ਮੰਚ ਵੱਲੋਂ ਡਾ. ਲਾਭ ਸਿੰਘ ਖੀਵਾ ਦਾ ਵਿਸ਼ੇਸ਼ ਸਨਮਾਨ
ਭਗਤਾ ਭਾਈ, 2 ਦਸੰਬਰ (ਰਾਜਿੰਦਰ ਸਿੰਘ ਮਰਾਹੜ)-ਸਾਹਿਤਕ ਮੰਚ ਭਗਤਾ ਭਾਈ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਅੱਡਾ ਭਗਤਾ ਵਿਖੇ ਪੰਜਾਬੀ ਦੇ ਪ੍ਰਬੁੱਧ ਵਿਦਵਾਨ ਤੇ ਸਾਹਿਤਕਾਰ ਡਾ. ਲਾਭ ਸਿੰਘ ਖੀਵਾ ਦਾ ਰੂਬਰੂ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਆਗਾਜ਼ ਦੌਰਾਨ ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਅਤੇ ਸਰਪ੍ਰਸਤ ਬਲੌਰ ਸਿੰਘ ਸਿੱਧੂ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਮੰਚ ਸੰਚਾਲਨ ਕਰ ਰਹੇ ਸਾਹਿਤਕ ਮੰਚ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਨੇ ਡਾ. ਲਾਭ ਸਿੰਘ ਖੀਵਾ ਦੇ ਸਾਹਿਤਕ ਸਫ਼ਰ ਤੇ ਚਾਨਣਾ ਪਾਇਆ। ਡਾ. ਖੀਵਾ ਨੇ ਸਾਹਿਤ ਦੀ ਹਰ ਵਿਧਾ ਤੇ ਬੋਲਦਿਆਂ ਸਮਕਾਲੀ ਸਾਹਿਤ ਦੇ ਸਰੋਕਾਰਾਂ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਨਾਵਲ, ਕਹਾਣੀ ਤੇ ਕਵਿਤਾ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਉਸ ਦਾ ਬਿਰਤਾਂਤ, ਪਾਤਰਾਂ ਦੀ ਵਾਰਤਾਲਾਪ, ਸਥਾਨ ਚਿਤਰਣ ਪਾਠਕਾਂ ਨੂੰ ਇੱਕ ਸੁਨੇਹਾ ਦੇਣ ਵਾਲਾ ਹੋਣਾ ਚਾਹੀਦਾ ਹੈ। ਹਰ ਰਚਨਾ ਤਾਂ ਹੀ ਮਕਬੂਲ ਮੰਨੀ ਜਾਂਦੀ ਹੈ ਕਿ ਉਹ ਸਮਾਜ ਨੂੰ ਕੀ ਸੇਧ ਦਿੰਦੀ ਹੈ? ਪਾਠਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਡਾ. ਲਾਭ ਸਿੰਘ ਖੀਵਾ ਨੇ ਕਿਹਾ ਆਦਿ ਕਾਲ਼, ਮੱਧ ਕਾਲ਼ ਤੇ ਵਰਤਮਾਨ ਕਾਲ਼ ਦੀਆਂ ਸਮਾਜਿਕ ਆਰਥਿਕ ਤੇ ਰਾਜਨੀਤਕ ਸਥਿਤੀਆਂ ਉਸ ਸਮੇਂ ਦੇ ਰਚੇ ਹੋਏ ਜਾਂ ਰਚੇ ਜਾ ਰਹੇ ਸਾਹਿਤ ‘ਤੇ ਭਾਰੂ ਹੁੰਦੀਆਂ ਹਨ। ਆਦਿ ਕਾਲ਼ ਤੇ ਮੱਧ ਕਾਲ ਵਿੱਚ ਸਾਹਿਤ ਵਿੱਚ ਔਰਤ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਕਿਹਾ ਕਿ ਸਮਾਜਿਕ ਸਰੋਕਾਰਾਂ ਨੇ ਔਰਤ ਦੀ ਆਜ਼ਾਦੀ ਦੇ ਨਾਲ਼ ਨਾਲ਼ ਉਸ ਦੇ ਸੰਵੇਦਨਸ਼ੀਲ ਮਨ ਨੂੰ ਵੀ ਆਜ਼ਾਦ ਨਹੀਂ ਹੋਣ ਦਿੱਤਾ। ਇਸ ਸਮਾਗਮ ਵਿੱਚ ਬਠਿੰਡਾ ਸਾਹਿਤ ਸਭਾ ਤੋਂ ਭਾਰਤੀ ਸਾਹਿਤ ਅਕਾਦਮੀ ਦੇ ਸਲਾਹਕਾਰ ਮੈਂਬਰ ਅਤੇ ਉੱਘੇ ਸਾਹਿਤਕਾਰ ਜਸਪਾਲ ਮਾਨਖੇੜਾ, ਕਾਮਰੇਡ ਜਰਨੈਲ ਸਿੰਘ ਭਾਈ ਰੂਪਾ, ਰਣਵੀਰ ਰਾਣਾ, ਹਰਬੰਸ ਸਿੰਘ ਬਰਾੜ ਕੇਸਰ ਸਿੰਘ ਵਾਲਾ, ਗੁਰਦਰਸ਼ਨ ਸਿੰਘ ਲੁੱਧੜ ਤੇ ਰਾਜਵਿੰਦਰ ਰੌਂਤਾ ਪਹੁੰਚੇ ਹੋਏ ਸਨ। ਮੰਚ ਵੱਲੋਂ ਡਾ. ਖੀਵਾ ਤੇ ਉਨ੍ਹਾਂ ਦੀ ਸ਼ਾਰੀਕ-ਏ-ਹਿਯਾਤ ਸੱਚਪ੍ਰੀਤ ਕੌਰ ਖੀਵਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਖ਼ੀਰ ਵਿੱਚ ਮੰਚ ਦੇ ਮੀਤ ਪ੍ਰਧਾਨ ਹੰਸ ਸਿੰਘ ਸੋਹੀ ਤੇ ਪ੍ਰੈੱਸ ਸਕੱਤਰ ਰਾਜਿੰਦਰ ਸਿੰਘ ਮਰਾਹੜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਨਛੱਤਰ ਸਿੰਘ ਸਿੱਧੂ, ਰਜਿੰਦਰ ਕੌਰ, ਨਰਿੰਦਰ ਸਿੰਘ ਨਥਾਣਾ, ਗੁਲਜਾਰ ਸਿੰਘ, ਵਾਤਾਵਰਨ ਪ੍ਰੇਮੀ ਸਰਬਪਾਲ ਸ਼ਰਮਾ, ਮਾਸਟਰ ਸੁਰਜੀਤ ਸਿੰਘ, ਮਾਸਟਰ ਰਣਜੋਧ ਸਿੰਘ, ਹਰਜੀਤ ਸਿੰਘ ਨਾਥਪੁਰਾ, ਹੈਪੀ ਭਗਤਾ, ਵਾਤਾਵਰਨ ਪ੍ਰੇਮੀ ਸਰਬਪਾਲ ਸ਼ਰਮਾ, ਮਾਸਟਰ ਜੋਰਾ ਸਿੰਘ, ਨਵਜੋਤ ਰਾਣਾ, ਸੀਰਾ ਰੋਂਤਾ ਗਰੇਵਾਲ, ਮਾਸਟਰ ਅਮਰਜੀਤ ਸਿੰਘ ਤੇ ਸਿਕੰਦਰਦੀਪ ਸਿੰਘ ਰੂਬਲ ਹਾਜ਼ਰ ਸਨ।
ਕੈਪਸ਼ਨ: ਡਾ. ਲਾਭ ਸਿੰਘ ਖੀਵਾ ਦਾ ਸਨਮਾਨ ਕਰਦੇ ਸਾਹਿਤਕ ਮੰਚ ਭਗਤਾ ਭਾਈ ਦੇ ਮੈਂਬਰ।