ਅਕਸਰ ਹੀ ਵਰਤਮਾਨ ਵਿਚ ਸਾਡੇ ਸਮਾਜ ਵਿਚ ਫੈਲ ਰਹੀ— ਬੌਧਿਕ ਕਮੀਨਗੀ, ਵਹਿਸ਼ੀ ਵਿਵਹਾਰ, ਬੇਈਮਾਨ ਪਹੁੰਚ, ਚੌਧਰ ਦੀ ਭੁੱਖ ਅਤੇ ਮਾਨਸਿਕ ਮਲੀਨਤਾ ਦੀ ਚਰਚਾ ਹੁੰਦੀ ਰਹਿੰਦੀ ਹੈ। ਅੱਜ ਦਾ ਸਮਾਜ ਵਿਖਾਵੇਬਾਜ਼ੀ, ਗਰੁੱਪਬਾਜ਼ੀ ਅਤੇ ਮੁਕਾਬਲੇਬਾਜ਼ੀ ਨਾਲ ਭਰਿਆ ਪਿਆ ਹੈ, ਏਸ ਦੀ ਪਿੱਠ-ਭੂਮੀ ਵਿਚ ਕੋਝੇ ਵਰਤਾਰਿਆਂ ਦੀ ਭਰਮਾਰ ਹੈ। ਕਦੀ ਸੋਚਿਆ ਹੈ ਕਿ ਅਜਿਹਾ ਕਿਉਂ ਵਾਪਰ ਰਿਹਾ ਹੈ ? ਇਸ ਚਿੰਤਾਜਨਕ ਨਿਘਾਰ ਦਾ ਕਾਰਨ ਕੀ ਹੈ ? ਇਸ ਨਿਘਾਰ ਦੀਆਂ ਜੜ੍ਹਾਂ ਸਾਡੇ ਲੋਕਾਂ ਦੇ ਦੰਭੀ ਕਿਰਦਾਰ ਵਿਚ ਹਨ। ਪਖੰਡ ਦੇ ਬੋਲਬਾਲੇ ਵਿੱਚ ਤੁਹਾਨੂੰ ਚਾਰ ਈਮਾਨ ਅਤੇ ਇਖ਼ਲਾਕ ਵਾਲੇ ਲੋਕ ਲੱਭਣੇ ਔਖੇ ਹੋ ਜਾਣਗੇ। ਜਿੰਨਾ ਦੰਭ ਸਾਡੇ ਭਾਈਚਾਰੇ ਵਿਚ ਪਾਇਆ ਜਾਂਦਾ ਹੈ, ਸ਼ਾਇਦ ਹੀ ਕਿਸੇ ਹੋਰ ਸਮਾਜ ਵਿੱਚ ਹੋਵੇ।
ਠੱਗੀਆਂ ਠੋਰੀਆਂ ਮਾਰਨ ਵਾਲੇ ਟੂਰਨਾਮੈਂਟਾਂ ਵਿਚ ਖਿਡਾਰੀਆਂ ਨੂੰ ਸ਼ੀਲਡਾਂ ਦੇ ਰਹੇ ਹੁੰਦੇ ਹਨ। ਮਿਲਾਵਟੀ ਸਮਾਨ ਵੇਚਣ ਵਾਲੇ ਲੋਕ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਸਭ ਤੋਂ ਮੂਹਰੇ ਖੜੇ ਹੁੰਦੇ ਹਨ। ਆਪ ਲਵ ਮੈਰਿਜਾਂ ਕਰਵਾ ਕੇ ਬਾਹਰ ਪੁੱਜੀਆਂ ਬੀਬੀਆਂ ਮੁੱਛਲਾਂ ਵਾਲੀ ਬੱਚੀ ਦੇ ਕਤਲ ਨੂੰ ਸਹੀ ਆਖ ਰਹੀਆਂ ਹੁੰਦੀਆਂ ਹਨ। ਜਿਨ੍ਹਾ ਦੀ ਘਰੇ ਰੋਜ਼ ਕੁੱਤੇ-ਖਾਣੀ ਹੁੰਦੀ ਹੈ, ਉਹ ਘਰੇਲੂ ਹਿੰਸਾ ਦੇ ਖ਼ਿਲਾਫ਼ ਲਾਮਬੰਦੀ ਦੀ ਗੱਲ ਕਰਦੇ ਹਨ। ਦੋ-ਦੋ ਜ਼ਨਾਨੀਆਂ ਰੱਖਣ ਵਾਲੇ ਬੰਦੇ, ਮਨੁੱਖੀ ਬਰਾਬਰੀ ਅਤੇ ਨਾਰੀ ਚੇਤਨਾ ਦੀਆਂ ਗੱਲਾਂ ਕਰਦੇ ਹਨ। ਕਾਰਾਂ ਚੋਰੀ ਕਰਕੇ ਵੇਚਣ ਵਾਲੇ ਕਾਰ ਸੇਵਾ ਦੀ ਦੁਹਾਈ ਦੇ ਰਹੇ ਹਨ। ਇਸ ਸਭ ਕਾਸੇ ਦਾ ਇੱਕ ਦੁੱਖਦਾਈ ਪਹਿਲੂ ਇਹ ਵੀ ਹੈ ਕਿ ਅਸੀਂ ਇਹ ਸਭ ਕੁਝ ਵੇਖਦੇ ਹੋਏ ਜਾਂ ਤਾਂ ਮੀਸਨੀ ਚੁੱਪ ਵਿਚ ਵਿਚਰਦੇ ਹਾਂ, ਜਾਂ ਇਸ ਦੰਭ ਦੀ ਵਾਹ-ਵਾਹ ਕਰਦਿਆਂ ਇਸ ਦੀ ਪੁਸ਼ਤ-ਪਨਾਹੀ ਕਰਦੇ ਪਏ ਹਾਂ। ਸਾਡੀਆਂ ਸਾਹਿਤਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਿਚ ਅਜਿਹੇ ਹਜ਼ਾਰਾਂ ਹੀ ਚਿਹਰੇ ਮੁਖੌਟੇ ਪਾਈ ਤੁਰੇ ਫਿਰਦੇ ਹਨ। ਆਪਣੇ ਆਲੇ ਦੁਆਲੇ ਵੇਖੋ ਤਾਂ ਸਹੀ, ਕਿੰਨਾ ਦੰਭ ਪਸਰਿਆ ਪਿਆ ਹੈ ?
—ਸਰਬਜੀਤ ਸੋਹੀ