ਮਾਲੀ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਲਈ ਧਰਨਾ ਅੱਜ
27 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਕੱਲ ਨੂੰ ਡੀਸੀ ਦਫ਼ਤਰ ਮਾਨਸਾ ਸਾਹਮਣੇ ਸਿਆਸੀ ਚਿੰਤਕ ਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਨੂੰ ਲੈਕੇ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਹੋਈ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਵਿੱਚ ਧਰਨੇ ਦੀ ਤਿਆਰੀ ਦਾ ਜਾਇਜ਼ਾ ਲਿਆ ਗਿਆ।
ਕਾਮਰੇਡ ਨਛੱਤਰ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ
ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ ਇਸ ਮੀਟਿੰਗ ਵਿੱਚ ਸਮੂਹ ਇਨਸਾਫ ਪਸੰਦ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਤੇ ਵਿਅਕਤੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਮਾਲੀ ਸਮੇਤ ਮਾਨ ਸਰਕਾਰ ਵਲੋਂ ਅਪਣੀਆਂ ਅਸਫ਼ਲਤਾਵਾਂ ਤੇ ਨਾਲਾਇਕੀਆਂ ਬਾਰੇ ਸੁਆਲ ਉਠਾਉਂਣ ਵਾਲੇ ਸਿਆਸੀ ਆਗੂਆਂ, ਆਲੋਚਕਾਂ ਤੇ ਪੱਤਰਕਾਰਾਂ ਦੀ ਜ਼ੁਬਾਨਬੰਦੀ ਲਈ ਵਰਤੇ ਜਾ ਰਹੇ ਜਾਬਰ ਹੱਥਕੰਡਿਆਂ ਖਿਲਾਫ ਆਵਾਜ਼ ਉਠਾਉਣ ਲਈ ਧਰਨੇ ਵਿੱਚ ਸ਼ਾਮਲ ਹੋਣ। ਪੱਤਰਕਾਰ ਯੂਨੀਅਨ ਸਮੇਤ ਵੱਖ ਵੱਖ ਕਿਸਾਨ ਮਜ਼ਦੂਰ ਤੇ ਹੋਰ ਸਮਾਜਿਕ ਸਿਆਸੀ ਜਥੇਬੰਦੀਆਂ ਨੇ ਧਰਨੇ ਨੂੰ ਭਰਪੂਰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਮੀਟਿੰਗ ਵਿੱਚ ਸੁਖਦਰਸ਼ਨ ਸਿੰਘ ਨੱਤ, ਕ੍ਰਿਸ਼ਨ ਚੌਹਾਨ, ਡਾਕਟਰ ਧੰਨਾ ਮੱਲ ਗੋਇਲ, ਸੁਰਿੰਦਰ ਪਾਲ ਸ਼ਰਮਾ, ਹਰਗਿਆਨ ਸਿੰਘ ਢਿੱਲੋਂ, ਗੋਰਾ ਲਾਲ ਅਤਲਾ, ਰਾਜਵਿੰਦਰ ਮੀਰ, ਘਣਸ਼ਾਮ ਨਿੱਕੂ, ਰਵੀ ਖਾਨ, ਗੁਰਨਾਮ ਸਿੰਘ ਭੀਖੀ, ਮਹਿੰਦਰ ਸਿੰਘ ਭੈਣੀ ਬਾਘਾ, ਲਖਬੀਰ ਸਿੰਘ ਅਕਲੀਆ, ਅਮਰੀਕ ਸਿੰਘ ਫਫੜੇ ਤੇ ਹੋਰ ਆਗੂ ਸ਼ਾਮਲ ਸਨ।
ਮੀਟਿੰਗ ਨੇ ਪਿਛਲੇ ਦਿਨੀਂ ਵਿਛੜ ਗਏ ਬਜ਼ੁਰਗ ਨਕਸਲੀ ਆਗੂ ਜਗਜੀਤ ਸਿੰਘ ਸੋਹਲ ਨੂੰ ਸ਼ਰਧਾਂਜਲੀਊ ਭੇਟ ਕੀਤੀ ਅਤੇ ਝੋਨੇ ਦੀ ਖਰੀਦ ਦੇ ਸੁਆਲ ਤੇ ਮਾਨ ਸਰਕਾਰ ਦੀ ਨਾਲਾਇਕੀ ਅਤੇ ਮੋਦੀ ਸਰਕਾਰ ਦੀਆਂ ਕਿਸਾਨ ਦੋਖੀ ਸਾਜਿਸ਼ਾਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਸਾਨ ਅੰਦੋਲਨ ਦੀ ਪੂਰਨ ਹਿਮਾਇਤ ਕੀਤੀ।