–ਇਕ ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਖਵਾਈ ਗਈ ਐਲਬੇਂਡਾਜੋਲ ਦਵਾਈ
5 ਫਰਵਰੀ (ਗਗਨਦੀਪ ਸਿੰਘ) ਤਪਾ: ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਲਈ ਅੱਜ ਸਿਹਤ ਬਲਾਕ ਤਪਾ ਵੱਲੋਂ ਕੌਮੀ ਡੀ ਵਰਮਿੰਗ ਦਿਵਸ ਮਨਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਨਵਜੋਤਪਾਲ ਸਿੰਘ ਭੁੱਲਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਪਿਆਰਾ ਲਾਲ ਬਸਤੀ ਤਪਾ ਵਿੱਚ ਬੱਚਿਆਂ ਨੂੰ ਐਲਬੇਂਡਾਜੋਲ ਦੀ ਗੋਲੀ ਖਵਾ ਕੇ ਇਸ ਦੀ ਸ਼ੁਰੂਆਤ ਕੀਤੀ।
ਜਾਣਕਾਰੀ ਦਿੰਦਿਆਂ ਡਾ. ਨਵਜੋਤਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਐਲਬੇਂਡਾਜੋਲ ਦਵਾਈ ਖਵਾ ਕੇ ਪੇਟ ਦੇ ਕੀੜਿਆਂ ਤੋਂ ਮੁਕਤੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਇਕ ਪਰਜੀਵੀ ਹੈ ਜੋ ਬੱਚਿਆਂ ਦੇ ਪੇਟ ਵਿੱਚ ਰਹਿੰਦਾ ਹੈ ਅਤੇ ਬੱਚਿਆਂ ਦੀ ਖੁਰਾਕ ਸੰਤੁਲਨ ਨੂੰ ਵਿਗਾੜ ਦਿੰਦਾ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਬੱਚਿਆਂ ਨੂੰ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਨੀਮੀਆ ਵੀ ਇਨ੍ਹਾਂ ਵਿਚੋਂ ਇਕ ਆਮ ਬਿਮਾਰੀ ਹੈ ਜੋ ਇਸ ਪਰਜੀਵੀ ਕਾਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਹੁਤੇ ਬੱਚੇ ਅਨੀਮੀਆ ਪੀਡ਼ਤ ਹੁੰਦੇ ਹਨ, ਜਿਸ ਦਾ ਮੁੱਖ ਕਾਰਨ ਪੇਟ ਵਿਚਲੇ ਕੀੜੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਕੀੜੇ ਪੇਟ ਵਿੱਚ ਪਹੁੰਚਣ ਵਾਲੇ ਹਰ ਭੋਜਨ ਨੂੰ ਖਾ ਜਾਂਦੇ ਹਨ ਜਿਸ ਕਾਰਨ ਭੋਜਨ ਦਾ ਲਾਭ ਬੱਚੇ ਨੂੰ ਨਹੀਂ ਮਿਲਦਾ।
ਇਸ ਮੌਕੇ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਨੇ ਦੱਸਿਆ ਕਿ ਅੱਜ ਕੌਮੀ ਡੀ ਵਾਰਮਿੰਗ ਦਿਵਸ ਮੌਕੇ ਬਲਾਕ ਅਧੀਨ ਸਮੂਹ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਦੇ ਬੱਚਿਆਂ ਤੋਂ ਇਲਾਵਾ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਵੀ ਐਲਬੇਂਡਾਜੋਲ ਦਵਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਅੱਜ ਕਿਸੇ ਕਾਰਨ ਇਸ ਦਵਾਈ ਖਾਣ ਤੋਂ ਵਾਂਝੇ ਰਹਿ ਗਏ, ਉਹ 12 ਫਰਵਰੀ ਮੋਪ ਅੱਪ ਵਾਲੇ ਦਿਨ ਇਹ ਦਵਾਈ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਲਈ ਕੌਮੀ ਡੀ ਵਰਮਿੰਗ ਦਿਵਸ ਦੀ ਸ਼ੁਰੂਆਤ 2015 ਵਿੱਚ ਕੀਤੀ ਗਈ ਸੀ।
ਇਸ ਮੌਕੇ ਆਰ.ਬੀ.ਐਸ.ਕੇ ਪ੍ਰੋਗਰਾਮ ਦੇ ਇੰਚਾਰਜ ਡਾ. ਰੇਨੂੰ ਬਾਲਾ ਨੇ ਬੱਚਿਆਂ ਨੂੰ ਦੱਸਿਆ ਕਿ ਇਹ ਦਵਾਈ ਖਾਲੀ ਪੇਟ ਨਹੀਂ ਖਾਣੀ ਅਤੇ ਗੋਲੀ ਚਬਾ- ਚਬਾ ਕੇ ਖਾਣੀ ਹੈ। ਇਸ ਮੁਹਿੰਮ ਵਿਚ ਸਿੱਖਿਆ ਵਿਭਾਗ ਅਤੇ ਬਾਲ ਅਤੇ ਇਸਤਰੀ ਕਲਿਆਣ ਵਿਭਾਗ ਵੀ ਸਹਿਯੋਗ ਕਰ ਰਹੇ ਹਨ।