ਮਾਨਸਾ, 21 ਸਤੰਬਰ-(ਨਾਨਕ ਸਿੰਘ ਖੁਰਮੀ) ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾਕਟਰ ਹਤਿੰਦਰ ਕੌਰ ਅਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਤੀ ਨਵਜੌਤ ਕੌਰ ਆਈ. ਏ.ਐਸ. ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਏ ਗਏ ਮੈਡੀਕਲ ਕੈਂਪਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਇਮਾਨਦਾਰੀ ਅਤੇ ਸਮੇਂ ਦੀ ਪਾਬੰਦੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ।
ਡਾ. ਰਾਏ ਨੇ ਕਿਹਾ ਕਿ ਪੰਜਾਬ ਜਿਸ ਤਰ੍ਹਾਂ ਹੜ੍ਹਾਂ ਦੀ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ, ਇਸ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਸਿਹਤ ਕਰਮਚਾਰੀਆਂ ਨੂੰ ਲੋਕਾਂ ਨੂੰ ਵਧੀਆ ਡਾਕਟਰੀ ਸੇਵਾਵਾਂ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ। ਉਨ੍ਹਾਂ ਨੇ ਖਾਸ ਤੌਰ ‘ਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤ ਕੀਤੇ ਗਏ ਕਰਮਚਾਰੀਆਂ ਨੂੰ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਦੌਰੇ ਦੌਰਾਨ, ਡਾ. ਰਾਏ ਨੇ ਦੱਸਿਆ ਕਿ 17 ਸਤੰਬਰ ਤੋਂ 16 ਅਕਤੂਬਰ ਤੱਕ ‘ਪੋਸ਼ਣ ਮਾਂਹ’ ਮਨਾਇਆ ਜਾ ਰਿਹਾ ਹੈ। ਇਸ ਮਹੀਨੇ ਦੌਰਾਨ, ਸਿਹਤ ਵਿਭਾਗ ਦੇ ਅਧਿਕਾਰੀ ਪਿੰਡ ਪੱਧਰ ‘ਤੇ ਜਾ ਕੇ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਛੋਟੇ ਬੱਚਿਆਂ ਨੂੰ ਸੰਤੁਲਿਤ ਖੁਰਾਕ ਬਾਰੇ ਜਾਗਰੂਕ ਕਰਨਗੇ।
ਇਸ ਤੋਂ ਇਲਾਵਾ, ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ 12 ਅਕਤੂਬਰ ਤੋਂ 14 ਅਕਤੂਬਰ ਤੱਕ ਜ਼ਿਲ੍ਹੇ ਵਿੱਚ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਨੇ ਪੋਲੀਓ ਮੁਹਿੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ।
ਇਸ ਮੌਕੇ ‘ਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ ਅਤੇ ਵੱਖ-ਵੱਖ ਕੈਂਪਾਂ ਨਾਲ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।
ਕੈਪਸਨ : ਸਿਹਤ ਕੇਂਦਰ ਮੱਲ ਸਿੰਘ ਵਾਲਾ ਵਿਖੇ ਮੈਡੀਕਲ ਕੈਂਪ ਦਾ ਮੁਆਇਨਾ ਕਰਨ ਸਮੇਂ ਸਿਵਲ ਸਰਜਨ ਡਾ ਰਣਜੀਤ ਸਿੰਘ ਰਾਏ ਅਤੇ ਹੋਰ।
