–ਡਿਪਟੀ ਕਮਿਸ਼ਨਰ ਵੱਲੋਂ ਘਰ ਘਰ ਜਾ ਕੇ ਵੋਟਰ ਰੇਜਿਸਟ੍ਰੇਸ਼ਨ ਕਰਵਾਉਣ ਦੇ ਨਿਰਦੇਸ਼
4 ਫਰਵਰੀ (ਗਗਨਦੀਪ ਸਿੰਘ) ਬਰਨਾਲਾ: ਡਿਪਟੀ ਕਮਿਸ਼ਨਰ, ਬਰਨਾਲਾ ਸ਼੍ਰੀ ਜਤਿੰਦਰ ਜੋਰਵਾਲ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ਦੀ ਵੋਟਰ ਸੂਚੀ ਦੀ ਤਿਆਰੀ ਦੇ ਸਬੰਧ ਵਿੱਚ ਬੈਠਕ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦਿਸ਼ਾ ਨਿਰਦੇਸ਼ ਦਿੱਤੇ ਕਿ ਵੋਟਰ ਸੂਚੀ ਨੂੰ ਸਾਫ ਸੁਥਰਾ ਅਤੇ ਵੱਧ ਤੋਂ ਵੱਧ ਯੋਗ ਰਜਿਸਟਰੇਸ਼ਨ ਕਰਵਾਉਣ ਉੱਤੇ ਨਿਰੰਤਰ ਕੰਮ ਕੀਤਾ ਜਾਵੇ। ਉਨ੍ਹਾਂ ਜ਼ਿਲ੍ਹਾ ਬਰਨਾਲਾ ਸਮੂਹ ਤਹਿਸੀਲਦਾਰ (ਮਾਲ ਵਿਭਾਗ), ਨਾਇਬ ਤਹਿਸੀਲਦਾਰ, ਕਾਨੂੰਗੋ (ਮਾਲ ਵਿਭਾਗ) ਅਤੇ ਸਮੂਹ ਪਟਵਾਰੀਆਂ ਨੂੰ ਵਿਸ਼ੇਸ਼ ਕੈਂਪ ਲਗਾਉਣ ਅਤੇ ਘਰ-ਹਰ ਜਾ ਕੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਦੀ ਮੁਹਿੰਮ ਵਿੱਢਣ ਲਈ ਕਿਹਾ।ਸ਼੍ਰੀ ਜੋਰਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ਦੀ ਵੋਟਰ ਸੂਚੀ ਲਈ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ ਵੱਧ ਤੋਂ ਵੱਧ ਵੋਟਰ ਰਜਿਸਟਰੇਸ਼ਨ ਲਈ ਮੁਨਾਦੀ ਕਰਵਾਈ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਸ ਸਤਵੰਤ ਸਿੰਘ ਨੇ ਇਸ ਕੰਮ ਨੂੰ ਵੱਲੋਂ ਸਮੂਹ ਸਬੰਧਤਾਂ ਨੂੰ ਸਮੇਂ ਸਰ ਨੇਪਰੇ ਚਾੜ੍ਹਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਨੂੰ ਸਾਫ ਸੁਥਰਾ ਅਤੇ ਕਮਿਸ਼ਨਰ, ਚੋਣਾਂ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਹਦਾਇਤਾਂ ਅਨੁਸਾਰ ਕੇਸਾਧਾਰੀ ਵੋਟ ਬਣਾਈ ਜਾਵੇ। ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਸਮੂਹ ਤਹਿਸੀਲਦਾਰ, ਚੋਣ ਤਹਿਸੀਲਦਾਰ ਅਤੇ ਹੋਰ ਅਮਲਾ ਵੀ ਮੌਜੂਦ ਸੀ।