—-ਪੱਗ ਅਣਖ ਇੱਜਤ ਤੇ ਸਵੈਮਾਨ ਦੀ ਪ੍ਰਤੀਕ ਹੈ। ਪੰਜਾਬ ਵਿੱਚ ਪੁਰਾਣੇ ਸਮੇਂ ਤੋਂ ਹੀ ਪੱਗ ਵਟਾਉਣ ਦੀ ਰੀਤ ਪ੍ਰਚਲਤ ਹੈ। ਇਸ ਤਰ੍ਹਾਂ ਲੋਕ ਗੂੜ੍ਹੇ ਰਿਸ਼ਤੇ ਵਿੱਚ ਬੱਝ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਮਨੁੱਖ ਦਸਤਾਰ, ਰਫ਼ਤਾਰ ਅਤੇ ਗੁਫ਼ਤਾਰ ਤੋਂ ਪਛਾਣਿਆ ਜਾਂਦਾ ਹੈ। ਮਨੁੱਖੀ ਸ਼ਖ਼ਸੀਅਤ ਵਿੱਚ ਪਹਿਰਾਵੇ ਦੀ ਵਿਸ਼ੇਸ਼ ਮਹੱਤਤਾ ਹੈ ਖ਼ਾਸ ਕਰਕੇ ਦਸਤਾਰ (ਪੱਗ) ਦੀ। ਪੱਗ ਬੰਨਣ ਵਾਲ਼ੇ ਦਾ ਆਤਮ ਵਿਸ਼ਵਾਸ ਵੀ ਵਧਦਾ ਹੈ। ਧਾਰਮਿਕ ਨਿਸ਼ਾਨੀ ਹੋਣ ਦੇ ਨਾਲ਼ ਨਾਲ਼ ਦਸਤਾਰ ਦਾ ਸੱਭਿਆਚਾਰ ਵਿੱਚ ਵੀ ਮਹੱਤਵਪੂਰਨ ਸਥਾਨ ਰਿਹਾ ਹੈ। ‘ਦਸਤਾਰ’ ‘ਫ਼ਾਰਸੀ’ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਹੱਥਾਂ ਨਾਲ਼ ਸਵਾਰ ਕੇ ਬੰਨਿਆ ਵਸਤਰ। ਸੰਸਕ੍ਰਿਤ ਵਿੱਚ ਇਸ ਨੂੰ ਉਸ਼ਣੀਸ਼, ਪੁਰਤਗਾਲੀ, ਜਰਮਨੀ, ਸਪੇਨ ਤੇ ਇਤਾਲਵੀ ਵਿੱਚ ਟਰਬਾਂਦੇ, ਫਰੈਂਚ ਵਿੱਚ ਟਲਬੈਂਡ, ਤੁਰਕੀ ਵਿੱਚ ਸਾਰੀਕ, ਲਾਤੀਨੀ ਭਾਸ਼ਾ ਵਿੱਚ ਮਾਈਟਰ, ਫਰਾਂਸੀਸੀ ਵਿੱਚ ਟਬੰਦ ਰੁਮਾਨੀ ਵਿੱਚ ਤੁਲੀਪਾਨ, ਇਰਾਨੀ ਵਿੱਚ ਸੁਰਬੰਦ ਅਤੇ ਅੰਗਰੇਜ਼ੀ ਵਿੱਚ ਟਰਬਨ ਕਿਹਾ ਜਾਂਦਾ ਹੈ।
12ਵੀਂ ਸਦੀ ਤੱਕ ਜਦੋਂ ਉਤਰੀ ਤੇ ਮੱਧ ਹਿੰਦੁਸਤਾਨ ਉੱਤੇ ਮੁਸਲਮਾਨਾਂ ਨੇ ਕਬਜ਼ਾ ਕੀਤਾ ਤਾਂ ਦਸਤਾਰ ਉਹਨਾਂ ਦੇ ਪਹਿਰਾਵੇ ਵਿੱਚ ਸ਼ਾਮਲ ਸੀ। ਕੁਝ ਸਮਾਜ ਸ਼ਾਸਤਰੀਆਂ ਦਾ ਵਿਚਾਰ ਹੈ ਕਿ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਵੀ ਇਸ ਖੇਤਰ ਦੇ ਲੋਕ ਵੱਡੀਆਂ ਵੱਡੀਆਂ ਪੱਗਾਂ ਬੰਨਦੇ ਸਨ। ਹੁਣ ਵੀ ਤੁਸੀਂ ਘਰਾਂ ਵਿੱਚ ਹਿੰਦੂ ਬਜ਼ੁਰਗਾਂ ਦੀਆਂ ਪੁਰਾਣੀਆਂ ਤਸਵੀਰਾਂ ਵਿੱਚ ਪੱਗ ਬੰਨੀ ਦੇਖ ਸਕਦੇ ਹੋ।
ਪੰਜਾਬੀ ਪਹਿਰਾਵੇ ਦੀ ਅਸਲ ਪਹਿਚਾਣ ਦਸਤਾਰ ਹੈ। ਇਹ ਪੁਰਾਤਨ ਸਮੇਂ ਤੋਂ ਹੀ ਬੱਝਦੀ ਆਈ ਹੈ। ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਦਸਤਾਰ ਬੰਨ੍ਹਣ ਦੇ ਪ੍ਰਮਾਣ ਮਿਲਦੇ ਹਨ। ਪਰ ਪੰਜਾਬੀਆਂ ਨੇ ਇਸ ਨੂੰ ਵਿਸ਼ੇਸ਼ ਸਥਾਨ ਦਿੱਤਾ ਹੈ। ਪੰਜਾਬ ਦੀਆਂ ਕਈ ਇਤਿਹਾਸ ਕਦਰਾਂ ਕੀਮਤਾਂ ਤੇ ਭਾਵਨਾਵਾਂ ਦਸਤਾਰ ਨਾਲ਼ ਜੁੜੀਆਂ ਹੋਈਆਂ ਹਨ। ਦਸਤਾਰ ਪੰਜਾਬੀਆਂ ਦੀ ਅਣਖ ਤੇ ਇੱਜ਼ਤ ਦਾ ਚਿੰਨ੍ਹ ਹੈ। ਕਿਸੇ ਨੂੰ ਵਡੇਰੀ ਜ਼ਿੰਮੇਵਾਰੀ ਦੇਣੀ ਹੋਵੇ ਤਾਂ ਉਸ ਦੇ ਪੱਗ ਬੰਨ੍ਹੀ ਜਾਂਦੀ ਹੈ।
1699 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਾਜਣ ਤੇ ਦਸਤਾਰ ਦਾ ਮੁਕਾਮ ਧਾਰਮਿਕਤਾ ਨਾਲ਼ ਵੀ ਜੁੜ ਗਿਆ। ਸਿੱਖ ਧਰਮ ਵਿੱਚ ਦਸਤਾਰ ਕਈ ਢੰਗਾਂ ਨਾਲ਼ ਸਜਾਈ ਜਾਂਦੀ ਹੈ। ਨਿਹੰਗ ਸਿੰਘਾਂ ਦੀ ਦਸਤਾਰ ਨੂੰ ਦੁਮਾਲਾ ਕਿਹਾ ਜਾਂਦਾ ਹੈ।
ਭਾਵੇਂ ਕਿ ਨਿਸ਼ਚਿਤ ਰੂਪ ਵਿੱਚ ਇਹ ਕਹਿਣਾ ਔਖਾ ਹੈ ਕਿ ਦਸਤਾਰ ਦੀ ਸ਼ੁਰੂਆਤ ਕਦੋਂ ਹੋਈ। ਦਸਤਾਰ ਈਸਾ ਮਸੀਹ ਤੋਂ ਹਜ਼ਾਰਾਂ ਸਾਲ ਪਹਿਲਾਂ ਵੀ ਬੰਨ੍ਹੀ ਜਾਂਦੀ ਰਹੀ ਹੈ। ਬਾਈਬਲ ਵਿੱਚ ਕਿੰਨੀ ਵਾਰ ਹੀ ਦਸਤਾਰ ਬੰਨ੍ਹਣ ਦਾ ਜ਼ਿਕਰ ਆਉਂਦਾ ਹੈ। ਈਸਾ ਤੋਂ 1300 ਸਾਲ ਪਹਿਲਾਂ ਯਹੂਦੀ ਲੋਕ ਪੱਗਾਂ ਬੰਨਦੇ ਸਨ। 1422 ਵਿੱਚ ਜੈਨ ਵੈਨ ਆਈਨ ਦਾ ਇੱਕ ਚਿਤਰ ‘ਮੈਨ ਵਿਦ ਏ ਟਰਬਨ’ ਦੁਨੀਆ ਭਰ ਵਿੱਚ ਮਕਬੂਲ ਹੈ। ਪੂਰਵੀ ਅਤੇ ਮਧ ਏਸ਼ੀਆ ਮੁਲਕਾਂ ਦੇ ਲੋਕ ਮੁੱਢ ਕਦੀਮਾਂ ਤੋਂ ਹੀ ਪੱਗਾਂ ਬੰਨ੍ਹਦੇ ਸਨ। ਅਜੰਤਾ ਅਲੋਰਾਂ ਦੀਆਂ ਗੁਫਾਵਾਂ ਵਿੱਚ ਵੀ ਇਸਦੇ ਪ੍ਰਮਾਣ ਮਿਲਦੇ ਹਨ। ਆਰੀਆ ਲੋਕਾਂ ਵਿੱਚ ਵੀ ਪਗੜੀ ਬੰਨ੍ਹਣ ਦੇ ਪ੍ਰਮਾਣ ਮਿਲਦੇ ਹਨ। ਮੁਸਲਮਾਨੀ ਸੱਭਿਆਚਾਰ ਵਿੱਚ ਵੀ ਦਸਤਾਰ ਬੰਨਣ ਦੇ ਪ੍ਰਮਾਣ ਮਿਲਦੇ ਹਨ। ਇਸਲਾਮ ਧਰਮ ਵਿੱਚ ਪਗੜੀ ਦੀ ਵਿਸ਼ੇਸ਼ ਮਹੱਤਤਾ ਰਹੀ ਹੈ। ਪੈਗ਼ੰਬਰ ਮੁਹੰਮਦ ਸਾਹਿਬ ਖ਼ੁਦ ਦਸਤਾਰ ਸਜਾਉਂਦੇ ਸਨ। ਪੈਗ਼ੰਬਰ ਸਾਹਿਬ ਖ਼ੁਦ ਸੀਰੀਆ ਵਿੱਚ ਪੱਗਾਂ ਦਾ ਵਪਾਰ ਕਰਦੇ ਸਨ ਅਤੇ ਅਤੇ ਪੱਗਾਂ ਦਾ ਨਿਰਯਾਤ ਬਸਰੇ ਨੂੰ ਕਰਦੇ ਸਨ। ਮੁਸਲਿਮ ਧਰਮ ਜਿੱਥੇ ਜਿੱਥੇ ਵੀ ਫੈਲਿਆ ਪੱਗ ਉਥੇ ਉਥੇ ਹੀ ਪਹੁੰਚਦੀ ਗਈ। ਤੁਰਕੀ ਸਮੇਤ ਕਈ ਦੇਸ਼ਾਂ ਵਿੱਚ ਪੱਗ ਸੱਤਾ ਅਤੇ ਇੱਜ਼ਤ ਦੀ ਪ੍ਰਤੀਕ ਬਣ ਗਈ ਹੈ। ਇਸਲਾਮੀ ਦੁਨੀਆ ਵਿੱਚ ਤਾਜ ਦੀ ਥਾਂ ਦਸਤਾਰ ਸਜਾਏ ਜਾਣ ਦੀ ਵੀ ਰੀਤ ਚੱਲੀ।
ਪੰਜਾਬ ਤੋਂ ਬਿਨਾਂ ਬੰਗਾਲ, ਬਿਹਾਰ, ਗੁਜਰਾਤ, ਮਹਾਰਾਸ਼ਟਰ, ਰਾਜਸਥਾਨ ਆਦਿ ਰਾਜਾਂ ਵਿੱਚ ਵੀ ਆਪੋ ਆਪਣੇ ਢੰਗ ਨਾਲ਼ ਪੱਗ ਬੰਨ੍ਹੀ ਜਾਂਦੀ ਹੈ। ਹਿੰਦੁਸਤਾਨ ਵਿੱਚ ਦਸਤਾਰ ਲਈ ਪੱਗ, ਪਗੜੀ, ਸਾਫਾ, ਪਰਨਾ, ਸੇਲਾ, ਸ਼ਮਲਾ, ਚੀਰਾ ਅਤੇ ਸਰਪੇਚ ਸ਼ਬਦ ਵੀ ਵਰਤੇ ਜਾਂਦੇ ਹਨ। ਕਈ ਮਹਾਨ ਵਿਅਕਤੀਆਂ ਦੀ ਪਹਿਚਾਣ ਵੀ ਪੱਗ ਨਾਲ਼ ਜੁੜੀ ਹੋਈ ਹੈ, ਜਿਵੇਂ ਸੁਆਮੀ ਵਿਵੇਕਾਨੰਦ, ਸੀ. ਵੀ. ਰਮਨ, ਡਾ. ਰਾਧਾ ਕ੍ਰਿਸ਼ਨ, ਸੁਆਮੀ ਅਗਨੀ ਵੇਸ਼ ਆਦਿ।
ਪੱਗ ਸਰਦਾਰ ਦੀ ਨਿਸ਼ਾਨੀ ਹੈ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਸਿਰਫ਼ ਰਾਜੇ ਮਹਾਰਾਜੇ ਹੀ ਪਗੜੀ ਬੰਨ੍ਹ ਸਕਦੇ ਸਨ। ਹੁਣ ਸਾਰੇ ਲੋਕ ਬੜੀ ਸ਼ਾਨ ਨਾਲ਼ ਆਪਣੇ ਸਿਰ ਤੇ ਦਸਤਾਰ ਸਜਾਉਂਦੇ ਹਨ। ਬਹੁਤ ਸਾਰੇ ਲੋਕ ਵੱਖ-ਵੱਖ ਕਿਸਮਾਂ ਦੀਆਂ ਪੱਗਾਂ ਬੰਨ੍ਹਦੇ ਹਨ। ਪੰਜਾਬ ਵਿੱਚ ਆਮ ਕਰਕੇ ਮਰਦਾਂ ਦੀ ਦੂਹਰੀ ਪੱਟੀ ਜਾਂ ਨੋਕਦਾਰ ਪਗੜੀ ਬੰਨ੍ਹੀ ਜਾਂਦੀ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰੀ ਦੁਮਾਲਾ, ਦੁਮਾਲਾ, ਕੇਸਕੀ, ਪਟਕਾ, ਪਟਿਆਲਾ ਸ਼ਾਹੀ ਅਤੇ ਪੋਚਵੀ ਪੱਗ ਵੀ ਬੰਨ੍ਹੀ ਜਾਂਦੀ ਹੈ।
ਪੰਜਾਬੀ ਲੋਕ ਗੀਤਾਂ ਅਤੇ ਬੋਲੀਆਂ ਵਿੱਚ ਵੀ ਪੱਗ ਦਾ ਬੜਾ ਸੋਹਣਾ ਜ਼ਿਕਰ ਆਉਂਦਾ ਹੈ।
— ਜਗਤਾਰ ਸਿੰਘ ਸੋਖੀ
ਫ਼ੋਨ : 9417166386
ਸਾਡੀ ਰਹਿਤਲ ਦੀ ਸ਼ਾਨ ਦਸਤਾਰ (ਪੱਗ)
Leave a comment