–ਮਾਂ ਅਤੇ ਬੱਚੇ ਦੀ ਤੰਦਰੁਸਤੀ ਲਈ ਦੋ ਬੱਚਿਆਂ ਵਿੱਚਕਾਰ ਹੋਵੇ ਤਿੰਨ ਸਾਲ ਦਾ ਅੰਤਰ ਜ਼ਰੂਰੀ, ਡਾ ਪ੍ਰਵੇਸ਼ ਕੁਮਾਰ
7 ਜੂਨ (ਗਗਨਦੀਪ ਸਿੰਘ) ਬਰਨਾਲਾ: ਸਿਹਤ ਵਿਭਾਗ ਬਰਨਾਲਾ ਵੱਲੋਂ ਵਿਸ਼ਵ ਆਬਾਦੀ ਦਿਵਸ ਮੁਹਿੰਮ ਸਬੰਧੀ 24 ਜੁਲਾਈ ਤੱਕ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਨੇ ਇਸ ਸਬੰਧੀ ਬੁਲਾਈ ਗਈ ਬੈਠਕ ਦੌਰਾਨ ਸਾਂਝਾ ਕੀਤੀ ।
ਡਾ. ਪ੍ਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਵਿਸ਼ਵ ਆਬਾਦੀ ਦਿਵਸ ਮੁਹਿੰਮ ਇਸ ਵਾਰ “ਵਿਕਸਤ ਭਾਰਤ ਦੀ ਨਵੀਂ ਪਛਾਣ, ਪਰਿਵਾਰ ਨਿਯੋਜਨ ਹਰੇਕ ਦੰਪਤੀ (ਜੋੜਾ) ਦੀ ਸ਼ਾਨ” ਸਲੋਗਨ ਤਹਿਤ ਮਨਾਇਆ ਜਾ ਰਿਹਾ ਹੈ। ਵੱਧ ਰਹੀ ਆਬਦੀ ਨੂੰ ਘਟਾਉਣ ਅਤੇ ਜੱਚਾ-ਬੱਚਾ ਦੀ ਚੰਗੀ ਸਿਹਤ ਲਈ ਇਸ ਵਿਸ਼ੇਸ਼ ਮੁਹਿੰਮ ਵਿੱਚ ਮਿਤੀ 20 ਜੂਨ ਤੱਕ ਪਰਿਵਾਰ ਨਿਯੋਜਨ ਦੇ ਸਾਧਨਾਂ ਦੀ ਸਪਲਾਈ ਅਤੇ ਸਿਹਤ ਕੇਂਦਰਾਂ ਵਿੱਚ ਕਾਰਨਰ ਬਣਾਏ ਜਾ ਰਹੇ ਹਨ ਤਾਂ ਜੋ ਹਰ ਲੋੜਵੰਦ ਤੱਕ ਸਪਲਾਈ ਪਹੁੰਚ ਸਕੇ। ਮਿਤੀ 27 ਜੂਨ ਤੋਂ 10 ਜੁਲਾਈ ਤੱਕ ਸਿਹਤ ਕਰਮਚਾਰੀਆਂ ਵੱਲੋਂ ਦੰਪਤੀ (ਜੋੜੇ ) ਸੰਪਰਕ ਅਤੇ ਜਾਗਰੂਕਤਾ ਪੰਦਰਵਾੜਾ ਮਨਾਇਆ ਜਾਵੇਗਾ ਅਤੇ 11 ਜੁਲਾਈ ਤੋਂ 24 ਜੁਲਾਈ ਤੱਕ “ਆਬਾਦੀ ਸਥਿਰਤਾ ਪੰਦਰਵਾੜਾ” ਮਨਾਇਆ ਜਾਵੇਗਾ। ਪਰਿਵਾਰ ਨਿਯੋਜਨ ਸੇਵਾਵਾਂ ਜਿਵੇਂ ਕਾਪਰਟੀ, ਐਮਰਜੈਂਸੀ ਪਿਲਜ਼, ਓਰਲ ਪਿਲਜ਼, ਅੰਤਰਾ ਟੀਕਾ, ਔਰਤ ਨਲਬੰਦੀ ਅਤੇ ਪੁਰਸ਼ ਨਸਬੰਦੀ ਦੇ ਆਪ੍ਰੇਸ਼ਨ ਕੀਤੇ ਜਾਣਗੇ।
ਜ਼ਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ,ਹਰਜੀਤ ਸਿੰਘ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ, ਵਿਸ਼ਨ ਕੁਮਾਰ ਚੀਫ ਫਾਰਮੇਸੀ ਅਫਸਰ, ਦੀਪਕ ਕੁਮਾਰ ਡੀ ਐਸ ਏ, ਸ਼ਿਵਾਨੀ ਅਰੋੜਾ ਬੀ ਈ ਈ ਨੇ ਦੱਸਿਆ ਕਿ ਲੋਕਾਂ ਨੂੰ “ਛੋਟਾ ਪਰਿਵਾਰ, ਸੁਖੀ ਪਰਿਵਾਰ” ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਯੋਗ ਜੋੜਿਆਂ ਨੁੰ ਵਿਆਹ ਤੋਂ 2 ਸਾਲ ਬਾਅਦ ਪਹਿਲਾਂ ਬੱਚਾ ਅਤੇ 2 ਬੱਚਿਆਂ ਵਿਚਕਾਰ ਤਿੰਨ ਸਾਲ ਦਾ ਫਰਕ ਰੱਖਣ ਬਾਰੇ ਸਿਹਤ ਕਰਮਚਾਰੀਆਂ, ਆਸ਼ਾ ਵੱਲੋਂ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਮਾਂ ਅਤੇ ਬੱਚਾ ਸਿਹਤਮੰਦ ਰਹੇ ਤਾਂ ਜੋ ਜਲਦੀ ਗਰਭਧਾਰਨ ਕਰਨ ਨਾਲ ਮਾਂ ਅਤੇ ਬੱਚੇ ਕਮਜੋਰ ਹੋਣ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਇਆ ਜਾ ਸਕਦਾ ਹੈ।