ।