*ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ*
ਮਾਨਸਾ 08 ਜੁਲਾਈ :
ਬਰਸਾਤੀ ਮੌਸਮ ਦੌਰਾਨ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕਰਨ ਹਿਤ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਸਮੂਹ ਪ੍ਰੋਗਰਾਮ ਅਫ਼ਸਰਾਂ ਅਤੇ ਸਬੰਧਤ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।
ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ “ਹਰ ਸ਼ੁਕਰਵਾਰ ਡੇਂਗੂ ਤੇ ਵਾਰ “ਮੁਹਿੰਮ ਅਧੀਨ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ, ਇਸੇ ਤਰ੍ਹਾਂ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਦਸਤ(ਡਾਇਰੀਆ),ਹੈਜਾ,ਟਾਈਫਾਇਡ, ਪੀਲੀਆ,ਆਦਿ ਤੋਂ ਬਚਣ ਲਈ ਪਾਣੀ ਦੇ ਸੈਂਪਲ ਲਏ ਜਾ ਰਹੇ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਮੌਸਮ ਵਿੱਚ ਪਾਣੀ ਨੂੰ ਉਬਾਲ ਕੇ ਜਾਂ ਫਿਲਟਰ ਕਰਕੇ ਹੀ ਪੀਤਾ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਪੇਟ ਦੀ ਇਨਫੈਕਸ਼ਨ ਨਾ ਹੋ ਸਕੇ, ਫਲ ਤੇ ਸਬਜ਼ੀਆਂ ਪਾਣੀ ਨਾਲ ਚੰਗੀ ਤਰ੍ਹਾਂ ਸਾਫ ਕਰਕੇ ਵਰਤਣੀਆਂ ਚਾਹੀਦੀਆਂ ਹਨ, ਜ਼ਿਆਦਾ ਦੇਰ ਦੇ ਕੱਟੇ ਹੋਏ, ਗਲੇ ਹੋਏ ਫਲ ਅਤੇ ਸਬਜ਼ੀਆਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਜੇਕਰ ਕਿਸੇ ਨੂੰ ਦਸਤ ਉਲਟੀਆਂ ਲੱਗਦੀਆਂ ਹਨ ਤਾਂ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਜਾ ਕੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਖਾਸ ਤੌਰ ‘ਤੇ ਓ.ਆਰ.ਐਸ. ਦੇ ਘੋਲ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ 01 ਜੁਲਾਈ ਤੋਂ 31 ਜੁਲਾਈ ਤੱਕ ਦਸਤ ਰੋਕੋ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਸਬੰਧੀ ਜ਼ਿਲ੍ਹਾ ਪੱਧਰ ਅਤੇ ਸਬ ਵੀਜ਼ਨ ਪੱਧਰ ‘ਤੇ ਹਸਪਤਾਲਾਂ ਵਿੱਚ ਕਾਰਨਰ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਆਸ਼ਾ ਵਰਕਰਜ਼ ਘਰ ਘਰ ਜਾ ਕੇ ਓ.ਆਰ.ਐਸ.ਦੇ ਪੈਕਟਾਂ ਦੀ ਵੰਡ ਅਤੇ ਓ.ਆਰ.ਐੱਸ. ਦੇ ਘੋਲ ਨੂੰ ਬਣਾਉਣ ਦਾ ਤਰੀਕਾ ਦੱਸਣ ਤੋਂ ਇਲਾਵਾ ਜਿੰਕ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ।
ਜਿੰਨ੍ਹਾਂ ਘਰਾਂ ਵਿੱਚ ਛੋਟੇ ਬੱਚੇ, ਗਰਭਵਤੀ ਮਾਵਾਂ, ਦੁੱਧ ਚੁਘਾਉਂਦੀਆਂ ਮਾਵਾਂ ਅਤੇ ਬਜ਼ੁਰਗ ਹਨ ਉਨ੍ਹਾਂ ਨੂੰ ਗਰਮੀ ਦੇ ਮੌਸਮ ਵਿੱਚ ਘਰ ਤੋਂ ਬਾਹਰ ਦੀਆਂ ਬਣੀਆਂ ਚੀਜ਼ਾਂ ਨਾ ਵਰਤਣ ਅਤੇ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ। ਫਾਸਟ ਫੂਡ ਤੋਂ ਪਰਹੇਜ਼,ਆਲੇ ਦੁਆਲੇ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਬਾਰੇ ਕਿਹਾ ਗਿਆ ਤਾਂ ਜੋ ਮੱਖੀ, ਮੱਛਰ ਪੈਦਾ ਨਾ ਹੋ ਸਕੇ।
ਡੇਂਗੂ ਮਲੇਰੀਆ ਤੋਂ ਬਚਾਅ ਲਈ ਆਲੇ ਦੁਆਲੇ ਪਾਣੀ ਨਹੀਂ ਖੜ੍ਹੇ ਹੋਣ ਦੇਣਾ ਚਾਹੀਦਾ, ਜੇਕਰ ਕਿਤੇ ਪਾਣੀ ਖੜ੍ਹਾ ਹੁੰਦਾ ਹੈ ਤਾਂ ਉੱਥੇ ਕਾਲੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆ ਅਤੇ ਕਰਮਚਾਰੀਆਂ ਨੂੰ ਸੁਚੇਤ ਹੋਣ ਲਈ ਕਿਹਾ ਅਤੇ ਸਿਹਤ ਪ੍ਰਤੀ ਮਿਆਰੀ ਵਿਧੀ ਨੂੰ ਅਪਨਾਉਣ ਅਤੇ ਲਾਗੂ ਕਰਵਾਉਣ ਦੀ ਹਦਾਇਤ ਕੀਤੀ।
ਇਸ ਮੌਕੇ ਡਾ. ਬਲਜੀਤ ਕੌਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਮਾਨਸਾ, ਡਾ. ਰਵਿੰਦਰ ਸਿੰਗਲਾ ਸਹਾਇਕ ਸਿਵਲ ਸਰਜਨ ਮਾਨਸਾ, ਡਾ. ਕੰਵਲਪ੍ਰੀਤ ਕੌਰ ਬਰਾੜ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਵਿਜੈ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਅਵਤਾਰ ਸਿੰਘ ਜਿਲਾ ਪ੍ਰੋਗਰਾਮ ਮੈਨੇਜਰ,ਦਰਸਨ ਸਿੰਘ ਉਪ ਸਮੂਹ ਸਿੱਖਿਆ ਤੇ ਸੂਚਨਾ ਅਫਸਰ,ਸ੍ਰੀ ਸੰਤੋਸ਼ ਭਾਰਤੀ ਐਪੀਡੀਮੋਲੋਜਸਟ,ਸਿਖਾ ਸਿੰਗਲਾ ਅਕਾਉਂਟ ਅਫਸਰ, ਪ੍ਰਤਾਪ ਸਿੰਘ ਅਤੇ ਸੀਨੀਅਰ ਸਹਾਇਕ, ਜਸਪ੍ਰੀਤ ਕੌਰ, ਕਰਮਵੀਰ ਕੌਰ, ਸੁੱਖਵਿੰਦਰ ਸਿੰਘ ਜ਼ਿਲ੍ਹਾ ਫਾਰਮੇਸੀ ਅਫ਼ਸਰ,ਸੰਜੀਵ ਸ਼ਰਮਾ,ਗੁਰਿੰਦਰ ਜੀਤ ਸ਼ਰਮਾ, ਕ੍ਰਿਸ਼ਨ ਕੁਮਾਰ ਮੌਜੂਦ ਸਨ।